
ਸੰਗਰੂਰ, 31 ਦਸੰਬਰ (ਹਿੰ. ਸ.)। ਸਾਲ 2025 ਜ਼ਿਲ੍ਹਾ ਸੰਗਰੂਰ ਲਈ ਵਿਕਾਸ ਮੁਖੀ ਸਿੱਧ ਹੋਇਆ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਕਾਰਜ ਕਾਲ ਦੇ ਆਰੰਭ ਤੋਂ ਲੈ ਕੇ ਸਾਲ 2025 ਦੇ ਅੰਤ ਤੱਕ ਜ਼ਿਲ੍ਹੇ ਵਿੱਚ ਕਰੀਬ 1015 ਕਰੋੜ ਰੁਪਏ ਦੇ ਵਿਕਾਸ ਕਾਰਜ ਮੁਕੰਮਲ ਹੋਏ ਹਨ। ਜ਼ਿਲ੍ਹੇ ਵਿੱਚ ਕਰੀਬ 1325 ਕਰੋੜ ਰੁਪਏ ਦੇ ਵਿਕਾਸ ਕਾਰਜ ਜੰਗੀ ਪੱਧਰ ਉੱਤੇ ਜਾਰੀ ਹਨ ਜਿਹੜੇ ਕਿ ਜਲਦ ਮੁਕੰਮਲ ਹੋਣਗੇ। ਇਹਨਾਂ ਵਿਕਾਸ ਕਾਰਜਾਂ ਸਦਕਾ ਜ਼ਿਲ੍ਹੇ ਦੀ ਨੁਹਾਰ ਬਦਲੀ ਹੈ ਤੇ ਲੋਕਾਂ ਨੂੰ ਅਤਿ ਆਧੁਨਿਕ ਸਹੂਲਤਾਂ ਪ੍ਰਾਪਤ ਹੋਣ ਦੇ ਨਾਲ-ਨਾਲ ਲੋਕਾਂ ਦੀਆਂ ਚਿਰਕੋਣੀਆਂ ਮੰਗਾਂ ਵੀ ਪੂਰੀਆਂ ਹੋਈਆਂ ਹਨ।
ਵਿਕਾਸ ਕਾਰਜਾਂ ਦੇ ਨਾਲ-ਨਾਲ ਪੰਜਾਬ ਸਰਕਾਰ ਵੱਲੋਂ ਘੱਗਰ ਦਰਿਆ ਦੇ ਕੰਢੇ ਮਜ਼ਬੂਤ ਕਰਵਾਉਣ ਸਮੇਤ ਕੀਤੇ ਵੱਖ ਵੱਖ ਉਪਰਾਲਿਆਂ ਸਕਦਾ ਇਸ ਸਾਲ ਜ਼ਿਲ੍ਹਾ ਸੰਗਰੂਰ ਘੱਗਰ ਦਰਿਆ ਦੀ ਮਾਰ ਤੋਂ ਵੀ ਬਚਿਆ ਰਿਹਾ।
ਸਾਲ 2025 ਦੌਰਾਨ ਹੋਈ ਭਾਰੀ ਬਰਸਾਤ ਕਾਰਨ ਪ੍ਰਭਾਵਿਤ ਹੋਏ ਲੋਕਾਂ ਨੂੰ ਮੁਆਵਜ਼ੇ ਦੇ ਰੂਪ ਵਿੱਚ 03,66,27,335 ਰੁਪਏ ਦਿੱਤੇ ਗਏ। ਇਸ ਤਹਿਤ ਫਸਲਾਂ ਦੇ ਨੁਕਸਾਨ ਦੇ ਮੁਆਵਜ਼ੇ ਵਜੋਂ 949 ਪ੍ਰਭਾਵਿਤ ਵਿਅਕਤੀਆਂ ਨੂੰ 03,58,37,335 ਰੁਪਏ, ਪਸ਼ੂਆਂ ਦੇ ਹੋਏ ਨੁਕਸਾਨ ਦੇ ਮੁਆਵਜ਼ੇ ਵਜੋਂ 14 ਪ੍ਰਭਾਵਿਤ ਵਿਅਕਤੀਆਂ ਨੂੰ 03,90,000 ਰੁਪਏ ਅਤੇ 01 ਵਿਅਕਤੀ ਦੀ ਮੌਤ ਦੇ ਮੁਆਵਜ਼ੇ ਵਜੋਂ 04 ਲੱਖ ਰੁਪਏ ਦਿੱਤੇ ਗਏ।
ਵਿਧਾਨ ਸਭਾ ਹਲਕਾ ਸੰਗਰੂਰ ਅਧੀਨ ਸੰਗਰੂਰ ਸ਼ਹਿਰ ਵਿਖੇ ਸਥਿਤ ਜ਼ਿਲ੍ਹਾ ਸਿੱਖਿਆ ਤੇ ਸਿਖਲਾਈ ਸੰਸਥਾ ਵਿਖੇ ਅਤਿ ਆਧੂਨਿਕ ਸਹੂਲਤਾਂ ਨਾਲ ਲੈਸ ਆਡੀਟੋਰੀਅਮ ਤਿਆਰ ਕੀਤਾ ਗਿਆ ਹੈ। ਪੰਜਾਬ ਸਿੱਖਿਆ ਕਰਾਂਤੀ ਤਹਿਤ ਸੰਗਰੂਰ ਵਿਖੇ ਨਰਸਿੰਗ ਟਰੇਨਿੰਗ ਸਕੂਲ ਤਿਆਰ ਕੀਤਾ ਗਿਆ ਹੈ। ਇਸ ਦੇ ਨਾਲ ਨਾਲ ਹੀ ਸੰਗਰੂਰ ਵਿਖੇ ਸਕੂਲ ਆਫ਼ ਐਮੀਨੈਂਸ ਵੀ ਬਣਾਇਆ ਗਿਆ ਹੈ। ਬਿਹਤਰ ਬਿਜਲੀ ਸਪਲਾਈ ਲਈ ਇਤਿਹਾਸਕ ਸ਼ਹਿਰ ਸੰਗਰੂਰ ਵਿਖੇ ਨਵਾਂ ਗਰਿੱਡ ਲਾਇਆ ਗਿਆ ਹੈ।
ਗੰਦੇ ਪਾਣੀ ਦੇ ਪ੍ਰਬੰਧਨ ਹਿਤ ਭਵਾਨੀਗੜ੍ਹ ਵਿਖੇ ਐਸ.ਟੀ.ਪੀ. ਲਾਇਆ ਗਿਆ ਹੈ। ਪਿੰਡਾਂ ਵਿਚ ਖੇਡ ਮੈਦਾਨ, ਲਾਇਬ੍ਰੇਰੀਆਂ ਬਣਾਉਣ ਦੇ ਨਾਲ ਨਾਲ ਖੇਤਾਂ ਵਿੱਚ ਨਹਿਰੀ ਪਾਣੀ ਪੁੱਜਦਾ ਕਰਨ ਹਿਤ ਜ਼ਮੀਨਦੋਜ਼ ਪਾਈਪਾਂ ਪਾਈਆਂ ਗਈਆਂ ਹਨ ਤੇ ਖਾਲਿਆਂ ਦੀ ਕਾਇਆ ਕਲਪ ਕੀਤੀ ਗਈ ਹੈ।
ਵਿਧਾਨ ਸਭਾ ਹਲਕਾ ਸੁਨਾਮ ਵਿੱਚ ਸ਼ਹੀਦ ਊਧਮ ਸਿੰਘ ਆਈ.ਟੀ.ਆਈ. ਸੁਨਾਮ ਵਿਖੇ ਖੇਡ ਸਟੇਡੀਅਮ ਬਣਾਇਆ ਗਿਆ ਹੈ। ਸੁਨਾਮ ਵਿਖੇ ਸਕੂਲ ਆਫ਼ ਐਮੀਨੈਂਸ ਤਿਆਰ ਕੀਤਾ ਗਿਆ ਹੈ। ਸ਼ਹੀਦ ਊਧਮ ਸਿੰਘ ਆਈ.ਟੀ.ਆਈ. ਸੁਨਾਮ ਦੀ ਵਰਕਸ਼ਾਪ ਦੀ ਕਾਇਆ ਕਲਪ ਕੀਤੀ ਗਈ ਹੈ। ਲੌਂਗੋਵਾਲ ਵਿਖੇ ਬੱਸ ਸਟੈਂਡ ਤਿਆਰ ਕੀਤਾ ਗਿਆ ਹੈ ਤੇ ਚੀਮਾ ਮੰਡੀ ਵਿਖੇ ਵੀ ਬੱਸ ਸਟੈਂਡ ਬਣਾਇਆ ਗਿਆ ਹੈ, ਜਿਸ ਦੀ ਪਹਿਲੀ ਮੰਜ਼ਿਲ ਉੱਤੇ ਇਨਡੋਰ ਖੇਡ ਸਹੂਲਤਾਂ ਦਾ ਪ੍ਰਬੰਧ ਕੀਤਾ ਗਿਆ ਹੈ। ਚੀਮਾ ਮੰਡੀ ਵਿਖੇ ਸਬ ਤਹਿਸੀਲ ਦੀ ਨਵੀਂ ਇਮਾਰਤ ਬਣਾਈ ਗਈ ਹੈ, ਜਿਸ ਦਾ ਇਲਾਕੇ ਦੇ ਲੋਕਾਂ ਨੂੰ ਬਹੁਤ ਲਾਭ ਹੋ ਰਿਹਾ ਹੈ। ਬਿਜਲੀ ਸਬੰਧੀ ਬਿਹਤਰ ਸਹੂਲਤਾਂ ਦੇਣ ਬਾਬਤ ਸੁਨਾਮ ਵਿਖੇ 66 ਕੇ.ਵੀ. ਗਰਿੱਡ ਅਤੇ ਈਲਵਾਲ ਵਿਖੇ ਵੀ 66 ਕੇ.ਵੀ. ਗਰਿਡ ਬਣਾਏ ਗਏ ਹਨ। ਲੌਂਗੋਵਾਲ ਵਿਖੇ 05 ਐਮ.ਐਲ.ਡੀ. ਦਾ ਸੀਵੇਜ ਟਰੀਟਮੈਂਟ ਪਲਾਂਟ ਤਿਆਰ ਕੀਤਾ ਗਿਆ ਹੈ।
ਵਿਧਾਨ ਸਭਾ ਹਲਕਾ ਧੂਰੀ ਅਧੀਨ ਧੂਰੀ ਸ਼ਹਿਰ ਵਿਖੇ ਮੰਡੀ ਵਿੱਚ ਸ਼ੈੱਡ ਅਤੇ ਫੜਾਂ ਦੀ ਕਾਇਆ ਕਲਪ ਕੀਤੀ ਗਈ ਹੈ। ਧੂਰੀ ਸ਼ਹਿਰ ਵਿਖੇ ਅਤਿ ਆਧੁਨਿਕ ਲਾਇਬਰੇਰੀ ਤਿਆਰ ਕੀਤੀ ਗਈ ਹੈ। ਬਿਹਤਰ ਬਿਜਲੀ ਸਹੂਲਤਾਂ ਹਿਤ ਧੂਰੀ ਵਿਖੇ 66 ਕੇ.ਵੀ. ਗਰਿੱਡ ਲਾਇਆ ਗਿਆ ਹੈ। ਧੂਰੀ ਵਿਖੇ ਚੰਗੀਆਂ ਸੀਵਰੇਜ ਸਹੂਲਤਾਂ ਦਿੱਤੀਆਂ ਗਈਆਂ ਹਨ। ਸੰਗਰੂਰ-ਲੁਧਿਆਣਾ ਮਾਰਗ ਦੀ ਫੋਰ ਲੇਨਿੰਨ ਅਤੇ ਨਿਯਮਤ ਕਾਇਆ ਕਲਪ ਕੀਤੀ ਗਈ ਹੈ। ਧੂਰੀ ਤੋਂ ਸ਼ੇਰਪੁਰ ਰੋਡ, ਧੂਰੀ-ਸ਼ੇਰਪੁਰ ਰੋਡ ਤੋਂ ਕੇਹਰੂ ਸੜਕ, ਧੂਰੀ-ਬਰਨਾਲਾ ਰੋਡ ਤੋਂ ਬਾਲੀਆਂ ਸੜਕ, ਧੂਰੀ ਤੋਂ ਛੀਟਾਂਵਾਲਾ ਰੋਡ, ਧੂਰੀ-ਮਾਲੇਰਕੋਟਲਾ ਰੋਡ ਤੋਂ ਅਮਰਗੜ੍ਹ-ਧਾਂਦਰਾ ਰੋਡ ਅਤੇ ਕਾਤਰੋਂ ਤੋਂ ਹੱਥਨ ਰੋਡ ਦੀ ਕਾਇਆ ਕਲਪ ਕੀਤੀ ਗਈ ਹੈ।
ਵਿਧਾਨ ਸਭਾ ਹਲਕਾ ਲਹਿਰਾ ਵਿੱਚੋਂ ਲੰਘਦੀ ਭਾਖੜਾ ਨਹਿਰ ਦੇ ਨਾਲ ਨਾਲ ਲੋਕਾਂ ਦੀ ਸੁਰੱਖਿਆ ਹਿਤ ਕਰੈਸ਼ ਬੈਰੀਅਰ ਲਾਇਆ ਗਿਆ ਹੈ। ਹਲਕਾ ਲਹਿਰਾ ਵਿੱਚ ਵੱਖ-ਵੱਖ 11 ਪੁਲਾਂ ਦੀ ਉਸਾਰੀ ਕੀਤੀ ਗਈ ਹੈ। ਮੂਨਕ-ਜਾਖਲ ਰੋਡ ਤੋਂ ਗੋਬਿੰਦਗੜ੍ਹ ਪਾਪੜਾ ਸੜਕ, ਮਕਰੌੜ ਸਾਹਿਬ ਤੋਂ ਮੂਨਕ ਤੋਂ ਗੁਰੂ ਤੇਗ ਬਹਾਦਰ ਮਾਰਗ ਤਕ ਦੀ ਸੜਕ, ਗਾਗਾ ਤੋਂ ਕੋਟੜਾ ਲਹਿਲ, ਆਲਮਪੁਰ, ਅਲੀਸ਼ੇਰ ਸੜਕ ਦੀ ਕਾਇਆ ਕਲਪ ਕੀਤੀ ਗਈ ਹੈ। ਸਬ ਮਾਈਨਰ ਮੂਨਕ ਬਰਾਂਚ ਦੀ ਮੁੜ ਸੁਰਜੀਤੀ, ਦਿਆਲਪੁਰਾ ਡਿਸਟ੍ਰੀਬਿਊਟਰੀ ਦੀ ਕੰਕਰੀਟ ਲਾਈਨਿੰਗ ਅਤੇ ਲਾਡਬੰਜਾਰਾ ਮਾਈਨਰ ਦੇ ਨਾਲ ਪਾਈਪਲਾਈਨ ਪਾਉਣ ਅਤੇ ਲਾਡਬੰਜਾਰਾ ਡਿਸਟ੍ਰੀਬਿਊਟਰੀ ਦੀ ਕੰਕਰੀਟ ਲਾਈਲਿੰਗ ਕੀਤੀ ਗਈ ਹੈ। ਪੰਜਾਬ ਸਰਕਾਰ ਨੇ ਲੋਕਾਂ ਦੀ ਚਿਰੋਕਣੀ ਮੰਗ ਪੂਰੀ ਕਰਦਿਆਂ ਲਹਿਰਾ ਸ਼ਹਿਰ ਵਿੱਚੋਂ ਲੰਘਦੀ ਡਿਚ ਡਰੇਨ ਨੂੰ ਕਵਰ ਕੀਤਾ ਹੈ, ਜਿਸ ਨਾਲ ਸ਼ਹਿਰ ਵਾਸੀਆਂ ਨੂੰ ਬਹੁਤ ਵੱਡੀ ਰਾਹਤ ਮਿਲੀ ਹੈ।
ਵਿਧਾਨ ਸਭਾ ਹਲਕਾ ਦਿੜ੍ਹਬਾ ਦੀਆਂ ਮੰਡੀਆਂ ਦਾ ਵੱਡੇ ਪੱਧਰ ਉੱਤੇ ਵਿਕਾਸ ਕੀਤਾ ਗਿਆ ਹੈ। ਨਵਾਂ ਸਬ ਡਿਵੀਜ਼ਨ ਕੰਪਲੈਕਸ ਦਿੜ੍ਹਬਾ ਤਿਆਰ ਕੀਤਾ ਗਿਆ ਹੈ, ਜਿਸ ਨਾਲ ਲੋਕਾਂ ਨੂੰ ਸਰਕਾਰੀ ਕੰਮ ਕਰਵਾਉਣ ਸਬੰਧੀ ਬਹੁਤ ਵੱਡੀ ਸਹੂਲਤ ਮਿਲੀ ਹੈ। ਪਿੰਡ ਛਾਜਲੀ ਵਿਖੇ ਸਕੂਲ ਆਫ ਐਮੀਨੈਂਸ ਤਿਆਰ ਕੀਤਾ ਗਿਆ ਹੈ। ਮਹਿਲਾਂ ਤੋਂ ਸੰਗਤੀਵਾਲਾ ਵਾਇਆ ਖਡਿਆਲ, ਚੱਠੇ ਨਨਹੇੜਾ ਸੜਕ, ਦਿੜ੍ਹਬਾ ਤੋਂ ਕਮਾਲਪੁਰ ਸੜਕ 'ਤੇ ਪੁਲ ਅਤੇ ਲਾਡਬੰਜਾਰਾ ਤੋਂ ਖੇੜੀ ਨਗੀਆ ਰੋਡ ਉਤੇ ਪੁੱਲਾਂ ਦੀ ਉਸਾਰੀ ਕੀਤੀ ਗਈ ਹੈ। ਸਮੂਰਾਂ ਤੋਂ ਸੀਹਲ ਸੜਕ, ਛਾਜਲੀ ਤੋਂ ਨਗਲਾ, ਬੀਰ ਖੁਰਦ ਤੋਂ ਹੀਰੋਂ ਖੁਰਦ, ਕਣਕਵਾਲ ਤੋਂ ਸਤੌਜ ਸੜਕ, ਕੜੈਲ ਤੋਂ ਧਰਮਗੜ੍ਹ ਛੰਨਾ ਸੜਕ, ਦਿੜ੍ਹਬਾ ਤੋਂ ਕੌਹਰੀਆਂ ਸੜਕ, ਮੌੜਾਂ ਤੋਂ ਘਨੌੜ ਰਾਜਪੂਤਾਂ ਸੜਕ ਅਤੇ ਢੰਡੋਲੀ ਖੁਰਦ ਤੋਂ ਜਨਾਲ ਅਤੇ ਢੰਡੋਲੀ ਕਲਾਂ ਰੋਡ ਦੀ ਕਾਇਆ ਕਲਪ ਕੀਤੀ ਗਈ ਹੈ। ਬਿਹਤਰ ਸਿੰਜਾਈ ਸਹੂਲਤਾਂ ਲਈ ਹਲਕੇ ਵਿੱਚ ਵੱਡੇ ਪੱਧਰ ਉੱਤੇ ਜ਼ਮੀਨਦੋਜ ਪਾਈਪਲਾਈਨਾਂ ਪਾਈਆਂ ਗਈਆਂ ਹਨ। ਹਲਕੇ ਵਿੱਚ ਵੱਖ-ਵੱਖ, ਵੀ.ਆਰ. ਪੁਲਾਂ ਦੀ ਉਸਾਰੀ ਕੀਤੀ ਗਈ ਹੈ। ਖਡਿਆਲ ਵਿਖੇ 66 ਕੇ.ਵੀ. ਗਰਿੱਡ ਤਿਆਰ ਹੋਇਆ ਹੈ। ਵੱਖ-ਵੱਖ ਮਾਈਨਰਾਂ, ਡਿਸਟ੍ਰੀਬਿਊਟਰੀਆਂ ਤੇ ਨਹਿਰੀ ਪਾਣੀ ਦੇ ਜਲ ਸਰੋਤਾਂ ਦੀ ਕੰਕਰੀਟ ਲਾਈਨਿੰਗ ਦੇ ਵਿਕਾਸ ਕਾਰਜ ਕੀਤੇ ਗਏ ਹਨ।
ਜ਼ਿਲ੍ਹਾ ਸੰਗਰੂਰ ਵਿਖੇ 46 ਆਮ ਆਦਮੀ ਕਲੀਨਿਕ ਸਫਲਤਾ ਪੂਰਵਕ ਕੰਮ ਕਰ ਰਹੇ ਹਨ ਅਤੇ 11 ਨਵੇਂ ਆਮ ਆਦਮੀ ਕਲੀਨਿਕ ਖੋਲ੍ਹਣ ਦਾ ਕੰਮ ਚੱਲ ਰਿਹਾ ਹੈ। ਆਮ ਆਦਮੀ ਕਲੀਨਿਕਾਂ ਵਿੱਚ ਜਿੱਥੇ ਲੋਕਾਂ ਨੂੰ 107 ਤਰ੍ਹਾਂ ਦੀਆਂ ਮੁਫਤ ਦਵਾਈਆਂ ਅਤੇ 47 ਮੁਫਤ ਟੈਸਟਾਂ ਦੀ ਸਹੂਲਤ ਦਿੱਤੀ ਗਈ ਹੈ, ਉੱਥੇ ਹੀ ਦੋ ਤਰ੍ਹਾਂ ਦੇ ਅਲਟਰਾਸਾਊਂਡ ਲੈਵਲ 01 ਅਤੇ ਲੈਵਲ 02 ਵੀ ਸ਼ਾਮਿਲ ਹਨ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ