
ਤਰਨਤਾਰਨ, 7 ਨਵੰਬਰ (ਹਿੰ. ਸ.)। ਵਿਧਾਨ ਸਭਾ ਹਲਕਾ ਤਰਨਤਾਰਨ ਤੋਂ 11 ਨਵੰਬਰ ਨੂੰ ਹੋਣ ਵਾਲੀ ਜ਼ਿਮਨੀ ਚੋਣ ਤੋਂ ਪਹਿਲਾਂ ਹੀ ਪੁਲਿਸ ਨੇ ਸ਼ੁੱਕਰਵਾਰ ਤੜਕਸਾਰ ਅਕਾਲੀ ਆਗੂਆਂ ਤੇ ਵਰਕਰਾਂ ਦੇ ਘਰਾਂ ਵਿਚ ਛਾਪੇਮਾਰੀ ਕਰ ਉਨ੍ਹਾਂ ਨੂੰ ਗ੍ਰਿਫਤਾਰ ਕਰਨਾ ਸ਼ੁਰੂ ਕਰ ਦਿੱਤਾ ਹੈ। ਸ਼ੁੱਕਰਵਾਰ ਨੂੰ ਤੜਕਸਾਰ ਪੁਲਿਸ ਨੇ ਅਕਾਲੀ ਆਗੂ ਤੇ ਪਿੰਡ ਦੋਦੇ ਦੇ ਸਰਪੰਚ ਸੋਨੂੰ ਬਰਾੜ, ਪਿੰਡ ਭੁੱਚਰ ਦੇ ਸਾਬਕਾ ਸਰਪੰਚ ਬਲਵਿੰਦਰ ਸਿੰਘ ਅਤੇ ਤਰਨ ਤਾਰਨ ਤੋਂ ਸ਼ਾਮ ਲਾਲ ਨੂੰ ਹਿਰਾਸਤ ’ਚ ਲੈ ਲਿਆ। ਜਦੋਂ ਕਿ ਅੱਡਾ ਝਬਾਲ ਵਿਖੇ ਅਕਾਲੀ ਆਗੂ ਪੂਰਨ ਸਿੰਘ, ਸਾਬਕਾ ਸਰਪੰਚ ਅਜਮੇਰ ਸਿੰਘ ਸਮੇਤ ਬਹੁਤ ਸਾਰੇ ਅਕਾਲੀ ਆਗੂ ਪੁਲਿਸ ਦੀ ਛਾਪੇਮਾਰੀ ਤੋਂ ਪਹਿਲਾਂ ਹੀ ਆਸੇ ਪਾਸੇ ਹੋ ਗਏ।ਇਨਾਂ ਆਗੂਆ ਨੇ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਬੀਬੀ ਸੁਖਵਿੰਦਰ ਕੌਰ ਰੰਧਾਵਾ ਨੇ ਇਸ ਨੂੰ 'ਆਪ' ਸਰਕਾਰ ਦੀ ਬੁਖਲਾਹਟ ਦਾ ਨਤੀਜ਼ਾ ਦੱਸਦਿਆਂ ਕਿਹਾ ਕਿ ਆਪਣੀਂ ਹਾਰ ਨੂੰ ਵੇਖਦਿਆਂ ਸੱਤਾਧਾਰੀ ਪਾਰਟੀ ਕੋਝੀਆਂ ਹਰਕਤਾਂ ’ਤੇ ਆ ਗਈ ਹੈ। ਉਨ੍ਹਾਂ ਕਿਹਾ ਕਿ ਅਕਾਲੀ ਵਰਕਰ ਸਰਕਾਰ ਦੀਆਂ ਧੱਕੇਸ਼ਾਹੀਆ ਦਾ ਜਵਾਬ 11 ਨਵੰਬਰ ਨੂੰ ਦੇਣਗੇ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ