
ਅੰਮ੍ਰਿਤਸਰ, 25 ਨਵੰਬਰ (ਹਿੰ. ਸ.)। ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਸਾਕੇ ਦੀ 350 ਸਾਲਾ ਸ਼ਤਾਬਦੀ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਭਾਈ ਜੈਤਾ ਜੀ ਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸੀਸ ਦਿੱਲੀ ਤੋਂ ਸ੍ਰੀ ਅਨੰਦਪੁਰ ਸਾਹਿਬ ਲੈ ਕੇ ਆਉਣ ਦੀ ਯਾਦ ’ਚ ਗੁਰਦੁਆਰਾ ਸੀਸ ਗੰਜ ਸਾਹਿਬ ਦਿੱਲੀ ਤੋਂ ਸ੍ਰੀ ਅਨੰਦਪੁਰ ਸਾਹਿਬ ਲਈ ‘ਸੀਸ ਮਾਰਗ ਨਗਰ ਕੀਰਤਨ’ ਆਰੰਭ ਕੀਤਾ ਗਿਆ। ਇਹ ਨਗਰ ਕੀਰਤਨ ਉਨ੍ਹਾਂ ਅਸਥਾਨਾਂ ਤੋਂ ਹੁੰਦਾ ਹੋਇਆ ਸ੍ਰੀ ਅਨੰਦਪੁਰ ਸਾਹਿਬ ਵਿਖੇ ਪੁੱਜੇਗਾ, ਜਿਨ੍ਹਾਂ ਅਸਥਾਨਾਂ ‘’ਤੇ ਭਾਈ ਜੈਤਾ ਜੀ ਨੌਵੇਂ ਪਾਤਸ਼ਾਹ ਜੀ ਦਾ ਸੀਸ ਲੈ ਕੇ ਰੁਕੇ ਸਨ। ਖ਼ਾਲਸਈ ਜਾਹੋ ਜਲਾਲ ਨਾਲ ਆਰੰਭ ਹੋਏ ਨਗਰ ਕੀਰਤਨ ’ਚ ਵੱਡੀ ਗਿਣਤੀ ਸੰਗਤਾਂ ਵੱਲੋਂ ਸ਼ਮੂਲੀਅਤ ਕਰਕੇ ਨੌਵੇਂ ਪਾਤਸ਼ਾਹ ਜੀ ਨੂੰ ਸਤਿਕਾਰ ਭੇਟ ਕੀਤਾ ਗਿਆ।
ਨਗਰ ਕੀਰਤਨ ਦਾ ਪਹਿਲਾ ਪੜਾਅ ਗੁਰਦੁਆਰਾ ਸਾਹਿਬ ਪਾਤਸ਼ਾਹੀ ਨੌਵੀਂ ਤਰਾਵੜੀ ਵਿਖੇ ਹੋਵੇਗਾ, ਜਿਥੋਂ 26 ਨਵੰਬਰ ਨੂੰ ਇਹ ਨਗਰ ਕੀਰਤਨ ਗੁਰਦੁਆਰਾ ਸੀਸ ਗੰਜ ਸਾਹਿਬ ਅੰਬਾਲਾ ਲਈ ਰਵਾਨਾ ਹੋਵੇਗਾ। ਇਸੇ ਤਰ੍ਹਾਂ 27 ਨਵੰਬਰ ਨੂੰ ਗੁਰਦੁਆਰਾ ਸੀਸ ਗੰਜ ਸਾਹਿਬ ਅੰਬਾਲਾ ਤੋਂ ਗੁਰਦੁਆਰਾ ਸ੍ਰੀ ਨਾਭਾ ਸਾਹਿਬ ਜ਼ੀਰਕਪੁਰ ਅਤੇ 28 ਨਵੰਬਰ ਨੂੰ ਗੁਰਦੁਆਰਾ ਸ੍ਰੀ ਨਾਭਾ ਸਾਹਿਬ ਜ਼ੀਰਕਪੁਰ ਤੋਂ ਗੁਰਦੁਆਰਾ ਬਿਬਾਣਗੜ੍ਹ ਸਾਹਿਬ ਕੀਰਤਨਪੁਰ ਸਾਹਿਬ ਵਿਖੇ ਪੁੱਜੇਗਾ, ਜਿਥੇ ਵਿਸ਼ਾਲ ਗੁਰਮਤਿ ਸਮਾਗਮ ਹੋਵੇਗਾ। 29 ਨਵੰਬਰ ਨੂੰ ਇਹ ਇਤਿਹਾਸਕ ਨਗਰ ਕੀਰਤਨ ਗੁਰਦੁਆਰਾ ਬਿਬਾਣਗੜ੍ਹ ਸਾਹਿਬ ਤੋਂ ਪੈਦਲ ਗੁਰਦੁਆਰਾ ਸੀਸਗੰਜ ਸਾਹਿਬ, ਸ੍ਰੀ ਅਨੰਦਪੁਰ ਸਾਹਿਬ ਲਈ ਚਾਲੇ ਪਾਵੇਗਾ।
ਇਸ ਵਿਚ ਪੰਜ ਤਖ਼ਤ ਸਾਹਿਬਾਨ ਦੇ ਜਥੇਦਾਰ, ਦਲ ਪੰਥ, ਟਕਸਾਲਾਂ, ਸਿੱਖ ਸੰਪ੍ਰਦਾਵਾਂ ਸਮੇਤ ਪੰਥ ਦੀਆਂ ਨੁਮਾਇੰਦਾ ਜਥੇਬੰਦੀਆਂ ਅਤੇ ਪ੍ਰਮੁੱਖ ਸ਼ਖ਼ਸੀਅਤਾਂ ਸ਼ਿਰਕਤ ਕਰਨਗੀਆਂ। ਅੱਜ ਨਗਰ ਕੀਰਤਨ ਦਾ ਵੱਖ ਵੱਖ ਪੜਾਵਾਂ ’ਤੇ ਸੰਗਤਾਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ। ਉੱਤਰ ਪ੍ਰਦੇਸ਼ ਦੇ ਜ਼ਿਲ੍ਹਾ ਬਾਗਪਤ ਵਿਖੇ ਐਸਜੇਐਸ ਮੋਟਰਜ਼ ਹਾਪੁੜ ਦੇ ਧਿਆਨ ਸਿੰਘ ਅਤੇ ਪਰਿਵਾਰ ਵੱਲੋਂ ਨਗਰ ਕੀਰਤਨ ਦਾ ਭਰਵਾਂ ਸਵਾਗਤ ਕਰਦਿਆਂ ਲੰਗਰਾਂ ਦੇ ਪ੍ਰਬੰਧ ਕੀਤੇ ਗਏ। ਨਗਰ ਕੀਰਤਨ ਨਾਲ ਸ਼ਾਮਲ ਨਿਹੰਗ ਸਿੰਘ ਫ਼ੌਜਾਂ ਵੱਲੋਂ ਗਤਕੇ ਦੇ ਜੌਹਰ ਵੀ ਵਿਖਾਏ ਗਏ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ