
ਨੰਗਲ, 14 ਦਸੰਬਰ (ਹਿੰ. ਸ.)। ਗੁਰਦੁਆਰਾ ਪਰਿਵਾਰ ਵਿਛੋੜਾ ਸਾਹਿਬ ਪਾਤਸ਼ਾਹੀ ਦਸਵੀ ਸਰਸਾ ਨੰਗਲ ਤੋਂ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਵਿਛੜਨ ਦੀ ਯਾਦ ਨੂੰ ਸਮਰਪਿਤ ਸ਼ਹੀਦੀ ਪੰਦਰਵਾੜੇ ਅਤੇ ਸ਼ਹੀਦੀ ਜੋੜ ਮੇਲ ਸਮਾਗਮਾਂ ਦੀ ਸ਼ੁਰੂਆਤ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਹੈਡ ਗ੍ਰੰਥੀ ਸਿੰਘ ਸਾਹਿਬ ਗਿਆਨੀ ਜੋਗਿੰਦਰ ਸਿੰਘ ਵੱਲੋ ਅਰਦਾਸ ਕਰਨ ਉਪਰੰਤ ਹੋਈ। ਇਸ ਮੌਕੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਤੇ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਵਿਸ਼ੇਸ਼ ਤੌਰ ਤੇ ਸ਼ਮੂਲੀਅਤ ਕੀਤੀ ।
ਇਸ ਮੌਕੇ ਗੁਰਦੁਆਰਾ ਪਰਿਵਾਰ ਵਿਛੋੜਾ ਸਾਹਿਬ ਵਿਖੇ ਪੰਜ ਵੱਖ ਵੱਖ ਸ਼੍ਰੀ ਅਖੰਡ ਪਾਠ ਸਾਹਿਬ ਆਰੰਭ ਕਰਵਾਏ ਗਏ ਜਿਨਾਂ ਚੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ , ਸੰਤ ਬਾਬਾ ਖੁਸ਼ਹਾਲ ਸਿੰਘ ਟਿੱਬੀ ਸਾਹਿਬ ਰੋਪੜ ਤੇ ਹੋਰ ਇਲਾਕੇ ਦੇ ਪਿੰਡਾਂ ਦੀਆਂ ਸੰਗਤਾਂ ਵੱਲੋਂ ਸ਼੍ਰੀ ਆਖੰਡ ਪਾਠ ਸਾਹਿਬ ਦੀ ਸੇਵਾ ਆਰੰਭ ਕਰਵਾਈ ਗਈ।
ਇਸ ਮੌਕੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਤੇ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਸਿੱਖ ਕੌਮ ਨੂੰ ਬੇਨਤੀ ਕੀਤੀ ਕਿ ਸਾਨੂੰ ਸਾਰਿਆ ਨੂੰ ਇਹ ਸ਼ਹੀਦੀ ਪੰਦਰਵਾੜਾ ਤੇ ਸ਼ਹੀਦੀ ਜੋੜ ਮੇਲ ਸਮਾਗਮ ਬਹੁਤ ਸਾਦਗੀ ਦੇ ਨਾਲ ਮਨਾਉਣੇ ਚਾਹੀਦੇ ਹਨ। ਉਨਾ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਫੈਸਲਾ ਕੀਤਾ ਹੈ ਕਿ ਸ਼ਹੀਦੀ ਪੰਦਰਵਾੜੇ ਤੇ ਸ਼ਹੀਦੀ ਜੋੜ ਮੇਲ ਸਮਾਗਮਾਂ ਦੌਰਾਨ ਲੰਗਰਾ ਵਿਚੋਂ ਮਿਠੇ ਪਦਾਰਥ ਪਕੌੜੇ ਆਦਿ ਬਣਾਉਣ ਤੋਂ ਸੰਕੋਚ ਕੀਤਾ ਜਾਵੇ ਤੇ ਇਹ ਮਿੰਠੇ ਪਦਾਰਥ ਨਾ ਹੀ ਬਣਾਏ ਜਾਣ। ਉਸਦੇ ਨਾਲ ਹੀ ਸਾਨੂੰ ਸਾਰਿਆਂ ਨੂੰ ਵੱਧ ਤੋਂ ਵੱਧ ਇਹਨਾਂ ਸ਼ਹੀਦੀ ਪੰਦਰਵਾੜੇ ਦੌਰਾਨ ਗੁਰਬਾਣੀ ਪਾਠ ਸਿਮਰਨ ਕਰ ਗੁਰੂ ਸਾਹਿਬ, ਮਾਤਾ ਗੁਜਰੀ ਜੀ , ਵੱਡੇ ਸਾਹਿਬਜ਼ਾਦੇ, ਛੋਟੇ ਸਾਹਿਬਜ਼ਾਦੇ ਤੇ ਸਾਰੇ ਸ਼ਹੀਦ ਸਿੰਘਾਂ ਨੂੰ ਯਾਦ ਕਰਨਾ ਚਾਹੀਦਾ ਹੈ ਕਿ ਉਹਨਾ ਨੇ ਸਾਡੇ ਲਈ ਕਿਨੀਆਂ ਵੱਡੀਆਂ ਸ਼ਹਾਦਤਾਂ ਤੇ ਕੁਰਬਾਨੀਆਂ ਕੀਤੀਆਂ ।
ਉਹਨਾ ਕਿਹਾ ਕਿ ਅੱਜ ਤੋਂ ਇਸ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਪਰਿਵਾਰ ਵਿਛੋੜਾ ਸਾਹਿਬ ਜੋ ਕਿ ਇਹ ਅਸਥਾਨ ਬਹੁਤ ਹੀ ਸੇਧ ਦੇਣ ਵਾਲਾ ਅਸਥਾਨ ਹੈ ਜਿਥੇ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖ ਨੂੰ ਸਮਝਾਇਆ ਹੈ ਕਿ ਸਿੱਖ ਦੇ ਜੀਵਨ ਵਿੱਚ ਅਮ੍ਰਿਤ ਵੇਲੇ ਦੀ ਸੰਭਾਲ ਨਿਤਨੇਮ ਕਿੰਨਾ ਜਰੂਰੀ ਹੈ। ਇਸ ਅਸਥਾਨ ਤੇ ਗੁਰੂ ਗੋਬਿੰਦ ਸਿੰਘ ਜੀ ਤੇ ਮੁਗਲਾਂ ਨੇ ਕੁਰਾਨ ਤੇ ਪਹਾੜੀ ਰਾਜਿਆਂ ਨੇ ਗਊ ਦੀਆਂ ਕਸਮਾਂ ਤੋੜ ਕੇ ਹਮਲਾ ਕਰ ਦਿੱਤਾ ਸੀ । ਇਕ ਪਾਸੇ ਸਰਸਾ ਨਦੀ ਤੇ ਘਮਸਾਨ ਦਾ ਜੰਗ ਹੋ ਰਿਹਾ ਸੀ ਤੇ ਦੂਸਰੇ ਪਾਸੇ ਗੁਰੂ ਗੋਬਿੰਦ ਸਿੰਘ ਜੀ ਆਸਾ ਦੀ ਵਾਰ ਦਾ ਕੀਰਤਨ ਕਰ ਰਹੇ ਸਨ। ਅਜਿਹੀ ਸੇਧ ਕਿਸੇ ਹੋਰ ਪਾਸੇ ਵੇਖਣ ਨੂੰ ਨਹੀਂ ਮਿਲਦੀ । ਸੋ ਸਾਨੂੰ ਸਾਰਿਆ ਨੂੰ ਇਸ ਸ਼ਹੀਦੀ ਪੰਦਰਵਾੜੇ ਤੇ ਸ਼ਹੀਦੀ ਜੋੜ ਮੇਲ ਸਮਾਗਮਾਂ ਤੋਂ ਸੇਧ ਲੈਣੀ ਚਾਹੀਦੀ ਹੈ ਤੇ ਸਾਦਗੀ ਨਾਲ ਸਾਰੇ ਸਮਾਗਮ ਕਰਨੇ ਚਾਹੀਦੇ ਹਨ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ