
ਮੋਹਾਲੀ, 14 ਦਸੰਬਰ (ਹਿੰ. ਸ.)। ਗਿਆਨ ਜੋਤੀ ਇੰਸਟੀਚਿਊਟ ਆਫ਼ ਮੈਨੇਜਮੈਂਟ ਅਤੇ ਟੈਕਨੌਲੋਜੀ, ਫ਼ੇਜ਼ ਦੋ ਵੱਲੋਂ ਪੰਜ ਦਿਨਾਂ ਦਾ ਇੱਕ ਆਨਲਾਈਨ ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ ਸਫਲਤਾਪੂਰਵਕ ਆਯੋਜਿਤ ਕੀਤਾ ਗਿਆ। ਇਸ ਐੱਫ਼ ਡੀ ਪੀ ਦਾ ਮੁੱਖ ਵਿਸ਼ਾ ਰਵਾਇਤ ਤੋਂ ਨਵੀਨਤਾ ਤੱਕ: ਭਾਰਤੀ ਗਿਆਨ ਪ੍ਰਣਾਲੀਆਂ ਨੂੰ ਜੋੜਨ ਲਈ ਸਿੱਖਿਆਦਾਇਕ ਸਾਧਨ ਸੀ, ਜਿਸ ਵਿੱਚ ਦੇਸ਼ ਭਰ ਤੋਂ 63 ਭਾਗੀਦਾਰਾਂ ਨੇ ਸ਼ਿਰਕਤ ਕੀਤੀ।
ਇਸ ਪ੍ਰੋਗਰਾਮ ਦਾ ਉਦੇਸ਼ ਉੱਚ ਸਿੱਖਿਆ ਵਿੱਚ ਇੰਡੀਅਨ ਨੌਲੇਜ ਸਿਸਟਮਜ਼ ਦੇ ਅਰਥਪੂਰਨ ਏਕੀਕਰਨ ਲਈ ਸਿੱਖਿਆ ਸ਼ਾਸਤਰੀ ਸਾਧਨਾਂ ਦੀ ਸਮਝ ਨੂੰ ਵਧਾਉਣਾ ਸੀ, ਜੋ ਕਿ ਰਾਸ਼ਟਰੀ ਸਿੱਖਿਆ ਨੀਤੀ 2020 ਦੇ ਦ੍ਰਿਸ਼ਟੀਕੋਣ ਨਾਲ ਮੇਲ ਖਾਂਦਾ ਹੈ। ਇਸ ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ ਨੂੰ ਵੱਖ-ਵੱਖ ਖੇਤਰਾਂ ਦੇ ਵੱਕਾਰੀ ਅਤੇ ਮਾਣਯੋਗ ਬੁਲਾਰਿਆਂ ਦੁਆਰਾ ਸਨਮਾਨਿਤ ਕੀਤਾ ਗਿਆ। ਜਿਨ੍ਹਾਂ ਵਿਚ ਆਈ.ਆਈ.ਟੀ.–ਬੀ.ਐੱਚ.ਯੂ.ਤੋਂ ਪ੍ਰੋ ਵੀ. ਰਾਮਨਾਥਨ ,ਕੇ.ਕੇ.ਐੱਸ.ਯੂ. ਮਹਾਰਾਸ਼ਟਰ ਤੋਂ ਡਾ. ਕਾਲਾਪਿਨੀ ਐੱਚ. ਅਗਾਸਤੀ , ਏਸ਼ੀਅਨ ਬਿਜ਼ਨਸ ਸਕੂਲ ਤੋਂ ਪ੍ਰੋ. (ਡਾ.) ਸਵਾਤੀ ਭਾਟੀਆ, ਦਿੱਲੀ ਯੂਨੀਵਰਸਿਟੀ ਤੋਂ ਡਾ. ਪ੍ਰੀਤੀ ਜਗਵਾਨੀ, ਟੀ.ਡੀ.ਯੂ. ਬੰਗਲੌਰ ਤੋਂ ਡਾ. ਸੁਬ੍ਰਾਹਮਣਿਆ ਕੁਮਾਰ ਕੇ ਅਤੇ ਮੇਈ.ਟੀ.ਵਾਈ., ਭਾਰਤ ਸਰਕਾਰ ਤੋਂ ਮਿਸ ਓਜਸਵੀ ਗੋਇਲ ਨੇ ਇਸ ਆਨਲਾਈਨ ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ ਦਾ ਹਿੱਸਾ ਬਣਦੇ ਹੋਏ ਸਬੰਧਿਤ ਵਿਸ਼ੇ ਤੇ ਅਹਿਮ ਵਿਚਾਰ ਸਾਂਝੇ ਕੀਤੇ। ਇਸ ਦੌਰਾਨ ਨਵੀਂ ਸਿੱਖਿਆਂ ਨੀਤੀ 2020 ਤੇ ਚਰਚਾ ਕਰਦੇ ਹੋਏ ਇਸ ਦੇ ਦ੍ਰਿਸ਼ਟੀਕੋਣ ਤੋਂ ਲੈ ਕੇ ਡਿਜੀਟਲ ਸਾਧਨਾਂ, ਖੋਜ ਏਕੀਕਰਨ, ਅਤੇ ਲਾਗੂ ਕਰਨ ਦੇ ਮਾਡਲਾਂ ਤੱਕ ਤੇ ਚਰਚਾ ਕੀਤੀ ਗਈ। ਜਿਸ ਵਿਚ ਹਰ ਇੱਕ ਸੈਸ਼ਨ ਨੇ ਇਸ ਗੱਲ ਦੀ ਸਮਝ ਨੂੰ ਪੁਖ਼ਤਾ ਕੀਤਾ ਕਿ ਭਾਰਤੀ ਗਿਆਨ ਪ੍ਰਣਾਲੀਆਂ ਨੂੰ ਉੱਚ ਸਿੱਖਿਆ ਵਿੱਚ ਸਾਰਥਕ ਤੌਰ 'ਤੇ ਕਿਵੇਂ ਸ਼ਾਮਲ ਕੀਤਾ ਜਾ ਸਕਦਾ ਹੈ।
ਇਸ ਮੌਕੇ 'ਤੇ ਗਿਆਨ ਜੋਤੀ ਇੰਸਟੀਚਿਊਟ ਆਫ਼ ਮੈਨੇਜਮੈਂਟ ਅਤੇ ਟੈਕਨੌਲੋਜੀ ਦੇ ਡਾਇਰੈਕਟਰ, ਡਾ. ਅਨੀਤ ਬੇਦੀ ਨੇ ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ ਦੀ ਸਫਲਤਾ 'ਤੇ ਖ਼ੁਸ਼ੀ ਜ਼ਾਹਰ ਕਰਦਿਆਂ ਕਿਹਾ ਕਿ ਇਹ ਐੱਫ਼ ਡੀ ਪੀ ਸਮੇਂ ਦੀ ਲੋੜ ਹੈ ਜਿਸ ਵਿਚ ਭਾਰਤੀ ਗਿਆਨ ਪ੍ਰਣਾਲੀਆਂ ਨੂੰ ਮੁੱਖ ਧਾਰਾ ਦੀ ਸਿੱਖਿਆ ਵਿੱਚ ਲਿਆਉਣਾ ਨਾ ਸਿਰਫ਼ ਸਾਡੇ ਅਮੀਰ ਵਿਰਸੇ ਦਾ ਸਨਮਾਨ ਕਰਨਾ ਹੈ, ਬਲਕਿ ਇਹ ਅਜਿਹੇ ਵਿਦਿਆਰਥੀਆਂ ਨੂੰ ਤਿਆਰ ਕਰਨ ਲਈ ਵੀ ਮਹੱਤਵਪੂਰਨ ਹੈ ਜੋ ਆਪਣੀਆਂ ਜੜ੍ਹਾਂ ਨਾਲ ਜੁੜੇ ਰਹਿਣ ਦੇ ਨਾਲ-ਨਾਲ ਆਧੁਨਿਕ ਤਕਨਾਲੋਜੀ ਵਿੱਚ ਵੀ ਨਿਪੁੰਨ ਹੋਣ। ਅਸੀਂ ਵਿਸ਼ਵ ਪੱਧਰੀ ਬੁਲਾਰਿਆਂ ਦੇ ਧੰਨਵਾਦੀ ਹਾਂ ਜਿਨ੍ਹਾਂ ਨੇ ਅਧਿਆਪਨ ਦੇ ਨਵੇਂ ਅਤੇ ਨਵੀਨਤਾਕਾਰੀ ਤਰੀਕਿਆਂ ਨਾਲ ਭਾਗੀਦਾਰਾਂ ਨੂੰ ਗਿਆਨਵਾਨ ਕੀਤਾ। ਇਸ ਪ੍ਰੋਗਰਾਮ ਨੇ ਭਾਗੀਦਾਰਾਂ ਨੂੰ ਇੰਡੀਅਨ ਨੌਲੇਜ ਸਿਸਟਮਜ਼ ਨੂੰ ਆਪਣੀਆਂ ਅਧਿਆਪਨ ਸ਼ੈਲੀਆਂ ਵਿੱਚ ਸ਼ਾਮਲ ਕਰਨ ਲਈ ਜ਼ਰੂਰੀ ਹੁਨਰ ਅਤੇ ਸੂਝ ਪ੍ਰਦਾਨ ਕੀਤੀ, ਜਿਸ ਨਾਲ ਉਹਨਾਂ ਦੇ ਵਿਦਿਆਰਥੀਆਂ ਲਈ ਵਧੇਰੇ ਸੰਪੂਰਨ ਅਤੇ ਸੰਤੁਲਿਤ ਸਿੱਖਣ ਦਾ ਅਨੁਭਵ ਯਕੀਨੀ ਹੋਵੇਗਾ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ