
ਚੰਡੀਗੜ੍ਹ, 09 ਜਨਵਰੀ (ਹਿੰ. ਸ.)। ਪੀਐਚਡੀ ਚੈਂਬਰ ਆਫ਼ ਕਾਮਰਸ ਐਂਡ ਇੰਡਸਟਰੀ ਵੱਲੋਂ ਕ੍ਰੇਸਟ ਅਤੇ ਈਵੇਂਟੇਜ਼ ਦੇ ਸਹਿਯੋਗ ਨਾਲ ਆਯੋਜਿਤ ਕੀਤੇ ਜਾ ਰਹੇ ਚੌਥੇ ਰੀਨਿਊਅਲ ਐਨਰਜੀ ਐਂਡ ਇਲੈਕਟ੍ਰਿਕ ਵ੍ਹੀਕਲ ਐਕਸਪੋ ਦਾ ਰਸਮੀ ਉਦਘਾਟਨ ਯੂਟੀ ਚੰਡੀਗੜ੍ਹ ਦੇ ਮੁੱਖ ਸਕੱਤਰ ਐਚ. ਰਾਜੇਸ਼ ਪ੍ਰਸਾਦ ਨੇ ਸੈਕਟਰ-34 ਸਥਿਥ ਐਗਜ਼ੀਬਿਸ਼ਨ ਗ੍ਰਾਉਂਡ ਵਿੱਚ ਕੀਤਾ।
ਇਸ ਮੌਕੇ ਬੋਲਦਿਆਂ, ਉਨ੍ਹਾਂ ਨੇ ਕਿਹਾ ਕਿ ਚੰਡੀਗੜ੍ਹ ਦਾ ਦੂਜਾ ਨਾਮ ਸਿਟੀ ਬਿਊਟੀਫੁੱਲ ਹੈ। ਇਸ ਸ਼ਹਿਰ ਵਿੱਚ ਰੀਨਿਊਅਲ ਐਨਰਜੀ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ। ਉਨ੍ਹਾਂ ਦੱਸਿਆ ਕਿ ਚੰਡੀਗੜ੍ਹ ਟਰਾਂਸਪੋਰਟ ਵਿਭਾਗ ਦੇ ਜਨਤਕ ਆਵਾਜਾਈ ਬੇੜੇ ਵਿੱਚ ਹੁਣ ਤੱਕ 150 ਇਲੈਕਟ੍ਰਿਕ ਬੱਸਾਂ ਹੀ ਸ਼ਾਮਲ ਕੀਤੀਆਂ ਜਾ ਚੁੱਕੀਆਂ ਹਨ, ਅਤੇ ਅਗਲੇ ਤਿੰਨ ਸਾਲਾਂ ਵਿੱਚ ਚੰਡੀਗੜ੍ਹ ਦੀਆਂ ਸੜਕਾਂ 'ਤੇ 350 ਨਵੀਆਂ ਈ-ਬੱਸਾਂ ਉਤਾਰੀਆਂ ਜਾਣਗੀਆਂ। ਤਿੰਨ ਸਾਲਾਂ ਦੇ ਅੰਦਰ ਚੰਡੀਗੜ੍ਹ ਦੀਆਂ ਸੜਕਾਂ 'ਤੇ ਪੰਜ ਸੌ ਈ-ਬੱਸਾਂ ਦਿਖਾਈ ਦੇਣਗੀਆਂ।
ਉਨ੍ਹਾਂ ਨੇ ਜਲਵਾਯੂ ਪਰਿਵਰਤਨ ਨਾਲ ਨਜਿੱਠਣ, ਜੈਵਿਕ ਈਂਧਨ 'ਤੇ ਨਿਰਭਰਤਾ ਘਟਾਉਣ ਅਤੇ ਸ਼ਹਿਰੀ ਹਵਾ ਦੀ ਗੁਣਵੱਤਾ ਵਿੱਚ ਸੁਧਾਰ ਕਰਨ ਵਿੱਚ ਨਵਿਆਉਣਯੋਗ ਊਰਜਾ ਅਤੇ ਇਲੈਕਟ੍ਰਿਕ ਵਾਹਨਾਂ ਦੀ ਮਹੱਤਵਪੂਰਨ ਭੂਮਿਕਾ 'ਤੇ ਚਾਨਣਾ ਪਾਇਆ। ਉਨ੍ਹਾਂ ਨੇ ਉਦਯੋਗ, ਅਕਾਦਮਿਕ ਸੰਸਥਾਵਾਂ ਅਤੇ ਸਰਕਾਰੀ ਸੰਸਥਾਵਾਂ ਨੂੰ ਸਾਫ਼ ਤਕਨਾਲੋਜੀਆਂ ਨੂੰ ਉਤਸ਼ਾਹਿਤ ਕਰਨ, ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਅਤੇ ਨਵਿਆਉਣਯੋਗ ਊਰਜਾ ਅਤੇ ਈਵੀ ਖੇਤਰਾਂ ਵਿੱਚ ਨਵੀਨਤਾ ਅਤੇ ਨਿਵੇਸ਼ ਲਈ ਇੱਕ ਅਨੁਕੂਲ ਵਾਤਾਵਰਣ ਬਣਾਉਣ ਲਈ ਇਕੱਠੇ ਕੰਮ ਕਰਨ ਦਾ ਸੱਦਾ ਦਿੱਤਾ।
ਇਸ ਮੌਕੇ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ ਕ੍ਰੇਸਟ ਦੇ ਸਕੱਤਰ ਸੌਰਭ ਕੁਮਾਰ ਨੇ ਸੂਰਜੀ ਊਰਜਾ ਅਤੇ ਇਲੈਕਟ੍ਰਿਕ ਮੋਬਿਲਟੀ ਨੂੰ ਅਪਣਾਉਣ ਵਿੱਚ ਤੇਜ਼ੀ ਲਿਆਉਣ ਲਈ ਲੋੜੀਂਦੇ ਮਜ਼ਬੂਤ ਨੀਤੀਗਤ ਢਾਂਚੇ ਬਾਰੇ ਦੱਸਿਆ। ਉਨ੍ਹਾਂ ਦੱਸਿਆ ਕਿ ਚੰਡੀਗੜ੍ਹ ਵਿੱਚ ਇਸ ਵੇਲੇ 36 ਇਲੈਕਟ੍ਰਿਕ ਵਾਹਨ ਚਾਰਜਰ ਲੱਗ ਚੁੱਕੇ ਹਨ, ਅਤੇ 20 ਹੋਰ ਲਗਾਉਣ ਲਈ ਕੰਮ ਚੱਲ ਰਿਹਾ ਹੈ। ਉਨ੍ਹਾਂ ਦੱਸਿਆ ਕਿਹਾ ਕਿ ਚੰਡੀਗੜ੍ਹ ਦੇਸ਼ ਦਾ ਪਹਿਲਾ ਸ਼ਹਿਰ ਹੈ ਜਿੱਥੇ ਸਾਰੀਆਂ ਸਰਕਾਰੀ ਇਮਾਰਤਾਂ ਵਿੱਚ ਸੋਲਰ ਸਿਸਟਮ ਲਗਾਏ ਜਾ ਚੁੱਕੇ ਹਨ।
ਪੀਐਚਡੀਸੀਸੀਆਈ ਹਰਿਆਣਾ ਚੈਪਟਰ ਦੇ ਪ੍ਰਧਾਨ ਸਤੀਸ਼ ਦੇਵ ਜੈਨ ਨੇ ਵਾਤਾਵਰਣ ਸਥਿਰਤਾ ਦੇ ਨਾਲ ਆਰਥਿਕ ਵਿਕਾਸ ਪ੍ਰਾਪਤ ਕਰਨ ਵਿੱਚ ਨਵਿਆਉਣਯੋਗ ਊਰਜਾ ਅਤੇ ਇਲੈਕਟ੍ਰਿਕ ਮੋਬਿਲਟੀ ਦੇ ਮਹੱਤਵ 'ਤੇ ਜ਼ੋਰ ਦਿੱਤਾ।
ਪੀਐਚਡੀਸੀਸੀਆਈ ਹਰਿਆਣਾ ਚੈਪਟਰ ਦੇ ਕੋ-ਚੇਅਰ ਐਡਵੋਕੇਟ ਲੋਕੇਸ਼ ਜੈਨ ਨੇ ਪਹੁੰਚੇ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ। ਇਸ ਮੌਕੇ 'ਤੇ ਪੀਐਚਡੀਸੀਸੀਆਈ ਦੇ ਰੈਜ਼ੀਡੈਂਟ ਡਾਇਰੈਕਟਰ ਗੁਰਦਰਸ਼ਨ ਅਗਰਵਾਲ, ਚੰਡੀਗੜ੍ਹ ਚੈਪਟਰ ਦੇ ਚੇਅਰਮੈਨ ਰਜਨੀਸ਼ ਬਾਂਸਲ ਵੀ ਮੌਜੂਦ ਸਨ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ