
ਸਾਹਿਬਜ਼ਾਦਾ ਅਜੀਤ ਸਿੰਘ ਨਗਰ, 09 ਜਨਵਰੀ (ਹਿੰ. ਸ.)। ਡਿਪਟੀ ਕਮਿਸ਼ਨਰ ਕੋਮਲ ਮਿੱਤਲ ਦੀ ਅਗਵਾਈ ਹੇਠ ਜ਼ਿਲ੍ਹਾ ਰੈੱਡ ਕ੍ਰਾਸ ਸੁਸਾਇਟੀ, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵੱਲੋਂ ਸ਼ੁੱਕਰਵਾਰ ਨੂੰ ਉਭਰਦੇ ਪੈਰਾ ਬੈਡਮਿੰਟਨ ਖਿਡਾਰੀ ਰਣਜੀਤ ਸਿੰਘ ਨੂੰ 1.44 ਲੱਖ ਰੁਪਏ ਮੁੱਲ ਦਾ ਖੇਡ ਸਮਾਨ ਸੌਂਪਿਆ ਗਿਆ। ਰਣਜੀਤ ਸਿੰਘ ਸਪੇਨ ਪੈਰਾ ਬੈਡਮਿੰਟਨ ਇੰਟਰਨੈਸ਼ਨਲ ਵਿੱਕਟੋਰੀਆ-ਗਾਸਟੇਇਜ਼ 2026 ਵਿੱਚ ਭਾਗ ਲੈਣ ਜਾ ਰਹੇ ਹਨ।
ਇਹ ਅੰਤਰਰਾਸ਼ਟਰੀ ਟੂਰਨਾਮੈਂਟ ਬੀ ਡਬਲਿਊ ਐੱਫ ਪੈਰਾ ਬੈਡਮਿੰਟਨ ਵਰਲਡ ਸਰਕਿਟ (ਗ੍ਰੇਡ-2, ਲੈਵਲ-2) ਦਾ ਹਿੱਸਾ ਹੈ, ਜੋ ਕਿ 16 ਤੋਂ 22 ਮਾਰਚ 2026 ਤੱਕ ਅਰਾਨਾਲਦੇ ਸਪੋਰਟਸ ਸੈਂਟਰ, ਵਿੱਕਟੋਰੀਆ-ਗਾਸਟੇਇਜ਼ (ਸਪੇਨ) ਵਿਖੇ ਆਯੋਜਿਤ ਕੀਤਾ ਜਾਵੇਗਾ।
ਇਸ ਮੌਕੇ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਪ੍ਰਤਿਭਾਸ਼ਾਲੀ ਖਿਡਾਰੀਆਂ, ਖ਼ਾਸ ਕਰਕੇ ਪੈਰਾ ਖਿਡਾਰੀਆਂ ਨੂੰ ਹਰ ਸੰਭਵ ਸਹਿਯੋਗ ਦੇਣ ਲਈ ਵਚਨਬੱਧ ਹੈ, ਤਾਂ ਜੋ ਉਹ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ’ਤੇ ਆਪਣੀ ਪ੍ਰਤਿਭਾ ਦਾ ਲੋਹਾ ਮਨਵਾ ਸਕਣ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਰਣਜੀਤ ਸਿੰਘ ਨੂੰ ਨਾਈਜੀਰੀਆ ਵਿੱਚ ਹੋਈ ਪੈਰਾ ਬੈਡਮਿੰਟਨ ਇੰਟਰਨੈਸ਼ਨਲ ਚੈਂਪੀਅਨਸ਼ਿਪ ਵਿੱਚ ਭਾਗ ਲੈਣ ਲਈ 1.37 ਲੱਖ ਰੁਪਏ ਦਾ ਖੇਡ ਸਮਾਨ ਮੁਹੱਈਆ ਕਰਵਾਇਆ ਗਿਆ ਸੀ, ਜਿੱਥੇ ਉਸਨੇ ਤਿੰਨ ਕਾਂਸੀ ਦੇ ਤਗਮੇ ਜਿੱਤ ਕੇ ਜ਼ਿਲ੍ਹੇ ਦਾ ਨਾਮ ਰੌਸ਼ਨ ਕੀਤਾ ਸੀ।
ਡੀ. ਸੀ. ਕੋਮਲ ਮਿੱਤਲ ਨੇ ਰਣਜੀਤ ਸਿੰਘ ਨੂੰ ਇੱਕ ਪ੍ਰਤਿਭਾਸ਼ਾਲੀ ਪੈਰਾ ਖਿਡਾਰੀ ਕਰਾਰ ਦਿੰਦਿਆਂ, ਆਉਣ ਵਾਲੇ ਟੂਰਨਾਮੈਂਟ ਲਈ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਭਰੋਸਾ ਜਤਾਇਆ ਕਿ ਉਹ ਭਵਿੱਖ ਵਿੱਚ ਵੀ ਪੰਜਾਬ ਅਤੇ ਦੇਸ਼ ਦਾ ਮਾਣ ਵਧਾਏਗਾ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ