
ਤਰਨਤਾਰਨ 26 ਨਵੰਬਰ (ਹਿੰ. ਸ.)। ਸਿੱਖਿਆ ਵਿਭਾਗ ਵੱਲੋਂ ਵਿਦਿਆਰਥੀਆਂ ਦੇ ਹੁਨਰ ਅਤੇ ਮਾਨਸਿਕ ਰੁਚੀਆਂ ਨੂੰ ਪਰਖਣ ਦੇ ਉਦੇਸ਼ ਨਾਲ ਇੱਕ ਅਹਿਮ ਕਦਮ ਚੁੱਕਿਆ ਗਿਆ ਹੈ। ਸਾਲ 2025-26 ਦੇ ਸੈਸ਼ਨ ਦੌਰਾਨ ਜ਼ਿਲ੍ਹਾ ਤਰਨਤਾਰਨ ਦੇ.ਸਰਕਾਰੀ ਸਕੂਲਾਂ ਵਿੱਚ ਪੜ੍ਹ ਰਹੀਆਂ ਦਸਵੀਂ ਜਮਾਤ ਦੀਆਂ ਵਿਦਿਆਰਥਣਾਂ ਦਾ 'ਸਾਈਕੋਮੈਟ੍ਰਿਕ ਟੈਸਟ' ਕਰਵਾਇਆ ਜਾਵੇਗਾ।
ਇਸ ਪ੍ਰੋਜੈਕਟ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਲਈ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਸਤਨਾਮ ਸਿੰਘ ਬਾਠ ਦੀ ਯੋਗ ਅਗਵਾਈ ਹੇਠ ਇੱਕ ਵਿਸ਼ੇਸ਼ ਮੀਟਿੰਗ ਹੋਈ। ਇਸ ਮੀਟਿੰਗ ਵਿੱਚ ਜ਼ਿਲ੍ਹਾ ਪੱਧਰੀ ਕਮੇਟੀ ਦੇ ਮੈਂਬਰਾਂ ਨੇ ਸ਼ਮੂਲੀਅਤ ਕੀਤੀ, ਜਿਨ੍ਹਾਂ ਵਿੱਚ ਸਕੂਲ ਆਫ਼ ਐਮੀਨੈਂਸ ਖਡੂਰ ਸਾਹਿਬ ਦੇ ਪ੍ਰਿੰਸੀਪਲ ਗੁਰਦੀਪ ਸਿੰਘ, ਸ੍ਰੀ ਗੁਰੂ ਅੰਗਦ ਦੇਵ ਬੀ.ਐੱਡ. ਕਾਲਜ ਖਡੂਰ ਸਾਹਿਬ ਦੇ ਪ੍ਰਿੰਸੀਪਲ ਡਾ. ਸਿਮਰਪ੍ਰੀਤ ਕੌਰ, ਜ਼ਿਲ੍ਹਾ ਗਾਈਡੇਂਸ ਕਾਊਂਸਲਰ ਸੁਖਬੀਰ ਸਿੰਘ ਕੰਗ ਅਤੇ ਜੂਨੀਅਰ ਸਹਾਇਕ ਤਰਸੇਮ ਸਿੰਘ ਸ਼ਾਮਲ ਸਨ। ਮੀਟਿੰਗ ਦੌਰਾਨ ਟੈਸਟ ਕਰਵਾਉਣ ਸਬੰਧੀ ਵਿਸਥਾਰਪੂਰਵਕ ਵਿਚਾਰ ਚਰਚਾ ਕੀਤੀ ਗਈ। ਅਧਿਕਾਰੀਆਂ ਨੇ ਦੱਸਿਆ ਕਿ ਇਹ ਟੈਸਟ ਜ਼ਿਲ੍ਹਾ ਪੱਧਰੀ ਕਮੇਟੀ ਦੀ ਸਖ਼ਤ ਨਿਗਰਾਨੀ ਹੇਠ ਕਰਵਾਇਆ ਜਾਵੇਗਾ। ਇਹ ਜ਼ਿੰਮੇਵਾਰੀ ਵਿਭਾਗ ਦੀਆਂ ਸ਼ਰਤਾਂ ਪੂਰੀਆਂ ਕਰਨ ਵਾਲੀਆਂ ਰਜਿਸਟਰਡ ਏਜੰਸੀਆਂ ਨੂੰ ਸੌਂਪੀ ਜਾਵੇਗੀ। ਵਿਭਾਗ ਦੇ ਨਿਰਦੇਸ਼ਾਂ ਅਨੁਸਾਰ, ਇਸ ਕਾਰਜ ਲਈ ਯੋਗ ਅਤੇ ਰਜਿਸਟਰਡ ਏਜੰਸੀਆਂ ਨੂੰ 27 ਨਵੰਬਰ ਨੂੰ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ ਸਿੱਖਿਆ) ਤਰਨਤਾਰਨ ਦੇ ਦਫ਼ਤਰ ਵਿਖੇ ਬੁਲਾਇਆ ਗਿਆ ਹੈ, ਤਾਂ ਜੋ ਅਗਲੇਰੀ ਰੂਪ-ਰੇਖਾ ਉਲੀਕੀ ਜਾ ਸਕੇ।
ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਤਿਨਾਮ ਸਿੰਘ ਨੇ ਦੱਸਿਆ ਕਿ ਸਾਈਕੋਮੈਟਰਿਕ ਟੈਸਟ ਇਕ ਵਿਗਿਆਨਕ ਤਰੀਕੇ ਨਾਲ ਤਿਆਰ ਕੀਤਾ ਗਿਆ ਮਨੋਵਿਗਿਆਨਕ ਮੁਲਾਕਣ ਹੁੰਦਾ ਹੈ, ਜਿਸ ਦਾ ਮਕਸਦ ਕਿਸੇ ਵਿਅਕਤੀ ਦੀ ਬੁੱਧੀ,
ਵਿਅਕਤੀਗਤ ਵਿਸ਼ੇਸ਼ਤਾਵਾਂ, ਰੁਚੀਆ, ਵਿਵਹਾਰਕ ਢੰਗ, ਯੋਗਤਾਵਾਂ ਤੇ ਸਮਝਣ ਦੀ ਸਮਰੱਥਾ ਦਾ ਅੰਦਾਜ਼ਾ ਲਗਾਉਣਾ ਹੁੰਦਾ ਹੈ। ਇਹ ਟੈਸਟ ਆਮ ਤੌਰ 'ਤੇ ਦੋ ਮੁੱਖ ਕਿਸਮਾ ਦੇ ਹੁੰਦੇ ਹਨ।
ਐਪਟੀਟਿਊਡ ਟੈਸਟ: ਇਹ ਟੈਸਟ ਕਿਸੇ ਵਿਅਕਤੀ ਦੀ ਬੌਧਿਕ ਸਮਰੱਥਾ ਜਾ ਕੌਸ਼ਲ ਨੂੰ ਮਾਪਦੇ ਹਨ। ਜਿਵੇਂ ਕਿਸੇ ਮਨੁੱਖ 'ਚ ਤਰਕਸ਼ੀਲ ਸੋਚ, ਗਿਣਤੀ ਸਮਰੱਥਾ ਜਾ ਭਾਸ਼ਾ ਦੀ ਸਮਝ ਤੇ ਡਾਟਾ ਇੰਟਰਪ੍ਰੀਟੇਸ਼ਨ ਦਾ ਪੱਧਰ ਕੀ ਹੈ।
ਪਰਸਨੈਲਿਟੀ ਟੈਸਟ : ਇਹ ਕਿਸੇ ਵਿਅਕਤੀ ਦੇ ਵਿਵਹਾਰ, ਸੁਭਾਅ, ਪ੍ਰਤੀਕਿਰਿਆ ਦੇ ਢੰਗ ਤੇ ਮਨੋਵਿਗਿਆਨਕ ਰੁਝਾਨਾ ਬਾਰੇ ਜਾਣਕਾਰੀ ਦਿੰਦੇ ਹਨ। ਉਦਾਹਰਨਾ ਵਜੋਂ ਇਹ ਟੈਸਟ ਇਹ ਜਾਣਨ ਲਈ ਕੀਤੇ ਜਾਦੇ ਹਨ ਕਿ ਕਿਸੇ ਵਿਅਕਤੀ ਦੀ ਸੋਚਣ ਦੀ ਰੀਤ, ਟੀਮਵਰਕ ਦੀ ਸਮਰੱਥਾ, ਜਾ ਲੀਡਰਸ਼ਿਪ ਗੁਣ ਕਿਹੋ ਜਿਹੇ ਹਨ।
---------------
---------------
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ