
ਖਰੜ (ਸਾਹਿਬਜ਼ਾਦਾ ਅਜੀਤ ਸਿੰਘ ਨਗਰ), 13 ਦਸੰਬਰ (ਹਿੰ. ਸ.)। ਪੰਚਾਇਤ ਸੰਮਤੀ ਮਾਜਰੀ ਅਤੇ ਖਰੜ ਦੀਆਂ ਚੋਣਾਂ ਲਈ ਬੈਲਟ ਬਾਕਸਾਂ ਦੀ ਸੁਰੱਖਿਅਤ ਸੰਭਾਲ ਵਾਸਤੇ ਸਰਕਾਰੀ ਪਾਲੀਟੈਕਨਿਕ ਕਾਲਜ, ਖੂਨੀਮਾਜਰਾ ਵਿਖੇ ਬਣਾਏ ਗਏ ਸਟ੍ਰਾਂਗ ਰੂਮਾਂ ਦਾ ਚੋਣ ਆਬਜ਼ਰਵਰ ਅਮ੍ਰਿਤ ਸਿੰਘ ਵੱਲੋਂ ਸ਼ਨੀਵਾਰ ਨੂੰ ਜਾਇਜ਼ਾ ਲਿਆ ਗਿਆ।
ਇਸ ਮੌਕੇ ਉਨ੍ਹਾਂ ਦੇ ਨਾਲ ਏ.ਡੀ.ਸੀ. (ਪੇਂਡੂ ਵਿਕਾਸ)-ਕਮ-ਵਧੀਕ ਜ਼ਿਲ੍ਹਾ ਚੋਣ ਅਧਿਕਾਰੀ ਸੋਨਮ ਚੌਧਰੀ ਅਤੇ ਐਸ.ਡੀ.ਐਮ.-ਕਮ-ਰਿਟਰਨਿੰਗ ਅਫ਼ਸਰ, ਖਰੜ ਪੰਚਾਇਤ ਸਮਿਤੀ, ਦਿਵਿਆ ਪੀ. ਵੀ ਮੌਜੂਦ ਸਨ।
ਨਿਰੀਖਣ ਦੌਰਾਨ ਚੋਣ ਪਰਵੇਖਕ ਨੇ ਸਥਾਨਕ ਪ੍ਰਸ਼ਾਸਨ ਨੂੰ ਸਟ੍ਰਾਂਗ ਰੂਮਾਂ ਦੀ ਸੁਰੱਖਿਆ ਲਈ ਮੁਕੰਮਲ ਅਤੇ ਮਜ਼ਬੂਤ ਪ੍ਰਬੰਧ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਸੀ.ਸੀ.ਟੀ.ਵੀ. ਕੈਮਰੇ ਲਗਾਉਣ ਅਤੇ ਉਨ੍ਹਾਂ ਦੀ ਲਾਈਵ ਫੁਟੇਜ ਉਮੀਦਵਾਰਾਂ ਦੀ ਜਾਣਕਾਰੀ ਲਈ ਸਟ੍ਰਾਂਗ ਰੂਮਾਂ ਦੇ ਬਾਹਰ ਲੱਗੀਆਂ ਸਕ੍ਰੀਨਾਂ ’ਤੇ ਦਿਖਾਉਣ ’ਤੇ ਖਾਸ ਜ਼ੋਰ ਦਿੱਤਾ। ਇਸ ਤੋਂ ਇਲਾਵਾ ਪੁਲਿਸ ਬਲ ਦੀ ਯੋਗ ਤਾਇਨਾਤੀ ਵੀ ਯਕੀਨੀ ਬਣਾਉਣ ਲਈ ਕਿਹਾ।
ਅਮ੍ਰਿਤ ਸਿੰਘ ਨੇ ਕਿਹਾ ਕਿ ਵੋਟਰਾਂ ਦੇ ਮਤਦਾਨ ਦੀ ਪਵਿੱਤਰਤਾ ਅਤੇ ਭਰੋਸੇਯੋਗਤਾ ਨੂੰ ਬੈਲਟ ਬਾਕਸਾਂ ਵਿੱਚ ਸੀਲ ਹੋਏ ਮਤਾਂ ਰਾਹੀਂ ਸੁਰੱਖਿਅਤ ਰੱਖਣਾ ਪ੍ਰਸ਼ਾਸਨ ਦੀ ਪ੍ਰਮੁੱਖ ਜ਼ਿੰਮੇਵਾਰੀ ਹੈ ਅਤੇ ਗਿਣਤੀ ਤੱਕ ਇਸ ਦੀ ਪੂਰੀ ਸਾਵਧਾਨੀ ਨਾਲ ਸੰਭਾਲ ਕੀਤੀ ਜਾਵੇ। ਉਨ੍ਹਾਂ ਦੱਸਿਆ ਕਿ ਸਰਕਾਰੀ ਪਾਲੀਟੈਕਨਿਕ ਕਾਲਜ, ਖੂਨੀਮਾਜਰਾ ਵਿੱਚ ਹੀ ਮਾਜਰੀ ਅਤੇ ਖਰੜ ਪੰਚਾਇਤ ਸਮਿਤੀ ਚੋਣਾਂ ਦੀ ਵੋਟਾਂ ਦੀ ਗਿਣਤੀ 17 ਦਸੰਬਰ ਨੂੰ ਕੀਤੀ ਜਾਵੇਗੀ।
ਇਸ ਤੋਂ ਪਹਿਲਾਂ ਚੋਣ ਆਬਜ਼ਰਵਰ ਵੱਲੋਂ ਇਥੋਂ ਹੀ ਮਾਜਰੀ ਅਤੇ ਖਰੜ ਪੰਚਾਇਤ ਸੰਮਤੀ ਦੇ ਪੋਲਿੰਗ ਬੂਥਾਂ ਲਈ ਰਵਾਨਾ ਹੋਈਆਂ ਪੋਲਿੰਗ ਪਾਰਟੀਆਂ ਦੀ ਅੰਤਿਮ ਟ੍ਰੇਨਿੰਗ-ਕਮ-ਰਿਹਰਸਲ ਦਾ ਵੀ ਨਿਰੀਖਣ ਕੀਤਾ ਗਿਆ।
ਪੋਲਿੰਗ ਪਾਰਟੀਆਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਨੇ ਰਾਜ ਚੋਣ ਕਮਿਸ਼ਨ, ਪੰਜਾਬ ਵੱਲੋਂ ਜਾਰੀ ਹਦਾਇਤਾਂ ਦੀ ਸਖ਼ਤੀ ਨਾਲ ਪਾਲਣਾ ਕਰਦੇ ਹੋਏ ਮਤਦਾਨ ਪ੍ਰਕਿਰਿਆ ਨੂੰ ਪੂਰੀ ਤਰ੍ਹਾਂ ਨਿਰਪੱਖ, ਪਾਰਦਰਸ਼ੀ ਅਤੇ ਸੁਚੱਜੇ ਢੰਗ ਨਾਲ ਕਰਵਾਉਣ ਦੀ ਅਪੀਲ ਕੀਤੀ।
ਇਸ ਦੌਰਾਨ ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿੱਚ ਖਰੜ, ਮਾਜਰੀ ਅਤੇ ਡੇਰਾਬੱਸੀ ਪੰਚਾਇਤ ਸੰਮਤੀਆਂ ਲਈ ਕੱਲ੍ਹ 14 ਦਸੰਬਰ ਨੂੰ ਕੁੱਲ 306 ਪੋਲਿੰਗ ਬੂਥਾਂ ’ਤੇ ਮਤਦਾਨ ਹੋਵੇਗਾ। ਮਤਦਾਨ ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਤੱਕ ਜਾਰੀ ਰਹੇਗਾ। ਡੇਰਾਬੱਸੀ ਵਿੱਚ 121, ਮਾਜਰੀ ਵਿੱਚ 110 ਅਤੇ ਖਰੜ ਵਿੱਚ 75 ਪੋਲਿੰਗ ਬੂਥ ਸਥਾਪਤ ਕੀਤੇ ਗਏ ਹਨ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ