
ਚੰਡੀਗੜ੍ਹ, 14 ਦਸੰਬਰ (ਹਿੰ.ਸ.)। ਪੰਜਾਬ ਵਿੱਚ ਐਤਵਾਰ ਨੂੰ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਲਈ ਵੋਟਿੰਗ ਅਮਨ-ਸ਼ਾਂਤੀ ਨਾਲ ਸਮਾਪਤ ਹੋ ਗਈ। ਕਮਿਸ਼ਨ ਵੱਲੋਂ ਨੋਟੀਫਾਈ ਕੀਤੇ ਪ੍ਰੋਗਰਾਮ ਅਨੁਸਾਰ, ਰਾਜ ਵਿੱਚ 22 ਜ਼ਿਲ੍ਹਾ ਪ੍ਰੀਸ਼ਦਾਂ ਦੇ 347 ਜ਼ੋਨਾਂ ਅਤੇ 153 ਪੰਚਾਇਤ ਸੰਮਤੀਆਂ ਦੇ 2838 ਜ਼ੋਨਾਂ ਤੋਂ ਮੈਂਬਰਾਂ ਦੀ ਚੋਣ ਲਈ ਆਮ ਚੋਣਾਂ ਤਸੱਲੀਬਖਸ਼ ਅਤੇ ਸ਼ਾਂਤੀਪੂਰਨ ਢੰਗ ਨਾਲ ਹੋਈਆਂ ਹਨ। ਕਿਤੇ ਵੀ ਕਿਸੇ ਜਾਨੀ ਨੁਕਸਾਨ ਜਾਂ ਵੱਡੀ ਝੜਪ ਦੀ ਰਿਪੋਰਟ ਨਹੀਂ ਹੈ। ਵੋਟਿੰਗ ਪ੍ਰਕਿਰਿਆ ਸ਼ਾਮ 4:00 ਵਜੇ ਤੱਕ ਜਾਰੀ ਰਹੀ। ਇਨ੍ਹਾਂ ਪੰਚਾਇਤੀ ਰਾਜ ਸੰਸਥਾ ਚੋਣਾਂ ਲਈ ਵੋਟਿੰਗ ਈਵੀਐਮ ਦੀ ਬਜਾਏ ਬੈਲਟ ਪੇਪਰਾਂ ਦੀ ਵਰਤੋਂ ਕਰਕੇ ਕੀਤੀ ਗਈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀਆਂ ਚੋਣਾਂ ਲਈ ਸੰਗਰੂਰ ਦੇ ਪਿੰਡ ਮੰਗਵਾਲ ਵਿਖੇ ਵੋਟ ਪਾਈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਿੰਡ ਬਾਦਲ ’ਚ ਵੋਟ ਪਾਈ। ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਅੱਜ ਸਵੇਰੇ ਪੋਲਿੰਗ ਸਟੇਸ਼ਨਾਂ ਦਾ ਦੌਰਾ ਕੀਤਾ, ਉੱਥੇ ਹੀ ਪੰਜਾਬ ਦੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਪਿੰਡ ਗੰਭੀਰਪੁਰ ਵਿੱਚ ਆਪਣੀ ਵੋਟ ਪਾਈ।
ਇਸ ਦੌਰਾਨ ਵੋਟਿੰਗ ਸਮੇਂ ਬਠਿੰਡਾ ਦੇ ਅਧੀਨ ਬਹਿਮਣ ਦੀਵਾਨਾ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਮਹਿਲਾ ਉਮੀਦਵਾਰ ਜਸਕਰਨ ਕੌਰ ਨੂੰ ਸਦਮਾ ਲੱਗਿਆ ਜਦੋਂ ਉਨ੍ਹਾਂ ਦੇ ਪਤੀ ਜਗਸੀਰ ਸਿੰਘ ਬੱਲੂਆਣਾ ਦੀ ਪੋਲਿੰਗ ਸਟੇਸ਼ਨ ’ਤੇ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਚੋਣਾਂ ਦੌਰਾਨ ਤਲਵੰਡੀ ਸਾਬੋ ਤੋਂ ਬਲਾਕ ਸੰਮਤੀ ਹਲਕੇ ਜੰਬਰ ਬਸਤੀ ਅਧੀਨ ਆਉਂਦੇ ਪਿੰਡ ਫਤਹਿਗੜ੍ਹ ਨੌ ਆਬਾਦ 'ਚ ਵੋਟਿੰਗ ਦੇ ਅੰਤਿਮ ਪੜਾਅ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਜਿਲ੍ਹਾ ਪ੍ਰੀਸ਼ਦ ਦੇ ਸਾਬਕਾ ਮੈਂਬਰ ਗੁਰਪ੍ਰਤਾਪ ਸਿੰਘ ’ਤੇ ਕਥਿਤ ਹਮਲਾ ਹੋਣ ਅਤੇ ਗੰਭੀਰ ਜ਼ਖ਼ਮੀ ਹੋ ਜਾਣ ਦੀ ਖ਼ਬਰ ਸਾਹਮਣੇ ਆਈ ਹੈ। ਗੁਰਪ੍ਰਤਾਪ ਸਿੰਘ ਨੂੰ ਇਲਾਜ ਲਈ ਸਬ ਡਵੀਜ਼ਨਲ ਸਿਵਲ ਹਸਪਤਾਲ ਤਲਵੰਡੀ ਸਾਬੋ ਵਿਖੇ ਦਾਖਿਲ ਕਰਵਾਇਆ ਗਿਆ ਹੈ।ਇਸ ਤੋਂ ਪਹਿਲਾਂ ਰਾਜ ਚੋਣ ਕਮਿਸ਼ਨ ਵੱਲੋਂ ਸਵੇਰੇ 10 ਵਜੇ ਜਾਰੀ ਕੀਤੀ ਗਈ ਜਾਣਕਾਰੀ ਅਨੁਸਾਰ, ਅੰਮ੍ਰਿਤਸਰ ਦੇ ਖਾਸਾ ਅਤੇ ਖੁਰਮਣੀਆਂ ਵਿੱਚ ਬਲਾਕ ਕਮੇਟੀ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਰੱਦ ਕਰ ਦਿੱਤੀਆਂ ਗਈਆਂ। ਇੱਥੇ ਦੋ ਉਮੀਦਵਾਰਾਂ ਦੇ ਚੋਣ ਨਿਸ਼ਾਨ ਗਲਤ ਛਪੇ ਹੋਏ ਸਨ। ਤਲਵੰਡੀ ਸਾਬੋ ਦੇ ਇੱਕ ਪੋਲਿੰਗ ਸਟੇਸ਼ਨ 'ਤੇ ਵੀ ਸਵੇਰੇ ਲਗਭਗ ਇੱਕ ਘੰਟੇ ਲਈ ਵੋਟਿੰਗ ਰੁਕੀ ਰਹੀ। ਉਮੀਦਵਾਰਾਂ ਦੀ ਬੇਨਤੀ 'ਤੇ ਦੂਜੀ ਬੈਲਟ ਬਾਕਸ ਮੰਗਵਾਉਣ ਤੋਂ ਬਾਅਦ ਚੋਣ ਪ੍ਰਕਿਰਿਆ ਮੁੜ ਸ਼ੁਰੂ ਹੋਈ।ਇਸ ਦੌਰਾਨ ਦੇਰ ਸ਼ਾਮ ਕਮਿਸ਼ਨ ਨੇ ਕਈ ਥਾਵਾਂ ’ਤੇ ਰੱਦ ਹੋਈ ਵੋਟਿੰਗ ਨੂੰ ਦੁਬਾਰਾ ਕਰਵਾਉਣ ਦਾ ਐਲਾਨ ਕੀਤਾ ਹੈ। ਇਨ੍ਹਾਂ ਥਾਵਾਂ ’ਚ 1. ਬਲਾਕ ਸੰਮਤੀ ਅਟਾਰੀ, ਜ਼ੋਨ ਨੰ. 08 (ਖਾਸਾ) (ਬੂਥ ਨੰ. 52,53,54,55) ਅਤੇ ਜ਼ੋਨ ਨੰ. 17 (ਵਰਪਾਲ ਕਲਾਂ) (ਬੂਥ ਨੰ. 90,91,93,94,95)-ਜ਼ਿਲ੍ਹਾ ਅੰਮ੍ਰਿਤਸਰ,2. ਬਲਾਕ ਸੰਮਤੀ ਚੰਨਣਵਾਲ (ਜ਼ੋਨ ਨੰ. 04), ਪਿੰਡ ਰਾਏਸਰ ਪਟਿਆਲਾ (ਬੂਥ ਨੰ. 20)- ਜ਼ਿਲ੍ਹਾ ਬਰਨਾਲਾ,3. ਬਲਾਕ ਕੋਟ ਭਾਈ, ਗਿੱਦੜਬਾਹਾ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿੱਚ ਪਿੰਡ ਬਾਬਣੀਆਂ (ਬੂਥ ਨੰ: 63 ਅਤੇ 64), ਅਤੇ ਪਿੰਡ ਮਧੀਰ (ਬੂਥ ਨੰ. 21 ਅਤੇ 22),4. ਪਿੰਡ ਚੰਨ੍ਹੀਆ (ਪੋਲਿੰਗ ਸਟੇਸ਼ਨ 124) - ਜ਼ਿਲ੍ਹਾ ਗੁਰਦਾਸਪੁਰ,5. ਪੋਲਿੰਗ ਬੂਥ 72, ਪੰਚਾਇਤ ਸੰਮਤੀ ਭੋਗਪੁਰ (ਜ਼ੋਨ ਨੰ. 4)- ਜ਼ਿਲ੍ਹਾ ਜਲੰਧਰਸ਼ਾਮਲਹਨ। ਕਮਿਸ਼ਨਅਨੁਸਾਰ ਦੁਬਾਰਾ ਵੋਟਿੰਗ 16.12.2025 ਨੂੰ ਸਵੇਰੇ 08:00 ਵਜੇ ਤੋਂ ਸ਼ਾਮ 04:00 ਵਜੇ ਤੱਕ ਹੋਵੇਗੀ। ਇਨ੍ਹਾਂ ਦੀ ਗਿਣਤੀ 17.12.2025 ਨੂੰ ਆਮ ਗਿਣਤੀ ਦੇ ਨਾਲ ਕੀਤੀ ਜਾਵੇਗੀ।ਜ਼ਿਕਰਯੋਗ ਹੈ ਕਿ ਰਾਜ ਵਿੱਚ 347 ਜ਼ਿਲ੍ਹਾ ਪ੍ਰੀਸ਼ਦ ਅਤੇ 2,838 ਬਲਾਕ ਸੰਮਤੀ ਸੀਟਾਂ ਲਈ ਕੁੱਲ 9,775 ਉਮੀਦਵਾਰ ਚੋਣ ਮੈਦਾਨ ਵਿੱਚ ਸਨ। ਰਾਜ ਚੋਣ ਕਮਿਸ਼ਨ ਨੇ ਚੋਣ ਪ੍ਰਕਿਰਿਆ ਨੂੰ ਸੁਚਾਰੂ ਢੰਗ ਨਾਲ ਚਲਾਉਣ ਨੂੰ ਯਕੀਨੀ ਬਣਾਉਣ ਲਈ ਲਗਭਗ 100,000 ਪੁਲਿਸ ਅਤੇ ਸਿਵਲ ਪ੍ਰਸ਼ਾਸਨ ਦੇ ਕਰਮਚਾਰੀ ਤਾਇਨਾਤ ਕੀਤੇ ਸਨ। ਇਨ੍ਹਾਂ ਚੋਣਾਂ ਦੇ ਨਤੀਜਿਆਂ ਦਾ ਐਲਾਨ 17 ਦਸੰਬਰ ਨੂੰ ਕੀਤਾ ਜਾਵੇਗਾ।
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ