
ਫਾਜ਼ਿਲਕਾ, 17 ਜਨਵਰੀ (ਹਿੰ. ਸ.)। ਨੈਸ਼ਨਲ ਕੌਂਸਲ ਆਫ਼ ਸਾਇੰਸ ਮਿਊਜ਼ੀਅਮਜ਼ ਸੰਸਕ੍ਰਿਤੀ ਮੰਤਰਾਲਾ, ਭਾਰਤ ਸਰਕਾਰ ਦੇ ਅਧੀਨ ਕੋਲਕਾਤਾ ਦੇ ਬਿਰਲਾ ਇੰਡਸਟਰੀਅਲ ਐਂਡ ਟੈਕਨੋਲੋਜੀਕਲ ਮਿਊਜ਼ੀਅਮ ਵਿੱਚ ਆਯੋਜਿਤ ਨੈਸ਼ਨਲ ਲੈਵਲ ਸਾਇੰਸ ਡਰਾਮਾ ਫੈਸਟੀਵਲ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਡੱਬਵਾਲਾ ਕਲਾਂ (ਫਾਜ਼ਿਲਕਾ) ਦੀ ਟੀਮ ਪੰਜਾਬ ਨੇ ਰਾਸ਼ਟਰੀ ਪੱਧਰ 'ਤੇ ਮਹੱਤਵਪੂਰਨ ਉਪਲਬਧੀ ਹਾਸਲ ਕਰਕੇ ਸੂਬੇ ਦਾ ਨਾਮ ਰੋਸ਼ਨ ਕੀਤਾ ਹੈ। ਇਹ ਪ੍ਰਾਪਤੀ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੀ ਸਿਰਜਣਾਤਮਕ ਅਤੇ ਅਕਾਦਮਿਕ ਸਮਰੱਥਾ ਨੂੰ ਦਰਸਾਉਂਦੀ ਹੈ।
ਰਾਸ਼ਟਰੀ ਪੱਧਰ 'ਤੇ ਇਨਾਮ ਸਿਰਫ਼ ਵਿਅਕਤੀਗਤ ਸ਼੍ਰੇਣੀਆਂ ਵਿੱਚ ਹੀ ਦਿੱਤੇ ਜਾਂਦੇ ਹਨ ਅਤੇ ਟੀਮ ਪ੍ਰਦਰਸ਼ਨਾਂ ਲਈ ਪਹਿਲਾ, ਦੂਜਾ ਜਾਂ ਤੀਜਾ ਸਥਾਨ ਨਹੀਂ ਰੱਖਿਆ ਜਾਂਦਾ। ਇਸ ਕਠਿਨ ਮੁਕਾਬਲੇ ਵਿੱਚ ਕਲਾਸ ਸੱਤਵੀਂ ਦੀ ਵਿਦਿਆਰਥਣ ਰੇਖਾ ਰਾਣੀ ਨੇ ਆਪਣੀ ਪ੍ਰਭਾਵਸ਼ਾਲੀ ਅਦਾਕਾਰੀ ਨਾਲ 'ਬੈਸਟ ਐਕਪ੍ਰੈੱਸ (ਫੀਮੇਲ)' ਦਾ ਇਨਾਮ ਜਿੱਤ ਕੇ ਵਿਸ਼ੇਸ਼ ਸਨਮਾਨ ਹਾਸਲ ਕੀਤਾ। ਇਨਾਮ ਪ੍ਰਾਪਤ ਹਿੰਦੀ ਨਾਟਕ 'ਦੀਪ ਜਲਾਨੇ ਵੋ ਆਈ ਦੇ ਲੇਖਕ, ਨਿਰਦੇਸ਼ਕ ਅਤੇ ਸੰਗੀਤਕਾਰ ਕੁਲਜੀਤ ਭੱਟੀ ਹਨ, ਜਦਕਿ ਵੀਰਾਂ ਕੌਰ ਨੇ ਸਹਿ-ਨਿਰਦੇਸ਼ਕ ਦੀ ਭੂਮਿਕਾ ਨਿਭਾਈ। ਨਾਟਕ ਨੂੰ ਆਪਣੇ ਮਜ਼ਬੂਤ ਸਮਾਜਿਕ ਸੰਦੇਸ਼, ਸੁਚੱਜੀ ਪੇਸ਼ਕਾਰੀ ਅਤੇ ਵਿਦਿਆਰਥੀਆਂ ਦੀ ਅਭਿਨੇ ਸਮਰੱਥਾ ਲਈ ਕਾਫ਼ੀ ਸਰਾਹਿਆ ਗਿਆ।
ਇਸ ਪ੍ਰਦਰਸ਼ਨ ਵਿੱਚ ਰੇਖਾ ਰਾਣੀ, ਅਨੂ, ਹਰਮਨਦੀਪ ਕੌਰ, ਪਲਕ, ਸਿਮਰਨਜੀਤ ਕੌਰ, ਅੰਜਲੀ, ਰਮਨਦੀਪ ਕੌਰ ਅਤੇ ਖੁਸ਼ਨੂਰ ਕੌਰ ਨੇ ਵੱਖ ਵੱਖ ਕਿਰਦਾਰ ਪ੍ਰਭਾਵਸ਼ਾਲੀ ਢੰਗ ਨਾਲ ਨਿਭਾਏ। ਪ੍ਰਭਸਿਮਰਨਜੀਤ ਕੌਰ, ਦੀਕਸ਼ਾ ਅਤੇ ਜਸ਼ਨਪ੍ਰੀਤ ਕੌਰ ਵੱਲੋਂ ਤਕਨੀਕੀ ਸਹਾਇਤਾ ਦਿੱਤੀ ਗਈ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੰਧਵਾਲਾ ਹਾਜ਼ਰਖਾਨ ਦੇ ਇਤਿਹਾਸ ਵਿਸ਼ੇ ਦੇ ਲੈਕਚਰਾਰ ਮਦਨ ਘੋੜੇਲਾ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ, ਜਿਨ੍ਹਾਂ ਵੱਲੋਂ ਵੱਡੇ ਡਰਾਮਾ ਸੈੱਟ ਦੀ ਜਿੰਮੇਦਾਰੀ ਸੰਭਾਲੀ। ਟੀਮ ਵੱਲੋਂ ਭੁਪਿੰਦਰ ਉਤਰੇਜਾ, ਵਿਕਾਸ ਬਤਰਾ, ਸੰਜੀਵ ਗਿਲਹੋਤਰਾ ਅਤੇ ਪ੍ਰੋ. ਕਸ਼ਮੀਰ ਲੂਟਾ ਦਾ ਲਗਾਤਾਰ ਹੌਸਲਾ ਅਫ਼ਜ਼ਾਈ ਅਤੇ ਮਾਰਗਦਰਸ਼ਨ ਲਈ ਵੀ ਧੰਨਵਾਦ ਪ੍ਰਗਟ ਕੀਤਾ ਗਿਆ। ਇਸ ਤੋਂ ਇਲਾਵਾ ਪ੍ਰਿੰਸੀਪਲ ਸੁਭਾਸ਼ ਨਰੂਲਾ ਅਤੇ ਸਕੂਲ ਸਟਾਫ਼ ਦਾ ਵੀ ਸਹਿਯੋਗ ਲਈ ਧੰਨਵਾਦ ਕੀਤਾ ਗਿਆ।
ਇਹ ਉਪਲਬਧੀ ਸੂਬਾ ਨੋਡਲ ਅਫ਼ਸਰ ਰਮਿੰਦਰਜੀਤ ਕੌਰ, ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਅਜੇ ਸ਼ਰਮਾ, ਜ਼ਿਲ੍ਹਾ ਨੋਡਲ ਅਫ਼ਸਰ ਵਿਕਾਸ ਗ੍ਰੋਵਰ ਅਤੇ ਬੀ.ਆਰ.ਸੀ. ਸਤਿੰਦਰ ਸਚਦੇਵਾ ਦੀ ਯੋਗ ਰਹਿਨੁਮਾਈ ਅਤੇ ਸਹਿਯੋਗ ਨਾਲ ਸੰਭਵ ਹੋਈ। ਇਹ ਸਫਲਤਾ ਜ਼ਿਲ੍ਹੇ ਅਤੇ ਪੰਜਾਬ ਰਾਜ ਲਈ ਮਾਣ ਦਾ ਵਿਸ਼ਾ ਹੈ ਅਤੇ ਸਰਕਾਰੀ ਸਕੂਲਾਂ ਦੀ ਰਾਸ਼ਟਰੀ ਅਕਾਦਮਿਕ ਅਤੇ ਸਾਂਸਕ੍ਰਿਤਿਕ ਮੰਚਾਂ 'ਤੇ ਵਧਦੀ ਭੂਮਿਕਾ ਨੂੰ ਦਰਸਾਉਂਦੀ ਹੈ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ