
ਸਾਹਿਬਜ਼ਾਦਾ ਅਜੀਤ ਸਿੰਘ ਨਗਰ, 13 ਦਸੰਬਰ (ਹਿੰ. ਸ.)। ਜ਼ਿਲਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਚੋਣਾਂ 2025, ਜੋ ਕਿ 14 ਦਸੰਬਰ 2025 ਨੂੰ ਹੋਣ ਜਾ ਰਹੀਆਂ ਹਨ, ਨੂੰ ਧਿਆਨ ’ਚ ਰੱਖਦਿਆਂ ਰਾਜ ਚੋਣ ਕਮਿਸ਼ਨ ਵੱਲੋਂ ਜਾਰੀ ਇੱਕ ਪੱਤਰ ਰਾਹੀਂ 14 ਦਸੰਬਰ 2025 ਨੂੰ ਚੜ੍ਹਨ ਵਾਲੀ ਸਵੇਰ ਦੇ 12 ਵਜੇ ਤੋਂ 15 ਦਸੰਬਰ 2025 ਸਵੇਰੇ 10 ਵਜੇ ਤੱਕ ਡ੍ਰਾਈ ਡੇਅ ਰੱਖਣ ਦੇ ਨਿਰਦੇਸ਼ ਜਾਰੀ ਕੀਤੇ ਗਏ ਹਨ।
ਇਨ੍ਹਾਂ ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਕੋਮਲ ਮਿੱਤਲ, ਆਈ.ਏ.ਐਸ., ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਮੈਜਿਸਟਰੇਟ, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਨੇ ਪੰਚਾਇਤ ਸੰਮਤੀਆਂ ਮਾਜਰੀ, ਖਰੜ ਅਤੇ ਡੇਰਾਬੱਸੀ ਦੇ ਚੋਣ ਖੇਤਰਾਂ ਅੰਦਰ ਆਉਂਦੀਆਂ ਸਾਰੀਆਂ ਸ਼ਰਾਬ ਦੀਆਂ ਦੁਕਾਨਾਂ ਅਤੇ ਸੰਬੰਧਤ ਸਥਾਨਾਂ ਨੂੰ ਪੰਜਾਬ ਆਬਕਾਰੀ ਐਕਟ, 1914 ਦੀ ਧਾਰਾ 54, ਲੋਕ ਪ੍ਰਤੀਨਿਧੀ ਐਕਟ 1951 ਦੀ ਧਾਰਾ 135 ਸੀ ਅਤੇ ਭਾਰਤੀ ਨਾਗਰਿਕ ਸੁਰੱਖਿਆ ਸੰਘਤਾ, 2023 ਦੀ ਧਾਰਾ 163 ਤਹਿਤ ਬੰਦ ਰੱਖਣ ਦੇ ਹੁਕਮ ਜਾਰੀ ਕੀਤੇ ਹਨ। ਇਨ੍ਹਾਂ ਹੁਕਮਾਂ ਅਨੁਸਾਰ, ਸਾਰੀਆਂ ਸ਼ਰਾਬ ਵੇਚਣ ਵਾਲੀਆਂ ਦੁਕਾਨਾਂ, ਅਹਾਤੇ, ਹੋਟਲਾਂ, ਰੈਸਟੋਰੈਂਟਾਂ, ਕਲੱਬਾਂ ਅਤੇ ਸ਼ਰਾਬ ਵਰਤਾਉਣ ਵਾਲੇ ਸਾਰੇ ਸਥਾਨ ਪੂਰੀ ਤਰ੍ਹਾਂ ਬੰਦ ਰਹਿਣਗੇ, ਅਤੇ ਨਿਰਧਾਰਤ ਸਮੇਂ ਦੌਰਾਨ ਸ਼ਰਾਬ ਦੀ ਵਿਕਰੀ, ਪਰੋਸਣਾ ਜਾਂ ਸਟੋਰ ਕਰਨਾ ਸਖ਼ਤ ਮਨ੍ਹਾਂ ਰਹੇਗਾ। ਇਸ ਸਮੇਂ ਦੌਰਾਨ ਕੋਈ ਵੀ ਵਿਅਕਤੀ ਸ਼ਰਾਬ ਰੱਖ ਨਹੀਂ ਸਕੇਗਾ। ਜ਼ਿਲ੍ਹਾ ਪੁਲਿਸ ਮੁਖੀ ਅਤੇ ਸਹਾਇਕ ਕਮਿਸ਼ਨਰ, ਕਰ ਅਤੇ ਆਬਕਾਰੀ, ਐਸ.ਏ.ਐਸ. ਨਗਰ ਨੂੰ ਇਸ ਹੁਕਮ ਦੀ ਪਾਲਣਾ ਮੁਕੰਮਲ ਤੌਰ ’ਤੇ ਯਕੀਨੀ ਬਣਾਉਣ ਲਈ ਨਿਰਦੇਸ਼ਿਤ ਕੀਤਾ ਗਿਆ ਹੈ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ