
ਬਰਨਾਲਾ, 25 ਨਵੰਬਰ (ਹਿੰ. ਸ.)। ਪੰਜਾਬ ਸਰਕਾਰ ਦੇ ਡੇਅਰੀ ਵਿਕਾਸ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਅਤੇ ਡਾਇਰੈਕਟਰ ਡੇਅਰੀ ਵਿਕਾਸ ਵਿਭਾਗ ਕੁਲਦੀਪ ਸਿੰਘ ਜੱਸੋਵਾਲ ਦੀ ਯੋਗ ਅਗਵਾਈ ਹੇਠ ਐਸ ਸੀ ਸਿਖਿਆਰਥੀਆਂ ਲਈ ਦੋ ਹਫ਼ਤੇ ਲਈ ਮੁਫ਼ਤ ਸਿਖਲਾਈ ਦਾ ਤੀਜਾ ਬੈਚ ਮਿਤੀ 1 ਦਸੰਬਰ 2025 ਤੋਂ ਸ਼ੁਰੂ ਕੀਤਾ ਜਾ ਰਿਹਾ ਹੈ ਜਿਸ ਵਿਚ ਜ਼ਿਲ੍ਹਾ ਬਰਨਾਲਾ ਦੇ ਸਿਖਿਆਰਥੀ ਡੇਅਰੀ ਸਿਖ਼ਲਾਈ ਕੇਂਦਰ ਸੰਗਰੂਰ ਵਿਖੇ ਟ੍ਰੇਨਿੰਗ ਪ੍ਰਾਪਤ ਕਰ ਸਕਦੇ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਡਾਇਰੈਕਟਰ ਡੇਅਰੀ ਬਰਨਾਲਾ ਸੁਰਿੰਦਰ ਸਿੰਘ ਨੇ ਦੱਸਿਆ ਕਿ ਸਕੀਮ ਫ਼ਾਰ ਪ੍ਰੋਮੋਸ਼ਨ ਆਫ਼ ਡੇਅਰੀ ਫ਼ਾਰਮਿੰਗ ਐਜ ਲਵਲੀਹੁਡ ਫ਼ਾਰ ਐਸ ਸੀ ਬੈਨੀਫ਼ਿਸ਼ਰੀ ਸਕੀਮ ਅਧੀਨ ਚਲਾਏ ਜਾਣ ਵਾਲੇ ਪਹਿਲੇ ਬੈਚ ਦੀ ਕਾਊਸਲਿੰਗ ਮਿਤੀ 27 ਨਵੰਬਰ 2025 ਨੂੰ ਦਫ਼ਤਰ ਡਿਪਟੀ ਡਾਇਰੈਕਟਰ ਡੇਅਰੀ, ਬਰਨਾਲਾ ਵਿਚ ਕੀਤੀ ਜਾਵੇਗੀ । ਉਨ੍ਹਾਂ ਦਸਿਆ ਕਿ ਇਸ ਟ੍ਰੇਨਿੰਗ 'ਚ ਭਾਗ ਲੈਣ ਵਾਲਾ ਸਿਖਿਆਰਥੀ ਐਸ ਸੀ ਜਾਤੀ ਨਾਲ ਸਬੰਧਤ ਹੋਵੇ ਅਤੇ ਪੇਂਡੂ ਖੇਤਰ ਦਾ ਵਸਨੀਕ ਹੋਵੇ ਅਤੇ ਘੱਟੋ-ਘੱਟ ਪੰਜਵੀਂ ਪਾਸ ਹੋਵੇ, ਉਮਰ 18 ਸਾਲ ਤੋਂ ਵੱਧ ਹੋਵੇ ਅਤੇ 55 ਸਾਲ ਤੋਂ ਘੱਟ ਹੋਵੇ। ਚਾਹਵਾਨ ਸਿਖਿਆਰਥੀ ਆਪਣੇ ਦਸਤਾਵੇਜ਼ ਜਿਵੇਂ ਯੋਗਤਾ ਸਰਟੀਫ਼ਿਕੇਟ, ਆਧਾਰ ਕਾਰਡ, ਜਾਤੀ ਸਰਟੀਫ਼ਿਕੇਟ ਅਤੇ 1 ਪਾਸਪੋਰਟ ਸਾਇਜ਼ ਫ਼ੋਟੋ ਲੈ ਕੇ ਦਫ਼ਤਰ 'ਚ ਆਉਣ।
ਉਨ੍ਹਾਂ ਹੋਰ ਦਸਿਆ ਕਿ ਇਸ ਵਿਚ ਦੁਧਾਰੂ ਪਸ਼ੂਆਂ ਦੀ ਖਰੀਦ ਤੋਂ ਲੈ ਕੇ ਰੱਖ-ਰਖਾਵ, ਖਾਧ ਖੁਰਾਕ, ਨਸਲ ਸੁਧਾਰ, ਸਾਂਭ ਸੰਭਾਲ ਅਤੇ ਸੁੱਚਜੇ ਮੰਡੀਕਰਨ ਦੀਆਂ ਨਵੀਨਤਮ ਤਕਨੀਕਾਂ ਬਾਰੇ ਜਾਣਕਾਰੀ ਦਿੱਤੀ ਜਾਵੇਗੀ। ਉਨ੍ਹਾਂ ਦਸਿਆ ਕਿ ਇਸ ਸਕੀਮ ਅਧੀਨ ਭਾਗ ਲੈਣ ਵਾਲੇ ਐਸ ਸੀ ਸਿਖਿਆਰਥੀਆਂ ਨੂੰ ਵਿਭਾਗ ਵਲੋਂ 3500 ਰੁਪਏ ਵਜੀਫ਼ਾ ਵੀ ਦਿੱਤਾ ਜਾਵੇਗਾ ਅਤੇ ਉਨ੍ਹਾਂ ਦਾ ਡੇਅਰੀ ਯੂਨਿਟ 2,5,10 ਪਸ਼ੂਆਂ ਤੱਕ ਬਣਾਉਣ 'ਤੇ 33 ਪ੍ਰਤੀਸ਼ਤ ਸਬਸਿਡੀ ਵੀ ਦਿਤੀ ਜਾਵੇਗੀ। ਉਨ੍ਹਾਂ ਸਮੂਹ ਚਾਹਵਾਨ ਅਨੁਸੂਚਿਤ ਜਾਤੀਆਂ ਨਾਲ ਸਬੰਧਤ ਸਿਖਿਆਰਥੀ/ਦੁੱਧ ਉਤਪਾਦਕਾਂ ਨੂੰ ਅਪੀਲ ਕੀਤੀ ਕਿ ਉਹ ਜਲਦੀ ਤੋਂ ਜਲਦੀ ਆਪਣੇ ਆਪ ਨੂੰ ਇਸ ਸਿਖ਼ਲਾਈ ਪ੍ਰੋਗਰਾਮ ਵਿਚ ਦਾਖ਼ਲ ਕਰਵਾ ਕੇ ਵਿਭਾਗ ਵੱਲੋਂ ਦਿੱਤੀਆਂ ਜਾਂਦੀਆਂ ਸਹੂਲਤਾਂ ਦਾ ਵੱਧ ਤੋ ਵੱਧ ਲਾਭ ਉਠਾਉਣ। ਹੋਰ ਵਧੇਰੇ ਜਾਣਕਾਰੀ ਲੈਣ ਲਈ 96462-33999, 97812-25425 ਜਾਂ 70099-32439 'ਤੇ ਸੰਪਰਕ ਕੀਤਾ ਜਾ ਸਕਦਾ ਹੈ ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ