
ਸੰਗਰੂਰ, 17 ਜਨਵਰੀ (ਹਿੰ. ਸ.)। ਡਿਪਟੀ ਕਮਿਸ਼ਨਰ ਰਾਹੁਲ ਚਾਬਾ ਦੀ ਅਗਵਾਈ ਵਿੱਚ ਝੋਨੇ ਦੀ ਪਰਾਲੀ ਨੂੰ ਅੱਗ ਲੱਗਣ ਤੋਂ ਰੋਕਣ ਲਈ ਅਤੇ ਖੇਤੀ ਵਿੱਚ ਮਸ਼ੀਨਰੀਕਰਨ ਨੂੰ ਉਤਸ਼ਾਹਿਤ ਕਰਨ ਲਈ ਡਰਾਅ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਕੱਢਿਆ ਗਿਆ। ਜ਼ਿਲ੍ਹਾ ਪੱਧਰੀ ਕਾਰਜਕਾਰੀ ਕਮੇਟੀ ਵੱਲੋਂ ਕਰਾਪ ਰੈਜ਼ੀਡਿਊ ਮੈਨੇਜਮੈਂਟ ਸਕੀਮ, ਸਬ-ਮਿਸ਼ਨ ਆਨ ਐਗਰੀਕਲਚਰ ਮੈਕੇਨਾਈਜੇਸ਼ਨ ਅਤੇ ਕਰਾਪ ਡਾਇਵਰਸੀਫਿਕੇਸ਼ਨ ਸਕੀਮਾਂ ਸਾਲ 2025-26 ਅਧੀਨ ਖੇਤੀਬਾੜੀ ਮਸ਼ੀਨਰੀ 'ਤੇ ਸਬਸਿਡੀ ਪ੍ਰਾਪਤ ਕਰਨ ਲਈ ਆਈਆਂ ਅਰਜ਼ੀਆਂ ਦੀ ਚੋਣ ਕੀਤੀ ਗਈ।
ਕਰਾਪ ਰੈਜ਼ੀਡਿਊ ਮੈਨੇਜਮੈਨਟ ਸਕੀਮ ਦੇ ਦੂਜੇ ਪੜਾਅ ਦੌਰਾਨ ਐਸ.ਸੀ. ਸ਼੍ਰੈਣੀ ਵਿੱਚ ਕਸਟਮ ਹਾਇਰਿੰਗ ਸੈਂਟਰਾਂ ਦੀਆਂ 682 ਅਰਜ਼ੀਆਂ ਅਤੇ ਨਿੱਜੀ ਕਿਸਾਨਾਂ ਦੀਆਂ 153 ਅਰਜ਼ੀਆਂ ਪ੍ਰਾਪਤ ਹੋਈਆਂ ਸਨ, ਜਿਨ੍ਹਾਂ ਵਿੱਚੋਂ ਉਪਲਬਧ ਫੰਡ 01.33 ਕਰੋੜ ਅਨੁਸਾਰ 110 ਨਿੱਜੀ ਕਿਸਾਨਾਂ ਦੀਆਂ ਅਰਜ਼ੀਆਂ ਨੂੰ ਚੁਣਿਆ ਗਿਆ।
ਇਸ ਸਕੀਮ ਵਿੱਚ ਝੋਨੇ ਦੀ ਪਰਾਲੀ ਦੀ ਸੰਭਾਲ ਕਰਨ ਵਾਲੀਆਂ ਵੱਖ-ਵੱਖ ਮਸ਼ੀਨਾਂ ਕਿਸਾਨਾਂ ਨੂੰ ਸਬਸਿਡੀ ਉੱਪਰ ਮੁਹੱਈਆ ਕਰਵਾਈਆਂ ਜਾਣਗੀਆਂ, ਜਿਵੇਂ ਕਿ ਬੇਲਰ, ਰੇਕ, ਸੁਪਰ ਸੀਡਰ, ਜ਼ੀਰੋ ਡਰਿੱਲ, ਪਲਟਾਵੇਂ ਹਲ, ਮਲਚਰ ਆਦਿ ।
ਜ਼ਿਲ੍ਹਾ ਪੱਧਰੀ ਕਾਰਜਕਾਰੀ ਕਮੇਟੀ ਵੱਲੋਂ ਸਬ-ਮਿਸ਼ਨ ਆਨ ਐਗਰੀਕਲਚਰ ਮੈਕੇਨਾਈਜੇਸ਼ਨ ਸਕੀਮ 2025-26 ਦੇ ਦੂਜੇ ਪੜਾਅ ਅਧੀਨ ਵੀ ਵੱਖ-ਵੱਖ ਮਸ਼ੀਨਰੀ ਜਿਵੇਂ ਕਿ ਡੀ.ਐਸ.ਆਰ. ਡਰਿੱਲ, ਪੈਡੀ ਟਰਾਂਸਪਲਾਂਟਰ, ਵੱਖ-ਵੱਖ ਤਰ੍ਹਾਂ ਦੇ ਸਪਰੇਅਰ, ਲੱਕੀ ਸੀਡ ਡਰਿੱਲ, ਰੇਜ਼ਡ ਬੈੱਡ ਪਲਾਂਟਰ ਆਦਿ ਸਬਸਿਡੀ ਉੱਪਰ ਮੁਹੱਈਆ ਕਰਵਾਉਣ ਲਈ ਡਰਾਅ ਕੱਢਿਆ ਗਿਆ।
ਇਸ ਸਕੀਮ ਵਿੱਚ 385 ਜਨਰਲ ਕਿਸਾਨਾਂ ਅਤੇ 12 ਐਸ.ਸੀ. ਕਿਸਾਨਾਂ ਵੱਲੋਂ ਅਪਲਾਈ ਕੀਤਾ ਗਿਆ ਸੀ, ਜਿਸ ਲਈ ਉਪਲਬਧ ਫੰਡਾਂ ਅਨੁਸਾਰ 15 ਲੱਖ ਰੁਪਏ ਜਨਰਲ ਅਤੇ 19 ਲੱਖ ਰੁਪਏ ਐਸ.ਸੀ. ਸ਼੍ਰੈਣੀ ਦੇ ਕਿਸਾਨਾਂ ਨੂੰ ਸਬਸਿਡੀ ਦੇਣ ਲਈ ਵਰਤੇ ਜਾਣਗੇ।
ਇਸ ਤੋਂ ਬਾਅਦ ਜ਼ਿਲ੍ਹਾ ਪੱਧਰੀ ਕਾਰਜਕਾਰੀ ਕਮੇਟੀ ਵੱਲੋਂ ਡਿਪਟੀ ਕਮਿਸ਼ਨਰ ਸੰਗਰੂਰ ਦੀ ਅਗਵਾਈ ਹੇਠ ਕਰਾਪ ਡਾਇਵਰਸੀਫਿਕੇਸ਼ਨ ਪ੍ਰੋਗਰਾਮ ਸਕੀਮ 2025-26 ਅਧੀਨ ਵੀ ਪ੍ਰਾਪਤ ਹੋਈਆਂ 130 ਜਨਰਲ ਸ਼੍ਰੈਣੀ ਅਤੇ 5 ਐਸ.ਸੀ. ਸ਼੍ਰੈਣੀ ਨਿੱਜੀ ਕਿਸਾਨਾਂ ਦੀਆਂ ਅਰਜ਼ੀਆਂ ਦਾ ਡਰਾਅ ਕੱਢਿਆ ਗਿਆ। ਇਸ ਸਕੀਮ ਅਧੀਨ ਜਨਰਲ ਸ਼੍ਰੈਣੀ ਅਧੀਨ 59 ਲੱਖ ਅਤੇ ਐਸ.ਸੀ. ਸ਼੍ਰੈਣੀ ਲਈ 39 ਲੱਖ ਫੰਡ ਕਿਸਾਨਾਂ ਨੂੰ ਸਬਸਿਡੀ ਦੇਣ ਲਈ ਵਰਤੇ ਜਾਣਗੇ। ਇਸ ਸਕੀਮ ਵਿੱਚ ਵੱਖ-ਵੱਖ ਮਸ਼ੀਨਾਂ ਜਿਵੇਂ ਕਿ ਨਿਊਮੈਰਿਕ ਪਲਾਂਟਰ, ਪਾਵਰ ਸਪਰੇਅ ਪੰਪ, ਰੇਜ਼ਡ ਬੈੱਡ ਪਲਾਂਟਰ ਅਤੇ ਸਵੈ-ਚਲਤ ਹਾਈ ਕਲੀਅਰੈਂਸ ਬੂਮ ਟਾਈਪ ਸਪਰੇਅ ਪੰਪ ਸ਼ਾਮਿਲ ਹਨ।
ਇਸ ਮੌਕੇ ਹਾਜ਼ਰ ਅਗਾਂਹਵਧੂ ਕਿਸਾਨਾਂ ਵੱਲੋਂ ਹੀ ਵੱਖ-ਵੱਖ ਸ਼੍ਰੈਣੀਆਂ ਅਧੀਨ ਕੰਪਿਊਟਰਾਈਜ਼ਡ ਡਰਾਅ ਕੱਢਣ ਲਈ ਕੰਪਿਊਟਰ ਉੱਪਰ ਖੁਦ ਬਟਨ ਦੱਬੇ ਗਏ। ਇਨ੍ਹਾਂ ਕਿਸਾਨਾਂ ਵਿੱਚ ਚਮਕੌਰ ਸਿੰਘ ਪੁੱਤਰ ਅਜਮੇਰ ਸਿੰਘ, ਪਿੰਡ ਬਾਲੀਆਂ, ਬਲਵਿੰਦਰ ਸਿੰਘ ਪੁੱਤਰ ਨਿਰਮਲ ਸਿੰਘ ਪਿੰਡ ਲੋਹਾਖੇੜਾ, ਕੁਲਵਿੰਦਰ ਸਿੰਘ ਪੁੱਤਰ ਤੇਜਾ ਸਿੰਘ ਪਿੰਡ ਖਿੱਲਰੀਆਂ, ਗੁਰਮੇਲ ਸਿੰਘ ਪੁੱਤਰ ਜੀਤ ਸਿੰਘ ਪਿੰਡ ਦੁੱਗਾਂ, ਅਕਾਸ਼ਦੀਪ ਸਿੰਘ ਪੁੱਤਰ ਪ੍ਰਿਤਪਾਲ ਸਿੰਘ ਪਿੰਡ ਬਹਾਦਰਪੁਰ, ਜਗਤਾਰ ਸਿੰਘ ਪੁੱਤਰ ਸੁਖਦੇਵ ਸਿੰਘ ਪਿੰਡ ਖਿੱਲਰੀਆਂ ਅਤੇ ਜਗਤਾਰ ਸਿੰਘ ਪੁੱਤਰ ਜਰਨੈਲ ਸਿੰਘ ਪਿੰਡ ਬਹਾਦਰਪੁਰ ਸ਼ਾਮਲ ਸਨ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ