
ਲੁਧਿਆਣਾ, 08 ਜਨਵਰੀ (ਹਿੰ. ਸ.)। ਨਵੇਂ ਸਾਲ ਦੀ ਸ਼ੁਰੂਆਤ ਮੌਕੇ, ਹਲਕਾ ਆਤਮ ਨਗਰ ਤੋਂ ਵਿਧਾਇਕ ਕੁਲਵੰਤ ਸਿੰਘ ਸਿੱਧੂ ਵੱਲੋਂ ਪੰਜਾਬ ਸਰਕਾਰ ਦੀ ਮੁਹਿੰਮ 'ਸਰਕਾਰ ਤੁਹਾਡੇ ਦੁਆਰ' ਅਧੀਨ ਮੋਬਾਇਲ ਦਫਤਰ ਰਾਹੀਂ ਵਸਨੀਕਾਂ ਦੇ ਦਰਵਾਜ਼ੇ 'ਤੇ ਪਹੁੰਚ ਕੇ ਉਹਨਾਂ ਦੀਆਂ ਸਮੱਸਿਆਵਾਂ ਹੱਲ ਕਰ ਰਹੇ ਹਨ। ਇਸੇ ਲੜੀ ਤਹਿਤ ਸਥਾਨਕ ਸ਼ੀਤਲਾ ਮਾਤਾ ਮੰਦਿਰ, ਦੁਗਰੀ ਵਾਰਡ ਨੰਬਰ 48 ਵਿਖੇ ਵਿਧਾਇਕ ਸਿੱਧੂ ਵੱਲੋਂ ਮੋਬਾਇਲ ਵੈਨ ਰਾਹੀਂ ਲੋਕਾਂ ਦੀਆਂ ਸਮੱਸਿਆਵਾਂ ਸੁਣ ਕੇ ਉਹਨਾਂ ਦਾ ਮੌਕੇ 'ਤੇ ਹੀ ਹੱਲ ਕੀਤਾ ਗਿਆ।
ਇਸ ਮੌਕੇ ਲੋਕਾਂ ਨੂੰ ਸੰਬੋਧਨ ਕਰਦਿਆਂ ਵਿਧਾਇਕ ਸਿੱਧੂ ਵੱਲੋਂ ਕਿਹਾ ਗਿਆ ਕਿ ਜੇਕਰ ਕਿਸੇ ਇਲਾਕੇ ਵਿੱਚ ਕੋਈ ਵੀ ਚਿੱਟਾ ਵੇਚਦਾ ਹੈ ਤਾਂ ਉਸ ਦੀ ਸ਼ਿਕਾਇਤ ਇਸੇ ਵਕਤ ਮੈਨੂੰ ਦਿੱਤੀ ਜਾਵੇ, ਮੈਂ ਤੁਰੰਤ ਕਾਰਵਾਈ ਕਰਵਾ ਕੇ ਚਿੱਟੇ ਦੇ ਕੋਹੜ ਨੂੰ ਤੁਹਾਡੇ ਇਲਾਕੇ ਵਿੱਚੋਂ ਖਤਮ ਕਰਾਂਗਾ। ਉਹਨਾਂ ਕਿਹਾ ਕਿ ਭਗਵੰਤ ਮਾਨ ਸਰਕਾਰ ਦਾ ਮੁੱਖ ਟੀਚਾ ਹੈ ਕਿ ਚਿੱਟੇ ਦੀ ਜੜ੍ਹ ਨੂੰ ਪੰਜਾਬ ਵਿੱਚੋਂ ਸੰਪੂਰਨ ਤੌਰ 'ਤੇ ਖਤਮ ਕੀਤਾ ਜਾਵੇ। ਇਸ ਲਈ ਉਹ ਕਿਸੇ ਵੀ ਨਸ਼ਾ ਤਸਕਰ ਨੂੰ ਆਪਣੇ ਹਲਕੇ ਵਿੱਚ ਬਰਦਾਸ਼ਤ ਨਹੀਂ ਕਰਨਗੇ।
ਉਹਨਾਂ ਨਸ਼ਾ ਤਸਕਰਾਂ ਨੂੰ ਕਰੜੇ ਸ਼ਬਦਾਂ ਵਿੱਚ ਕਿਹਾ ਕਿ ਜਾਂ ਤਾਂ ਚਿੱਟੇ ਜਿਹਾ ਘਾਤਕ ਨਸ਼ਾ ਵੇਚਣਾ ਛੱਡ ਜੋ ਜਾਂ ਪੰਜਾਬ ਛੱਡ ਜਾਵੋ। ਉਹਨਾਂ ਕਿਹਾ ਕਿ ਸਾਡੀ ਸਰਕਾਰ ਤੋਂ ਕੋਈ ਨਸ਼ਾ ਤਸਕਰ ਰਹਿਮ ਦੀ ਆਸ ਨਾ ਰੱਖੇ। ਵਿਧਾਇਕ ਸਿੱਧੂ ਵੱਲੋਂ ਘਰੇਲੂ ਝਗੜੇ ਕਾਰਨ ਹੋ ਰਹੀਆਂ ਖੱਜਲ ਖੁਆਰੀਆਂ ਨੂੰ ਮੌਕੇ 'ਤੇ ਹੀ ਰੋਕਦਿਆਂ ਨਿਪਟਾਰੇ ਕੀਤੇ ਗਏ। ਜਿਨਾਂ ਕੇਸਾਂ ਵਿੱਚ ਮਾੜੇ ਅਨਸਰਾਂ ਕਾਰਨ ਆਮ ਲੋਕਾਂ ਦੀਆਂ ਕਾਰਵਾਈਆਂ ਰੁਕੀਆਂ ਹੋਈਆਂ ਸਨ ਉਹਨਾਂ ਦਾ ਸਬੰਧਤ ਅਧਿਕਾਰੀਆਂ ਨੂੰ ਹਦਾਇਤਾਂ ਦੇ ਕੇ ਕਾਰਵਾਈਆਂ ਕਰਾਈਆਂ ਗਈਆਂ ਅਤੇ ਬਜ਼ੁਰਗ ਪਰਿਵਾਰਾਂ ਨੂੰ ਖੱਜਲ ਖਰਾਬ ਹੋਣ ਤੋਂ ਬਚਾਇਆ ਗਿਆ।
ਇਸ ਮੋਬਾਇਲ ਵੈਨ ਦੌਰੇ ਦੌਰਾਨ ਇੱਕ ਗੱਲ ਹਰ ਵਾਰ ਦੇਖਣ ਨੂੰ ਮਿਲਦੀ ਹੈ ਕਿ ਵਿਧਾਇਕ ਸਿੱਧੂ ਵੱਲੋਂ ਆਪਣੀਆਂ ਸ਼ਿਕਾਇਤਾਂ ਲੈ ਕੇ ਪਹੁੰਚੀਆਂ ਬਜ਼ੁਰਗ ਔਰਤਾਂ ਨੂੰ ਗਰਮ ਸੂਟ ਜਰੂਰ ਲੈ ਕੇ ਦਿੱਤੇ ਜਾਂਦੇ ਹਨ, ਇਸ ਬਾਰੇ ਵਿਧਾਇਕ ਸਿੱਧੂ ਦਾ ਕਹਿਣਾ ਹੈ ਕਿ ਇਹ ਬੀਬੀਆਂ ਸਾਰੀਆਂ ਮੇਰੀਆਂ ਮਾਵਾਂ ਹਨ ਅਤੇ ਮੇਰੇ ਹੁੰਦੇ ਮੇਰੀ ਕੋਈ ਮਾਂ ਠੰਡ ਵਿੱਚ ਬਿਮਾਰ ਹੋਵੇ ਇਹ ਮੈਂ ਦੇਖ ਨਹੀਂ ਸਕਦਾ। ਦੱਸ ਦਈਏ ਕਿ ਹਲਕੇ ਪ੍ਰਤੀ ਇਹੋ ਜਿਹਾ ਆਪਣਾਪਣ ਅਤੇ ਸਨੇਹ ਹੀ ਵਿਧਾਇਕ ਸਿੱਧੂ ਨੂੰ ਲੋਕਾਂ ਵਿੱਚ ਹਰਮਨ ਪਿਆਰਾ ਬਣਾ ਗਿਆ ਹੈ। ਇਸ ਦੌਰਾਨ, ਵੋਟਰ ਆਈਡੀ, ਲੇਬਰ ਕਾਰਡ ਅਤੇ ਗਾਡਰ ਬਾਲੇ ਕੈਂਪ ਵੀ ਲਗਾਇਆ ਗਿਆ ਜਿਸ ਵਿੱਚ ਲੋੜਵੰਦ ਪਰਿਵਾਰਾਂ ਦੇ ਫਾਰਮ ਭਰੇ ਗਏ ਤਾਂ ਜੋ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਤੋਂ ਕੋਈ ਮਿਹਨਤਕਸ਼ ਇਨਸਾਨ ਇਸ ਕਰਕੇ ਵਾਂਝਾ ਨਾ ਰਹਿ ਸਕੇ ਕਿ ਉਸ ਕੋਲ ਦਫਤਰਾਂ ਦੇ ਚੱਕਰ ਲਗਾਉਣ ਲਈ ਸਮਾਂ ਨਹੀਂ ਹੈ। ਇਸ ਮੌਕੇ ਮਾਰਕੀਟ ਦੀ ਸ਼ੋਪ ਐਸੋਸੀਏਸ਼ਨ ਵੱਲੋਂ ਵਿਧਾਇਕ ਸਿੱਧੂ ਸਾਹਮਣੇ ਟਰੈਫਿਕ ਪਾਰਕਿੰਗ ਅਤੇ ਨਜਾਇਜ਼ ਰੇੜੀਆਂ ਦਾ ਮਸਲਾ ਉਠਾਇਆ ਗਿਆ ਜਿਸ ਬਾਰੇ ਮੌਕੇ 'ਤੇ ਹੀ ਸਬੰਧਤ ਅਧਿਕਾਰੀਆਂ ਨੂੰ ਨਿਰਦੇਸ਼ ਦਿੰਦਿਆਂ ਵਿਧਾਇਕ ਸਿੱਧੂ ਵੱਲੋਂ ਹੱਲ ਕੀਤਾ ਗਿਆ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ