
ਸਾਹਿਬਜ਼ਾਦਾ ਅਜੀਤ ਸਿੰਘ ਨਗਰ, 25 ਨਵੰਬਰ (ਹਿੰ. ਸ.)। ਦਿਲਪ੍ਰੀਤ ਸਿੰਘ, ਕਪਤਾਨ ਪੁਲਿਸ ਸਿਟੀ, ਜਿਲਾ ਐਸ.ਏ.ਐਸ. ਨਗਰ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਹਰਮਨਦੀਪ ਸਿੰਘ ਹਾਂਸ, ਸੀਨੀਅਰ ਕਪਤਾਨ ਪੁਲਿਸ ਜਿਲਾ ਐਸ.ਏ.ਐਸ. ਨਗਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਮੋਹਾਲ਼ੀ ਪੁਲਿਸ ਵੱਲੋਂ ਮਾੜੇ ਅਨਸਰਾਂ ਵਿਰੁੱਧ ਚਲਾਈ ਮੁਹਿਮ ਦੌਰਾਨ ਮਿਤੀ 2-11-2025 ਨੂੰ ਜੇਸ਼ਾਈਨ ਸੌਕ ਪ੍ਰਾਈਵੇਟ ਲਿਮਟਿਡ ਸੈਕਟਰ-66 ਮੋਹਾਲ਼ੀ ਵਿੱਚ ਚੋਰੀ ਕਰਨ ਵਾਲ਼ੇ ਦੋਸ਼ੀ ਨੂੰ ਗ੍ਰਿਫਤਾਰ ਕਰਕੇ, ਉਸ ਪਾਸੋਂ ਚੋਰੀ ਕੀਤੇ ਗਹਿਣੇ ਸੋਨਾ ਅਤੇ ਡਾਇਮੰਡ (ਜਿਨਾਂ ਦੀ ਕੀਮਤ ਕਰੀਬ 01 ਕਰੋੜ 28 ਲੱਖ 50 ਹਜਾਰ ਰੁਪਏ ਹੈ) ਬਰਾਮਦ ਕਰਵਾਉਣ ਵਿੱਚ ਸਫਲਤਾ ਹਾਸਲ ਕੀਤੀ ਹੈ।
ਦਿਲਪ੍ਰੀਤ ਸਿੰਘ, ਕਪਤਾਨ ਪੁਲਿਸ ਸਿਟੀ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਅੱਗੇ ਦੱਸਿਆ ਕਿ ਮਿਤੀ 03-11-2025 ਨੂੰ ਵਿਕਰਮ ਸਿੰਘ ਸੰਧੂ ਪੁੱਤਰ ਸ੍ਰ. ਮਹਿੰਦਰ ਸਿੰਘ ਵਾਸੀ ਮਕਾਨ ਨੰ: ਡੀ 1501, ਸਿਗਨੇਚਰ ਟਾਵਰ ਸੈਕਟਰ-66A ਥਾਣਾ ਆਈ.ਟੀ. ਸਿਟੀ ਮੋਹਾਲ਼ੀ, ਜ਼ਿਲ੍ਹਾ ਐਸ.ਏ.ਐਸ. ਨਗਰ ਦੇ ਬਿਆਨਾਂ ਦੇ ਅਧਾਰ ਤੇ ਨਾ-ਮਾਲੂਮ ਦੋਸ਼ੀ ਵਿਰੁੱਧ ਮੁਕੱਦਮਾ ਨੰ: 154 ਮਿਤੀ 03-11-2025 ਅ/ਧ 331(4), 305(a) ਬੀ ਐਨ ਐਸ ਥਾਣਾ ਆਈ ਟੀ ਸਿਟੀ, ਜ਼ਿਲ੍ਹਾ ਐਸ.ਏ.ਐਸ. ਨਗਰ ਦਰਜ ਹੋਇਆ ਸੀ ਕਿ ਉਹਨਾਂ ਦੀ ਜਿਊਲਰ ਸ਼ਾਪ ਜੇਸ਼ਾਈਨ ਸੌਕ ਪ੍ਰਾਈਵੇਟ ਲਿਮਟਿਡ ਜੋ ਕਿ ਐਸ ਸੀ ਓ 53-54 ਦੂਜੀ ਮੰਜ਼ਿਲ, ਸੈਕਟਰ 66-A, ਜੇ ਐਲ ਪੀ ਐਲ, ਸੈਕਟਰ-82 ਦੇ ਸਾਹਮਣੇ, ਜੇ ਐਲ ਪੀ ਐਲ, ਮੋਹਾਲੀ ਵਿਖੇ ਸਥਿਤ ਹੈ, ਵਿੱਚ ਚੋਰੀ ਹੋਈ ਹੈ। ਮਿਤੀ 01-11-2025 ਨੂੰ ਉਹ ਆਪਣੀ ਕਾਰੋਬਾਰੀ ਸਮਾਂ ਖਤਮ ਹੋਣ ਤੋਂ ਬਾਅਦ ਸਾਰੇ ਗਹਿਣਿਆਂ ਦੇ ਸਮਾਨ ਨੂੰ ਆਪਣੇ ਸਟ੍ਰਾਂਗ ਰੂਮ/ਲਾਕਰ/ਸੇਫ ਵਿੱਚ ਸੁਰੱਖਿਅਤ ਰੱਖਿਆ ਗਿਆ ਸੀ। ਉਕਤ ਸਮਾਨ ਦਿਨੇਸ਼ ਰਾਜਪੂਤ ਅਤੇ ਰਿਤੇਸ਼ ਸ਼ਰਮਾ ਦੀ ਮੌਜੂਦਗੀ ਵਿੱਚ ਸੇਫ ਵਿੱਚ ਰੱਖਿਆ ਗਿਆ ਸੀ ਅਤੇ ਦੀਪਕ ਭਾਰਦਵਾਜ ਦੁਆਰਾ ਲਾਕਰ ਨੂੰ ਨਿਯਮਿਤ ਤੌਰ 'ਤੇ ਬੰਦ ਕਰ ਦਿੱਤਾ ਗਿਆ ਸੀ। ਮਿਤੀ 02-11-2025 ਨੂੰ ਦਿਨ ਐਤਵਾਰ ਛੁੱਟੀ ਹੋਣ ਕਰਕੇ ਸ਼ੋਅਰੂਮ ਬੰਦ ਰਿਹਾ। ਮਿਤੀ 03-11-2025 ਨੂੰ ਜਦੋਂ ਉਹਨਾਂ ਨੇ ਆਪਣੀ ਸ਼ਾਪ ਖੋਲਣ ਲੱਗੇ ਦੇਖਿਆ ਕਿ ਸ਼ਟਰ ਦਾ ਤਾਲ਼ਾ ਟੁੱਟਿਆ ਹੋਇਆ ਸੀ। ਦੁਕਾਨ ਦੇ ਅੰਦਰ ਦਾਖਲ ਹੋ ਕੇ ਚੈੱਕ ਕਰਨ ਤੋਂ ਪਤਾ ਲਗਾ ਕਿ ਉਹਨਾਂ ਦੀ ਸੇਫ ਦਾ ਦਰਵਾਜਾ ਖੁੱਲਿਆ ਸੀ, ਸੇਫ ਵਿੱਚ ਰੱਖੇ ਸਾਰੇ ਸੋਨੇ ਅਤੇ ਹੀਰੇ ਦੇ ਗਹਿਣੇ ਗਾਇਬ ਸਨ। ਇਸ ਤੋਂ ਇਲਾਵਾ ਗਹਿਣਿਆਂ ਦੇ ਨਾਲ-ਨਾਲ਼ ਡੀ.ਵੀ.ਆਰ., 60,000/- ਰੁਪਏ ਦੀ ਨਕਦੀ ਅਤੇ ਈ ਪੀ ਏ ਬੀ ਐਕਸ ਮਸ਼ੀਨ ਵੀ ਚੋਰੀ ਹੋ ਚੁੱਕੀ ਸੀ।
ਉਕਤ ਚੋਰੀ ਦੀ ਵੱਡੀ ਵਾਰਦਾਤ ਹੋਣ ਕਰਕੇ ਹਰਮਨਦੀਪ ਸਿੰਘ ਹਾਂਸ, ਸੀਨੀਅਰ ਕਪਤਾਨ ਪੁਲਿਸ ਜਿਲਾ ਐਸ.ਏ.ਐਸ. ਨਗਰ ਵੱਲੋਂ ਮੁਕੱਦਮਾ ਨੂੰ ਹਰ ਹਾਲਤ ਵਿੱਚ ਟਰੇਸ ਕਰਨ ਲਈ ਹਦਾਇਤਾਂ ਜਾਰੀ ਕੀਤੀਆਂ ਗਈਆਂ ਸਨ। ਜਿਸ ਤੇ ਹਰਸਿਮਰਨ ਸਿੰਘ ਬੱਲ ਉੱਪ ਕਪਤਾਨ ਪੁਲਿਸ ਸਿਟੀ-2 ਮੋਹਾਲ਼ੀ ਅਤੇ ਰਾਜਨ ਪਰਮਿੰਦਰ ਸਿੰਘ ਉਪ-ਕਪਤਾਨ ਪੁਲਿਸ (ਜਾਂਚ) ਦੀ ਨਿਗਰਾਨੀ ਹੇਠ ਇੰਸ: ਹਰਮਿੰਦਰ ਸਿੰਘ ਇੰਚਾਰਜ ਸੀ.ਆਈ.ਏ. ਸਟਾਫ ਅਤੇ ਇੰਸ: ਸਤਵਿੰਦਰ ਸਿੰਘ ਮੁੱਖ ਅਫਸਰ ਥਾਣਾ ਆਈ.ਟੀ. ਸਿਟੀ ਦੀਆਂ ਟੀਮਾਂ ਬਣਾਈਆਂ ਗਈਆਂ ਸਨ ਅਤੇ ਹਦਾਇਤ ਕੀਤੀ ਸੀ ਕਿ ਉਕਤ ਮੁਕੱਦਮਾ ਦੇ ਦੋਸ਼ੀ ਦਾ ਸੁਰਾਗ ਲਗਾਕੇ ਤੁਰੰਤ ਮੁਕੱਦਮਾ ਟਰੇਸ ਕਰੇ। ਜਿਸ ਤੇ ਇੰਸ: ਹਰਮਿੰਦਰ ਸਿੰਘ ਇੰਚਾਰਜ ਸੀ.ਆਈ.ਏ., ਇੰਸ: ਸਤਵਿੰਦਰ ਸਿੰਘ ਮੁੱਖ ਅਫਸਰ ਥਾਣਾ ਆਈ.ਟੀ. ਸਿਟੀ ਅਤੇ ਉਹਨਾਂ ਦੀਆਂ ਟੀਮਾਂ ਵੱਲੋਂ ਕਾਰਵਾਈ ਕਰਦੇ ਹੋਏ, ਤਕਨੀਕੀ ਅਤੇ ਮਾਨਵੀ ਵਸੀਲਿਆਂ ਦੀ ਮਦਦ ਨਾਲ਼ ਜਿਊਲਰ ਸ਼ਾਪ ਵਿੱਚ ਬਤੌਰ ਮੈਨੇਜਰ ਕੰਮ ਕਰਦੇ ਦੋਸ਼ੀ ਦੀਪਕ ਕੁਮਾਰ ਭਾਰਦਵਾਜ ਨੂੰ ਮੁਕੱਦਮਾ ਵਿੱਚ ਨਾਮਜ਼ਦ ਕਰਕੇ ਗ੍ਰਿਫਤਾਰ ਕਰ ਲਿਆ ਹੈ ਅਤੇ ਉਸ ਪਾਸੋਂ ਚੋਰੀ ਕੀਤੇ ਸੋਨੇ ਅਤੇ ਡਾਇਮੰਡ ਦੇ ਗਹਿਣੇ ਵੀ ਬ੍ਰਾਮਦ ਕਰ ਲਏ ਗਏ ਹਨ।
ਨਾਮ ਪਤਾ ਦੋਸ਼ੀ:-
ਦੋਸ਼ੀ ਦੀਪਕ ਕੁਮਾਰ ਭਾਰਦਵਾਜ ਪੁੱਤਰ ਪੰਨਾ ਲਾਲ ਵਾਸੀ ਮਕਾਨ ਨੰ: 6159 ਸੈਕਟਰ-125 ਸੰਨੀ ਇੰਨਕਲੇਵ ਖਰੜ੍ਹ, ਥਾਣਾ ਸਿਟੀ ਖਰੜ, ਜਿਲ੍ਹਾ ਐਸ.ਏ.ਐਸ. ਨਗਰ ਜਿਸਦੀ ਉਮਰ ਕਰੀਬ 47 ਸਾਲ ਹੈ, ਜਿਸਨੇ ਬੀ.ਏ. ਦੀ ਪੜਾਈ ਕੀਤੀ ਹੋਈ ਹੈ ਅਤੇ ਸ਼ਾਦੀ ਸ਼ੁਦਾ ਹੈ।
ਬ੍ਰਾਮਦਗੀ ਦਾ ਵੇਰਵਾ:-
ਕੰਨਾ ਦੇ ਟੌਪਸ - 48 ਪੀਸ
ਮੁੰਦੀਆਂ ਸੋਨਾ - 61 ਪੀਸ
ਮੁੰਦੀਆਂ ਚਾਂਦੀ - 02 ਪੀਸ
ਲੌਕਟ - 09 ਪੀਸ
ਪੈਨਡੈਂਟ - 04 ਪੀਸ
ਨੈਕਲੈਸ - 02 ਪੀਸ
ਚੂੜੀਆ - 02 ਪੀਸ
ਪੁੱਛਗਿੱਛ ਦੋਸ਼ੀ:-
ਦੋਸ਼ੀ ਦੀ ਪੁੱਛਗਿੱਛ ਤੇ ਖੁਲਾਸਾ ਹੋਇਆ ਕਿ ਦੋਸ਼ੀ ਕ੍ਰੀਬ 04 ਸਾਲਾਂ ਤੋਂ ਜਿਊਲਰ ਸ਼ੌਪ ਵਿੱਚ ਬਤੌਰ ਮੈਨੇਜਰ ਕੰਮ ਕਰਦਾ ਸੀ। ਜਿਸਨੇ ਬੜੀ ਚੁਸਤੀ ਅਤੇ ਹੁਸ਼ਿਆਰੀ ਨਾਲ਼ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਦੋਸ਼ੀ ਪੁਲਿਸ ਰਿਮਾਂਡ ਅਧੀਨ ਹੈ, ਜਿਸ ਪਾਸੋਂ ਡੀ.ਵੀ.ਆਰ., ਕੈਸ਼ ਅਤੇ ਈ ਪੀ ਏ ਬੀ ਐਕਸ ਮਸ਼ੀਨ ਦੀ ਬ੍ਰਾਮਦਗੀ ਕਰਵਾਈ ਜਾ ਰਹੀ ਹੈ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ