
ਲੁਧਿਆਣਾ 26 ਨਵੰਬਰ (ਹਿੰ. ਸ.)। ਪੀ.ਏ.ਯੂ. ਦੇ ਅਰਥ ਸ਼ਾਸਤਰ ਅਤੇ ਸਮਾਜ ਵਿਗਿਆਨ ਵਿਭਾਗ ਨੇ ਬੀਤੇ ਦਿਨੀਂ ਲੈਸਟਰ ਯੂਨੀਵਰਸਿਟੀ ਬਰਤਾਨੀਆਂ ਦੇ ਅਰਥ ਸ਼ਾਸਤਰੀ ਪ੍ਰੋਫੈਸਰ ਡਾ. ਸਨਜੀਤ ਧਾਮੀ ਦੇ ਵਿਸ਼ੇਸ਼ ਭਾਸ਼ਣ ਕਰਵਾਏ| ਡਾ. ਧਾਮੀ ਬਿਹੇਵੀਅਰਲ ਅਰਥ ਸ਼ਾਸਤਰ ਦੇ ਖੇਤਰ ਵਿਚ ਜਾਣੇ-ਪਛਾਣੇ ਮਾਹਿਰ ਹਨ ਜਿਨ੍ਹਾਂ ਨੇ ਪੂਰੀ ਦੁਨੀਆਂ ਦੀਆਂ ਯੂਨੀਵਰਸਿਟੀਆਂ ਅਤੇ ਸੰਸਥਾਵਾਂ ਵਿਚ ਭਾਸ਼ਣ ਦਿੱਤੇ ਹਨ|
ਉਹਨਾਂ ਨੇ ਸੂਖਮ ਅਰਥ ਸੰਬੰਧਾਂ ਦੀ ਸਮਝ ਬਾਰੇ ਆਪਣਾ ਭਾਸ਼ਣ ਦਿੱਤਾ| ਇਸ ਦੌਰਾਨ ਡਾ. ਧਾਮੀ ਨੇ ਬਿਹੇਵੀਅਰਲ ਅਰਥ ਸ਼ਾਸਤਰ ਦੇ ਮੂਲ ਸਿਧਾਂਤ ਅਤੇ ਖੇਤੀ ਅਰਥ ਸ਼ਾਸਤਰ ਵਿਸ਼ੇ ਤੇ ਇਕ ਹੋਰ ਭਾਸ਼ਣ ਦਿੱਤਾ| ਆਪਣੇ ਭਾਸ਼ਣਾਂ ਵਿਚ ਉਨਾਂ ਨੇ ਮਨੁੱਖ ਦੀਆਂ ਭਾਵਨਾਵਾਂ ਦਾ ਉਸਦੇ ਫੈਸਲੇ ਲੈਣ ਦੀ ਸਮਰਥਾ ਉੱਪਰ ਅਸਰ ਅਤੇ ਇਸ ਉੱਪਰ ਪ੍ਰਭਾਵ ਪਾਉਣ ਵਾਲੇ ਸੂਖਮ ਅਰਥ ਸੰਬੰਧਾਂ ਬਾਰੇ ਵਿਸਥਾਰ ਨਾਲ ਗੱਲ ਕੀਤੀ।
ਉਹਨਾਂ ਕਿਹਾ ਕਿ ਮਨੁੱਖੀ ਕਦਰਾਂ ਕੀਮਤਾਂ ਦੇ ਸੰਬੰਧ ਵਿਚ ਸਮਾਜਿਕ ਨਿਯਮਾਂ, ਦਬਾਵਾਂ ਅਤੇ ਭਾਵਨਾਵਾਂ ਦਾ ਮਹੱਤਵਪੂਰਨ ਰੋਲ ਹੁੰਦਾ ਹੈ| ਇਸ ਦੌਰਾਨ ਉਹਨਾਂ ਨੇ ਅਰਥ ਸ਼ਾਸਤਰ ਵੱਲੋਂ ਵਿਹਾਰ ਨੂੰ ਨਿਰਧਾਰਤ ਕਰਨ ਵਾਲੇ ਕਾਰਕਾਂ ਬਾਰੇ ਵਿਸਥਾਰ ਨਾਲ ਗੱਲ ਕੀਤੀ।
ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਡਾ. ਸਨਜੀਤ ਧਾਮੀ ਵੱਲੋਂ ਦਿੱਤੇ ਭਾਸ਼ਣਾਂ ਨੂੰ ਪੀ.ਏ.ਯੂ. ਦੇ ਅਮਲੇ ਅਤੇ ਵਿਦਿਆਰਥੀਆਂ ਲਈ ਲਾਹੇਵੰਦ ਕਿਹਾ| ਉਹਨਾਂ ਆਸ ਪ੍ਰਗਟਾਈ ਕਿ ਭਵਿੱਖ ਵਿਚ ਵੀ ਡਾ. ਧਾਮੀ ਵਿਦਿਆਰਥੀਆਂ ਨਾਲ ਜੁੜੇ ਰਹਿਣਗੇ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ