
ਤਰਨਤਾਰਨ 3 ਨਵੰਬਰ (ਹਿੰ. ਸ.)। ਸਿੱਖਿਆ ਵਿਭਾਗ ਪੰਜਾਬ ਅਤੇ ਕਮਿਊਨਿਟੀ ਅਫੇਅਰਸ ਡਿਵੀਜ਼ਨ ਪੰਜਾਬ ਪੁਲਿਸ ਅਤੇ ਸਟੇਟ ਕੌਂਸਲ ਆਫ ਐਜੂਕੇਸ਼ਨਲ ਰਿਸਰਚ ਐਂਡ ਟ੍ਰੇਨਿੰਗ ਪੰਜਾਬ ਵੱਲੋਂ ਸਾਂਝੇ ਤੌਰ ’ਤੇ ਪੰਜਾਬ ਰਾਜ ਦੇ 280 ਸਕੂਲਾਂ ਵਿੱਚ ਚਲਾਏ ਜਾ ਰਹੇ ਪ੍ਰੋਗਰਾਮ ਸਟੂਡੈਂਟ ਪੁਲਿਸ ਕੈਡਿਟ ਸਕੀਮ ਅਧੀਨ ਇੱਕ ਦਿਨਾਂ ਓਰੀਐਂਟੇਸ਼ਨ ਵਰਕਸ਼ਾਪ ਮਹਾਰਾਜਾ ਰਣਜੀਤ ਸਿੰਘ ਪੁਲਿਸ ਅਕੈਡਮੀ ਫਿਲੋਰ ਵਿਖੇ ਲਗਾਈ ਗਈ। ਇਸ ਇੱਕ ਦਿਨਾਂ ਓਰੀਐਂਟੇਸ਼ਨ ਪ੍ਰੋਗਰਾਮ ਦੇ ਵਿੱਚ ਪੰਜਾਬ ਰਾਜ ਦੇ 23 ਜ਼ਿਲ੍ਹੇ ਅਤੇ ਪੰਜ ਪੁਲਿਸ ਜ਼ਿਲਿਆਂ ਤੋਂ ਇਲਾਵਾ ਤੇ ਸਾਂਝ ਕੇਂਦਰ ਦੇ ਮੁਲਾਜ਼ਮਾਂ ਨੇ ਹਿੱਸਾ ਲਿਆ । ਸਟੂਡੈਂਟ ਪੁਲਿਸ ਕੈਡਿਟ ਸਕੀਮ ਅਧੀਨ ਵਧੀਆ ਕਾਰਜਗੁਜਾਰੀ ਦਿਖਾਉਣ ਵਾਲੇ ਪੰਜਾਬ ਭਰ ਚੋਂ ਸੱਤ ਸਕੂਲਾਂ ਦੇ ਨੋਡਲ ਅਧਿਆਪਕਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤਰਨ ਤਾਰਨ ਜ਼ਿਲ੍ਹੇ ਤੋਂ ਵਧੀਆ ਕਾਰਜਗੁਜਾਰੀ ਦਿਖਾਉਣ ਦੇ ਲਈ ਸਰਕਾਰੀ ਹਾਈ ਸਕੂਲ ਬੱਠੇ ਭੈਣੀ ਦੇ ਨੋਡਲ ਅਧਿਆਪਕ ਸੁਖਦੇਵ ਰਾਜ ਸ਼ਰਮਾ ਨੂੰ ਸ਼੍ਰੀਮਤੀ ਗੁਰਪ੍ਰੀਤ ਦਿਓ ਆਈਪੀਐਸ (ਸਪੈਸ਼ਲ ਡੀਜੀਪੀ ਕਮਿਊਨਿਟੀ ਅਫੇਅਰਸ ਡਿਵੀਜ਼ਨ, ਪੰਜਾਬ) ਅਤੇ ਡਾ: ਸ਼ਰੂਤੀ ਸ਼ੁਕਲਾ ਸਹਾਇਕ ਡਾਇਰੈਕਟਰ ਐਸ ਸੀ ਈ ਆਰ ਟੀ, ਪੰਜਾਬ ਵੱਲੋਂ ਪੰਜਾਬ ਰਾਜ ਵਿੱਚੋਂ ਪਹਿਲੇ ਨੰਬਰ ਤੇ ਸਨਮਾਨਿਤ ਕੀਤਾ ਗਿਆ । ਇਸ ਮੌਕੇ ਤੇ ਮਾਣਯੋਗ ਜ਼ਿਲ੍ਹਾ ਸਿੱਖਿਆ ਅਫ਼ਸਰ ਸੰਕੈ.ਸਿੱਖਿਆ/ਐਲੀ.ਸਿਖਿਆ ਸਤਿਨਾਮ ਸਿੰਘ ਬਾਠ ਨੇ ਅਧਿਆਪਕ ਸੁਖਦੇਵ ਰਾਜ ਸ਼ਰਮਾ ਅਤੇ ਸਕੂਲ ਦੇ ਮੁਖੀ ਨਵਤੇਜ ਸਿੰਘ ਨੂੰ ਉਚੇਚੇ ਤੌਰ ਤੇ ਮੁੱਖ ਦਫਤਰ ਵਿਖੇ ਬੁਲਾ ਕੇ ਸਨਮਾਨਿਤ ਕੀਤਾ ਅਤੇ ਕੀਤੇ ਗਏ ਕਾਰਜਾਂ ਦੇ ਲਈ ਉਹਨਾਂ ਦੀ ਸ਼ਲਾਘਾ ਕੀਤੀ। ਮਾਨਯੋਗ ਜ਼ਿਲ੍ਹਾ ਸਿੱਖਿਆ ਅਫਸਰ ਸਤਿਨਾਮ ਸਿੰਘ ਬਾਠ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਟੂਡੈਂਟ ਪੁਲਿਸ ਕੈਡਿਟ ਪ੍ਰੋਗਰਾਮ ਸਾਡੇ ਜ਼ਿਲ੍ਹੇ ਦੇ 10 ਸਕੂਲਾਂ ਵਿੱਚ ਬੜਾ ਹੀ ਸਫਲਤਾ ਪੂਰਵਕ ਚੱਲ ਰਿਹਾ ਹੈ। ਜਿਸ ਵਿੱਚ ਸਾਰੇ ਹੀ ਨੋਡਲ ਅਧਿਆਪਕ ਤਨਦੇਹੀ ਦੇ ਨਾਲ ਆਪਣੀ ਡਿਊਟੀ ਨਿਭਾ ਰਹੇ ਹਨ । ਪਿਛਲੇ ਦੋ ਸਾਲਾਂ ਵਿੱਚ ਸਹਸ, ਬੱਠੇ ਭੈਣੀ ਸਕੂਲ ਦੇ ਅਧਿਆਪਕ ਸੁਖਦੇਵ ਰਾਜ ਸ਼ਰਮਾ ਵੱਲੋਂ ਵਧੀਆ ਕਾਰਜਗੁਜਾਰੀ ਨਿਭਾਈ ਗਈ ਜਿਸ ਦੇ ਲਈ ਇਹਨਾਂ ਨੂੰ ਰਾਜ ਪੱਧਰ ਤੋਂ ਸਨਮਾਨ ਪ੍ਰਾਪਤ ਹੋਇਆ ਹੈ ਜੋ ਕਿ ਜ਼ਿਲ੍ਹਾ ਤਰਨ ਤਾਰਨ ਦੇ ਲਈ ਬੜੀ ਹੀ ਮਾਣ ਵਾਲੀ ਗੱਲ ਹੈ।ਜ਼ਿਲ੍ਹਾ ਸਿੱਖਿਆ ਅਫਸਰ ਸਤਿਨਾਮ ਸਿੰਘ ਬਾਠ ਨੇ ਸਮੂਹ ਪ੍ਰਿੰਸੀਪਲ ਅਤੇ ਅਧਿਆਪਕਾਂ ਨੂੰ ਹੋਰ ਮਿਹਨਤ ਦੇ ਨਾਲ ਕੰਮ ਕਰਨ ਦੇ ਲਈ ਪ੍ਰੇਰਿਤ ਕੀਤਾ ਤਾਂ ਜੋ ਤਰਨ ਤਰਨ ਜ਼ਿਲਾ ਹਰ ਖੇਤਰ ਦੇ ਵਿੱਚ ਬੁਲੰਦੀਆਂ ਨੂੰ ਛੂੰਹਦਾ ਰਹੇ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ