
ਲਾਲੜੂ (ਸਾਹਿਬਜ਼ਾਦਾ ਅਜੀਤ ਸਿੰਘ ਨਗਰ), 26 ਨਵੰਬਰ (ਹਿੰ. ਸ.)। ਐਮ ਐਲ ਏ ਡੇਰਾਬੱਸੀ ਕੁਲਜੀਤ ਸਿੰਘ ਰੰਧਾਵਾ ਵੱਲੋਂ ਅੱਜ ਲਾਲੜੂ-ਹੰਡੇਸਰਾ ਸੜ੍ਹਕ ਦੇ ਨਵੀਨੀਕਰਨ ਅਤੇ ਅਪਗਰੇਡੇਸ਼ਨ ਕੰਮ ਦੀ ਸ਼ੁਰੂਆਤ ਕੀਤੀ ਗਈ। ਇਸ ਕੰਮ 'ਤੇ 9.03 ਕਰੋੜ ਰੁਪਏ ਦਾ ਅਨੁਮਾਨਤ ਖਰਚ ਆਵੇਗਾ।
ਐਮ ਐਲ ਏ ਕੁਲਜੀਤ ਸਿੰਘ ਰੰਧਾਵਾ ਨੇ ਇਸ ਮੌਕੇ ਦੱਸਿਆ ਕਿ ਇਹ ਸੜਕ ਬਣਾਉਣ ਤੋਂ ਬਾਅਦ ਪੂਰੇ ਪੰਜ ਸਾਲ ਲਈ, ਸਬੰਧਤ ਠੇਕੇਦਾਰ ਵੱਲੋਂ ਹੀ ਇਸ ਦੀ ਸਾਂਭ ਸੰਭਾਲ ਕੀਤੀ ਜਾਵੇਗੀ। ਉਹਨੇ ਦੱਸਿਆ ਕਿ ਉਕਤ 9.3 ਕਰੋੜ ਰੁਪਏ ਵਿੱਚ 8.28 ਕਰੋੜ ਰੁਪਏ ਸੜਕ ਦੇ ਨਵੀਨੀਕਰਨ ਲਈ ਅਤੇ 74.89 ਲੱਖ ਰੁਪਏ ਪੰਜ ਸਾਲ ਦੀ ਸਾਂਭ ਸੰਭਾਲ ਦੇ ਸ਼ਾਮਿਲ ਹਨ।
ਉਨ੍ਹਾਂ ਇਸ ਮੌਕੇ ਆਖਿਆ ਕਿ 15 ਕਿਲੋਮੀਟਰ ਲੰਬੀ ਇਸ ਸੜ੍ਹਕ ਦੇ ਨਵੀਨੀਕਰਨ ਅਤੇ ਅਪਗਰੇਡੇਸ਼ਨ ਬਾਅਦ ਇਸ ਸੜ੍ਹਕ ਤੇ ਪੈਂਦੇ ਪਿੰਡਾਂ ਦੇ ਲੋਕਾਂ ਨੂੰ ਸੁਖਦ ਅਤੇ ਸੁਰੱਖਿਅਤ ਆਵਾਜਾਈ ਦੀ ਸਹੂਲਤ ਮਿਲੇਗੀ। ਉਨ੍ਹਾਂ ਅੱਗੇ ਕਿਹਾ ਕਿ ਇਸ ਕੰਮ ਨੂੰ 9 ਮਹੀਨੇ ਦੇ ਵਿੱਚ ਮੁਕੰਮਲ ਕੀਤਾ ਜਾਵੇਗਾ।
ਵਿਧਾਇਕ ਰੰਧਾਵਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਰਕਾਰ ਵੱਲੋਂ ਡੇਰਾਬੱਸੀ ਹਲਕੇ ਦੀਆਂ ਲਗਭਗ ਸਾਰੀਆਂ ਪ੍ਰਮੁੱਖ ਸੜਕਾਂ ਦੀ ਰਿਪੇਅਰ ਲਈ ਪ੍ਰਵਾਨਗੀ ਦੇ ਦਿੱਤੀ ਗਈ ਹੈ, ਜਿਸ ਨਾਲ ਲਿੰਕ ਸੜਕਾਂ ਦੀ ਨੁਹਾਰ ਬਦਲ ਜਾਵੇਗੀ ਅਤੇ ਲੋਕਾਂ ਨੂੰ ਆਵਾਜਾਈ ਵਿੱਚ ਵੱਡੀ ਸਹੂਲਤ ਮਿਲੇਗੀ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ