
ਲੁਧਿਆਣਾ 14 ਦਸੰਬਰ (ਹਿੰ. ਸ.)। ਕਮਿਸ਼ਨਰ ਪੁਲਿਸ ਲੁਧਿਆਣਾ ਸਵਪਨ ਸ਼ਰਮਾ ਆਈ ਪੀ ਐਸ ਅਤੇ ਜੁਆਇੰਟ ਕਮਿਸ਼ਨਰ ਪੁਲਿਸ ਸਿਟੀ ਰੁਪਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਿਕ, ਸਮੀਰ ਵਰਮਾ PPS ਏ.ਡੀ.ਸੀ.ਪੀ.-1 ਲੁਧਿਆਣਾ ਅਤੇ ਕਿੱਕਰ ਸਿੰਘ PPS ਏ.ਸੀ.ਪੀ. ਉੱਤਰੀ ਲੁਧਿਆਣਾ ਦੀਆਂ ਹਦਾਇਤਾਂ ਮੁਤਾਬਿਕ INSP/SHO ਹਰਸ਼ਵੀਰ ਸਿੰਘ ਮੁੱਖ ਅਫਸਰ ਥਾਣਾ ਸਲੇਮ ਟਾਬਰੀ ਅਤੇ ਥਾਣਾ ਸਲੇਮ ਟਾਬਰੀ ਲੁਧਿਆਣਾ ਦੀ ਪੁਲਿਸ ਨੇ ਮੁਸਤੈਦੀ ਨਾਲ ਡਿਊਟੀ ਕਰਦੇ ਹੋਏ ਬੀਤੇ ਦਿਨ ਹੋਟਲ ਇੰਡੋ-ਅਮੇਰੀਕਨ ਦੇ ਕਮਰੇ ਵਿੱਚੋਂ ਲਹੂ-ਲੁਹਾਨ ਅਰਧ-ਨਗਨ ਹਾਲਤ ਵਿੱਚ ਮਿਲੀ ਰੇਖਾ ਨਾਮ ਦੀ ਲੜਕੀ ਦੀ ਲਾਸ਼ ਮਿਲਣ ਤੇ ਇੰਸਪੈਕਟਰ ਬਲਬੀਰ ਸਿੰਘ ਵੱਲੋਂ ਮੁੱਕਦਮਾ ਨੰਬਰ 211 ਅ/ਧ 103 ਬੀ ਐਨ ਐਸ ਥਾਣਾ ਸਲੇਮ ਟਾਬਰੀ ਲੁਧਿਆਣਾ ਦਰਜ ਰਜਿਸਟਰ ਕਰਕੇ ਤਫਤੀਸ਼ ਅਮਲ ਵਿੱਚ ਲਿਆਂਦੀ ਗਈ।
ਹੁਣ ਇਸ ਮਾਮਲੇ ਵਿਚ ਪੁਲਿਸ ਨੇ ਕਾਤਲ ਨੂੰ ਗ੍ਰਿਫਤਾਰ ਕਰ ਲਿਆ ਹੈ ਤੇ ਉਸਦੀ ਪਛਾਣ ਅਮਿਤ ਨਿਸ਼ਾਦ ਵਜੋਂ ਹੋਈ ਹੈ।
ਤਫਤੀਸ਼ ਦੌਰਾਨ ਇਹ ਤੱਥ ਸਾਹਮਣੇ ਆਏ ਕਿ ਮਿਤੀ 12-12-2025 ਨੂੰ ਵਕਤ ਕਰੀਬ 12.30 P.M. ਅਮਿਤ ਨਿਸ਼ਾਦ ਪੁੱਤਰ ਸਗਨਨੂਰ ਨਿਸ਼ਾਦ ਵਾਸੀ ਗਲੀ ਨੰਬਰ 01 ਬੈਕਸਾਈਡ ਗੋਰਿਮੰਟ ਸਕੂਲ ਨਿਊ ਅਮਰਜੀਤ ਕਲੋਨੀ ਜਗੀਰਪੁਰ ਲੁਧਿਆਣਾ ਆਪਣੀ ਦੋਸਤ ਰੇਖਾ ਦੇ ਨਾਲ ਹੋਟਲ ਇੰਡੋ-ਅਮੇਰੀਕਨ ਦਾਣਾ ਮੰਡੀ ਵਿਖੇ ਗਏ ਸੀ ਅਤੇ ਇੱਕ ਕਮਰਾ ਕਿਰਾਏ ਪਰ ਲਿਆ ਸੀ, ਕਰੀਬ 3 ਘੰਟੇ ਠਹਿਰਨ ਤੋਂ ਬਾਅਦ ਅਮਿਤ ਨਿਸ਼ਾਦ ਕਮਰੇ ਵਿੱਚੋਂ ਇਕੱਲਾ ਹੀ ਚਲਾ ਗਿਆ ਅਤੇ ਹੋਟਲ ਦੇ ਮੈਨੇਜਰ ਨੂੰ ਕਿਹਾ ਕਿ ਉਹ ਖਾਣਾ ਲੈਣ ਜਾ ਰਿਹਾ ਹੈ ਪਰ ਉਹ ਕਾਫੀ ਦੇਰ ਤੱਕ ਵਾਪਸ ਨਾ ਆਇਆ ਤਾਂ ਹੋਟਲ ਦੇ ਮੈਨੇਜਰ ਨੇ ਉੱਪਰ ਜਾ ਕੇ ਦੇਖਿਆ ਤਾਂ ਕਮਰੇ ਵਿੱਚ ਲੜਕੀ ਦੀ ਖੂਨ ਨਾਲ ਲੱਥ-ਪੱਥ ਲਾਸ਼ ਪਈ ਸੀ। ਵਜ੍ਹਾ ਰੰਜਿਸ਼ ਇਹ ਹੈ ਕਿ ਰੇਖਾ ਆਪਣੇ ਪਤੀ ਤੋਂ ਵੱਖ ਰਹਿ ਰਹੀ ਹੈ ਜਿਸ ਦੇ 2 ਬੱਚੇ ਹਨ, ਅਤੇ ਰੇਖਾ ਅਤੇ ਅਮਿਤ ਨਿਸ਼ਾਦ ਦੀ ਕਾਫੀ ਸਮੇਂ ਤੋਂ ਆਪਸੀ ਮਿੱਤਰਤਾ ਹੈ ਅਤੇ ਦੋਨੋਂ ਇੱਕ ਦੂਜੇ ਨੂੰ ਮਿਲਦੇ ਰਹਿੰਦੇ ਸੀ। ਰੇਖਾ, ਅਮਿਤ ਨਿਸ਼ਾਦ ਨੂੰ ਵਿਆਹ ਕਰਵਾਉਣ ਲਈ ਜ਼ੋਰ ਪਾਉਂਦੀ ਰਹਿੰਦੀ ਸੀ, ਪਰ ਅਮਿਤ ਨਿਸ਼ਾਦ ਵਿਆਹ ਕਰਵਾਉਣ ਲਈ ਨਹੀਂ ਮੰਨਦਾ ਸੀ, ਮਿਤੀ 12-12-2025 ਨੂੰ ਹੋਟਲ ਵਿੱਚ ਦੋਨਾਂ ਜਣਿਆਂ ਨੇ ਇੱਕ ਦੂਜੇ ਨਾਲ ਸਰੀਰਕ ਸਬੰਧ ਬਣਾਏ ਅਤੇ ਵਿਆਹ ਦੀ ਗੱਲ ਤੋਂ ਦੋਨਾਂ ਦੀ ਇੱਕ ਦੂਜੇ ਨਾਲ ਲੜਾਈ ਹੋ ਗਈ ਅਤੇ ਰੇਖਾ ਨੇ ਕਟਰ ਬਲੇਡ ਨਾਲ ਅਮਿਤ ਨਿਸ਼ਾਦ ਦਾ ਪ੍ਰਾਈਵੇਟ ਪਾਰਟ ਕੱਟ ਦਿੱਤਾ, ਅਤੇ ਅਮਿਤ ਨਿਸ਼ਾਦ ਨੇ ਰੇਖਾ ਦਾ ਗਲਾ ਘੁੱਟ ਕੇ ਉਸ ਦਾ ਕਤਲ ਕਰ ਦਿੱਤਾ ਅਤੇ ਜਖਮੀਂ ਹਾਲਤ ਵਿੱਚ ਹੋਟਲ ਤੋਂ ਭੱਜ ਗਿਆ।
ਪੁਲਿਸ ਵੱਲੋਂ ਸੂਚਨਾ ਮਿਲਣ ਤੇ ਬਿਨਾਂ ਦੇਰੀ ਮੌਕਾ ਪਰ ਪੁੱਜ ਕੇ ਮ੍ਰਿਤਕਾ ਰੇਖਾ ਦੀ ਲਾਸ਼ ਕਬਜੇ ਵਿੱਚ ਲੈ ਕੇ ਸਿਵਲ ਹਸਪਤਾਲ ਮੋਰਚਰੀ ਵਿੱਚ ਰਖਵਾ ਦਿੱਤੀ ਗਈ ਹੈ, ਜਿਸ ਦੇ ਵਾਰਸਾਂ ਦਾ ਪਤਾ ਲੱਗਣ ਤੇ ਪੋਸਟਮਾਰਟਮ ਕਰਵਾਇਆ ਜਾਵੇਗਾ। ਪੁਲਿਸ ਟੀਮਾਂ ਵੱਲੋਂ ਦੋਸ਼ੀ ਅਮਿਤ ਨਿਸ਼ਾਦ ਦੇ ਟਿਕਾਣਿਆਂ 'ਤੇ ਰੇਡ ਕਰਕੇ ਉਸ ਦਾ ਪਤਾ ਲਗਾ ਕੇ ਉਸ ਨੂੰ ਕਾਬੂ ਕਰ ਲਿਆ ਗਿਆ ਹੈ ਜਿਸਦੀ ਮੈਡੀਕਲ ਕੰਡੀਸ਼ਨ ਸਹੀ ਨਾ ਹੋਣ ਕਰਕੇ ਉਸ ਦਾ ਪੁਲਿਸ ਦੀ ਜੇਰੇ ਨਿਗਰਾਨੀ ਹੇਠ ਪੀ.ਜੀ.ਆਈ. ਹਸਪਤਾਲ ਚੰਡੀਗੜ੍ਹ ਵਿਖੇ ਇਲਾਜ ਕਰਵਾਇਆ ਜਾ ਰਿਹਾ ਹੈ, ਜਿਸ ਦੀ ਸਿਹਤ ਠੀਕ ਹੋਣ ਤੇ ਅਗਲੀ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ