
ਸ੍ਰੀ ਮੁਕਤਸਰ ਸਾਹਿਬ, 10 ਜਨਵਰੀ (ਹਿੰ. ਸ.)।
ਜ਼ਿਲ੍ਹਾ ਪ੍ਰਸਾਸ਼ਨ, ਸ੍ਰੀ ਮੁਕਤਸਰ ਸਾਹਿਬ ਅਤੇ ਮੇਲਾ ਜਾਗਦੇ ਜੁਗਨੂੰਆਂ ਦਾ ਵੈਲਫੇਅਰ ਸੁਸਾਇਟੀ (ਰਜਿ:) ਪੰਜਾਬ ਦੇ ਸਹਿਯੋਗ ਨਾਲ 12 ਜਨਵਰੀ 2026 ਤੋਂ 15 ਜਨਵਰੀ 2026 ਤੱਕ 40 ਮੁਕਤਿਆਂ ਦੀ ਯਾਦ ਨੂੰ ਸਮਰਪਿਤ ਵਿਰਾਸਤ ਏ ਪੰਜਾਬ ‘ਮੇਲਾ ਜਾਗਦੇ ਜੁਗਨੂੰਆਂ ਦਾ’ ਗੁਰੂ ਗੋਬਿੰਦ ਸਿੰਘ ਪਾਰਕ, ਸ੍ਰੀ ਮੁਕਤਸਰ ਸਾਹਿਬ ਵਿਖੇ ਮਨਾਇਆ ਜਾ ਰਿਹਾ ਹੈ, ਇਸ ਸਬੰਧੀ ਪੋਸਟਰ ਉਪ ਮੰਡਲ ਮੈਜਿਸਟ੍ਰੇਟ ਬਲਜੀਤ ਕੌਰ ਵੱਲੋਂ ਜਾਰੀ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨਾਲ ਮੇਲੇ ਦੀ ਪ੍ਰਬੰਧਕੀ ਟੀਮ ਦੇ ਮੈਂਬਰ ਹਾਜ਼ਰ ਸਨ।
ਉਨ੍ਹਾਂ ਕਿਹਾ ਕਿ ਇਸ ਮੇਲੇ ਦਾ ਉਦਘਾਟਨ ਡਿਪਟੀ ਕਮਿਸ਼ਨਰ ਅਭਿਜੀਤ ਕਪਲਿਸ਼ ਵੱਲੋਂ 12 ਜਨਵਰੀ 2026 ਨੂੰ 12:00 ਵਜੇ ਕੀਤਾ ਜਾਵੇਗਾ ਅਤੇ ਉਨ੍ਹਾਂ ਨਾਲ ਹਲਕਾ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਵਿਸ਼ੇਸ਼ ਮਹਿਮਾਨ ਹੋਣਗੇ ਅਤੇ 14 ਜਨਵਰੀ 2026 ਨੂੰ ਕੈਬਨਿਟ ਮੰਤਰੀ ਪੰਜਾਬ ਗੁਰਮੀਤ ਸਿੰਘ ਖੁੱਡੀਆਂ ਅਤੇ ਕੈਬਨਿਟ ਮੰਤਰੀ ਪੰਜਾਬ ਡਾ. ਬਲਜੀਤ ਕੌਰ ਅਤੇ ਗਿੱਦੜਬਾਹਾ ਦੇ ਵਿਧਾਇਕ ਸ. ਹਰਦੀਪ ਸਿੰਘ ਡਿੰਪੀ ਢਿੱਲੋਂ ਮੁੱਖ ਮਹਿਮਾਨ ਹੋਣਗੇ।
ਇਸ ਮੇਲੇ ਦਾ ਮੁੱਖ ਮੰਤਵ ਇਤਿਹਾਸਕ ਚੇਤਨਾ ਨੂੰ ਜਾਗਰੂਕ ਕਰਨਾ, ਨੌਜਵਾਨ ਪੀੜ੍ਹੀ ਨੂੰ ਸਿੱਖ ਵਿਰਾਸਤ ਬਾਰੇ ਜਾਣੂੰ ਕਰਵਾਉਣਾ ਅਤੇ ਚਾਲੀ ਮੁਕਤਿਆਂ ਦੇ ਬਲਿਦਾਨ ਨੂੰ ਸਤਿਕਾਰ ਨਾਲ ਯਾਦ ਕਰਨ ਦੇ ਉਦੇਸ਼ ਨਾਲ ਕੀਤਾ ਜਾ ਰਿਹਾ ਹੈ। ਇਸ ਮੇਲੇ ਦੀ ਐਂਟਰੀ ਮੁਫ਼ਤ ਹੋਵੇਗੀ। ਇਸ ਮੌਕੇ ਵੱਖ-ਵੱਖ ਪ੍ਰਦਰਸ਼ਨੀਆਂ ਤੋਂ ਇਲਾਵਾ ਦਸਤਾਰ ਸਿਖਲਾਈ ਕੈਂਪ ਵੀ ਲਗਾਏ ਜਾਣਗੇ। ਸਵੈ ਸਹਾਇਤਾ ਸਮੂਹਾਂ ਵੱਲੋਂ ਪੁਰਾਤਨ ਰਿਵਾਜ਼ਾਂ ਦੇ ਖਾਣਿਆਂ ਦੀਆਂ ਸਟਾਲਾਂ ਵੀ ਲਗਾਈਆਂ ਜਾਣਗੀਆਂ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ