
ਦਿੜ੍ਹਬਾ, 31 ਦਸੰਬਰ (ਹਿੰ. ਸ.)। ਅਗਾਮੀ ਸਾਲ 2026 ਦੌਰਾਨ ਦਿੜ੍ਹਬਾ ਦਾਣਾ ਮੰਡੀ ਵਿੱਚ ਆਏ ਸੀਜ਼ਨ ਮੀਂਹ ਦੇ ਪਾਣੀ ਇਕੱਠਾ ਹੋਣ ਦੀ ਸਮੱਸਿਆ ਦਾ ਪੱਕਾ ਹੱਲ ਹੋ ਜਾਵੇਗਾ। ਇਸ ਸਮੱਸਿਆ ਨੂੰ ਖ਼ਤਮ ਕਰਨ ਲਈ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੇ ਯਤਨਾਂ ਸਦਕਾ 2 ਕਰੋੜ ਰੁਪਏ ਦੀ ਲਾਗਤ ਨਾਲ ' ਰੇਨ ਵਾਟਰ ਸਿਸਟਮ ' ਪ੍ਰੋਜੈਕਟ ਸਥਾਪਤ ਕੀਤਾ ਜਾ ਰਿਹਾ ਹੈ, ਜੋ ਕਿ 2 ਮਹੀਨੇ ਵਿੱਚ ਮੁਕੰਮਲ ਹੋ ਜਾਵੇਗਾ। ਇਸ ਮਕਸਦ ਲਈ ਪਾਈਪ ਲਾਈਨ ਪਾਉਣ ਦੇ ਚੱਲ ਰਹੇ ਕੰਮ ਦਾ ਮਾਰਕੀਟ ਕਮੇਟੀ ਦਿੜ੍ਹਬਾ ਦੇ ਚੇਅਰਪਰਸਨ ਜਸਵੀਰ ਕੌਰ ਸ਼ੇਰਗਿੱਲ ਨੇ ਜਾਇਜ਼ਾ ਲਿਆ।
ਚੇਅਰਪਰਸਨ ਸ਼ੇਰਗਿੱਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 17 ਏਕੜ ਵਿੱਚ ਫੈਲੀ ਹਲਕੇ ਦੀ ਸਭ ਤੋਂ ਵੱਡੀ ਦਾਣਾ ਮੰਡੀ ਵਿੱਚ ਆਏ ਮੌਨਸੂਨ ਸੀਜ਼ਨ ਦੌਰਾਨ ਮੀਂਹ ਦੇ ਪਾਣੀ ਦੇ ਇਕੱਠਾ ਹੋਣ ਦੀ ਵੱਡੀ ਸਮੱਸਿਆ ਹੈ। ਮੀਂਹ ਪੈਣ ਉੱਤੇ ਸ਼ਹਿਰ ਵਿੱਚੋਂ ਲੰਘਦੀ ਨੈਸ਼ਨਲ ਹਾਈਵੇ 52 ਅਤੇ ਮੁੱਖ ਮਾਰਕੀਟ ਦਾ ਸਾਰਾ ਪਾਣੀ ਦਾਣਾ ਮੰਡੀ ਵਿੱਚ ਇਕੱਠਾ ਹੋ ਜਾਂਦਾ ਹੈ। ਜਿਸ ਕਾਰਨ ਜਿੱਥੇ ਫ਼ਸਲਾਂ ਨੂੰ ਨੁਕਸਾਨ ਹੁੰਦਾ ਹੈ ਉਥੇ ਹੀ ਇਸ ਨਾਲ ਮੰਡੀ ਦੇ ਫੜ੍ਹ ਅਤੇ ਇਮਾਰਤਾਂ ਨੂੰ ਵੀ ਬਹੁਤ ਨੁਕਸਾਨ ਹੁੰਦਾ ਹੈ। ਦੁਕਾਨਦਾਰਾਂ ਦਾ ਕੰਮ ਕਈ ਦਿਨ ਬੰਦ ਰਹਿੰਦਾ ਹੈ। ਇਸ ਸਮੱਸਿਆ ਦਾ ਪੱਕਾ ਹੱਲ ਕਰਨ ਲਈ ਵਿੱਤ ਅਤੇ ਯੋਜਨਾ ਮੰਤਰੀ ਹਰਪਾਲ ਸਿੰਘ ਚੀਮਾ ਦੇ ਯਤਨਾਂ ਨਾਲ ਦਾਣਾ ਮੰਡੀ ਵਿੱਚ ' ਰੇਨ ਵਾਟਰ ਸਿਸਟਮ ' ਸਥਾਪਤ ਕੀਤਾ ਜਾ ਰਿਹਾ ਹੈ। ਇਹ ਸਾਰਾ ਪ੍ਰੋਜੈਕਟ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਮਾਹਿਰਾਂ ਦੀ ਟੀਮ ਵੱਲੋਂ ਬਕਾਇਦਾ ਸਰਵੇਖਣ ਕਰਨ ਉਪਰੰਤ ਤਿਆਰ ਕੀਤਾ ਗਿਆ ਹੈ।
ਉਹਨਾਂ ਕਿਹਾ ਕਿ ਇਸ ਪ੍ਰੋਜੈਕਟ ਤਹਿਤ 2 ਕਿਲੋਮੀਟਰ ਲੰਮੀ ਪਾਈਪ ਲਾਈਨ ਪਾਉਣ ਦਾ ਕੰਮ ਪੂਰੇ ਜ਼ੋਰਾਂ ਉਤੇ ਚੱਲ ਰਿਹਾ ਹੈ। ਪਾਈਪ ਲਾਈਨ ਰਾਹੀਂ ਮੀਂਹ ਦਾ ਪਾਣੀ ਗੁਰਦੁਆਰਾ ਬੈਰਸੀਆਣਾ ਸਾਹਿਬ ਦੇ ਨਾਲ ਲੰਘਦੀ ਡਰੇਨ ਵਿੱਚ ਪਾਇਆ ਜਾਵੇਗਾ। ਮੀਂਹ ਦਾ ਪਾਣੀ ਕੱਢਣ ਲਈ ਪਹਿਲਾਂ ਹੀ ਲੱਗੇ ਪੰਪ ਦੀ ਸਮਰੱਥਾ ਨੂੰ 20 ਪਾਵਰ ਤੋਂ ਵਧਾ ਕੇ 35 ਕੀਤਾ ਜਾ ਰਿਹਾ ਹੈ। ਸਾਰੀ ਪਾਈਪ ਲਾਈਨ ਨਵੀਂ ਪਾਈ ਜਾ ਰਹੀ ਹੈ। ਪਹਿਲਾਂ ਮੀਂਹ ਦਾ ਪਾਣੀ ਨਿਕਲਣ/ਸੁੱਕਣ ਲਈ 36 ਘੰਟੇ ਤੋਂ ਵੀ ਜਿਆਦਾ ਦਾ ਸਮਾਂ ਲੱਗ ਜਾਂਦਾ ਸੀ ਪਰ ਹੁਣ ਇਹ ਪਾਣੀ 8 ਤੋਂ 10 ਘੰਟੇ ਵਿੱਚ ਨਿਕਲ ਜਾਇਆ ਕਰੇਗਾ। ਉਹਨਾਂ ਕਿਹਾ ਕਿ ਇਹ ਕੰਮ ਮੁਕੰਮਲ ਹੋਣ ਉਪਰੰਤ ਪੂਰੀ ਦਾਣਾ ਮੰਡੀ ਵਿੱਚ ਨਵੀਆਂ ਸੜਕਾਂ ਵੀ ਬਣਾਈਆਂ ਜਾਣਗੀਆਂ।
ਉਹਨਾਂ ਕਿਹਾ ਕਿ ਜਦੋਂ ਇਹ ਪ੍ਰੋਜੈਕਟ ਮੁਕੰਮਲ ਹੋ ਗਿਆ ਤਾਂ ਇਹ ਵਿੱਤ ਅਤੇ ਯੋਜਨਾ ਮੰਤਰੀ ਸ੍ਰ ਹਰਪਾਲ ਸਿੰਘ ਚੀਮਾ ਦਾ ਹਲਕਾ ਵਾਸੀਆਂ ਨੂੰ ਨਵੇਂ ਸਾਲ ਦਾ ਵੱਡਾ ਤੋਹਫ਼ਾ ਸਾਬਿਤ ਹੋਵੇਗਾ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ