
ਹੁਸ਼ਿਆਰਪੁਰ, 17 ਮਾਰਚ (ਹਿੰ.ਸ.)। ਰੋਟਰੀ ਆਈ ਬੈਂਕ ਅਤੇ ਕਾਰਨੀਅਲ ਟ੍ਰਾਂਸਪਲਾਂਟੇਸ਼ਨ ਸੋਸਾਇਟੀ ਵੱਲੋਂ ਪ੍ਰਧਾਨ ਜੇ. ਬੀ. ਬਹਿਲ ਅਤੇ ਚੇਅਰਮੈਨ ਅਤੇ ਪ੍ਰਮੁੱਖ ਸਮਾਜ ਸੇਵੀ ਸੰਜੀਵ ਅਰੋੜਾ ਦੀ ਅਗਵਾਈ ਹੇਠ ਨੇਤਰ ਦਾਨ ਅਤੇ ਸਰੀਰ ਦਾਨ ਕਰਨ ਬਾਰੇ ਜਾਗਰੂਕਤਾ ਕੈਂਪ ਲਗਾਏ ਜਾਂਦੇ ਹਨ। ਇਨ੍ਹਾਂ ਕੈਂਪਾਂ ਤੋਂ ਪ੍ਰਭਾਵਿਤ ਹੋ ਕੇ ਪਿੰਡ ਬੈਂਚ ਬਾਜਾ ਦੇ ਬਸਾਖਾ ਸਿੰਘ ਅਤੇ ਗੁਰਬਕਸ਼ ਕੌਰ ਅਤੇ ਪਿੰਡ ਸੀਕਰੀ ਦੇ ਓੰਕਾਰ ਸਿੰਘ ਨੇ ਸਰੀਰ ਦਾਨ ਲਈ ਪ੍ਰਣ ਪੱਤਰ ਭਰੇ।
ਇਸ ਮੌਕੇ ਚੇਅਰਮੈਨ ਸੰਜੀਵ ਅਰੋੜਾ ਨੇ ਸਰੀਰ ਦਾਨ ਅਤੇ ਨੇਤਰ ਦਾਨ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਨੇਤਰ ਦਾਨ ਅਤੇ ਸਰੀਰ ਦਾਨ ਬਾਰੇ ਜਾਗਰੂਕਤਾ ਫੈਲਾਉਣਾ ਹੀ ਕਾਰਨੀਅਲ ਅੰਧੇਪਣ ਨੂੰ ਦੂਰ ਕਰਨ ਅਤੇ ਪੀੜਤ ਲੋਕਾਂ ਨੂੰ ਨਵੀਂ ਰੌਸ਼ਨੀ ਦੇਣ ਅਤੇ ਮੈਡੀਕਲ ਸਾਇੰਸ ਨੂੰ ਉਤਸ਼ਾਹਿਤ ਕਰਨ ਦਾ ਵਧੀਆ ਸਾਧਨ ਹੈ। ਇਸ ਨਾਲ ਜਿੱਥੇ ਕਈ ਲੋਕਾਂ ਨੂੰ ਨਜ਼ਰ ਮਿਲਦੀ ਹੈ, ਉੱਥੇ ਮੈਡੀਕਲ ਦੀ ਪੜਾਈ ਕਰ ਰਹੇ ਵਿਦਿਆਰਥੀਆਂ ਨੂੰ ਵੀ ਮਦਦ ਮਿਲਦੀ ਹੈ।
ਉਨ੍ਹਾਂ ਕਿਹਾ ਕਿ ਪ੍ਰਣ ਪੱਤਰ ਭਰਨ ਵਾਲਿਆਂ ਨੇ ਸਮਾਜ ਅੱਗੇ ਇਕ ਮਿਸਾਲ ਕਾਇਮ ਕੀਤੀ ਹੈ, ਜੋ ਹੋਰ ਲੋਕਾਂ ਲਈ ਪ੍ਰੇਰਣਾ ਸਰੂਪ ਬਣੇਗੀ। ਸੰਜੀਵ ਅਰੋੜਾ ਨੇ ਦੱਸਿਆ ਕਿ ਸੋਸਾਇਟੀ ਵੱਲੋਂ ਹੁਣ ਤੱਕ ਵੱਖ-ਵੱਖ ਮੈਡੀਕਲ ਕਾਲਜਾਂ ਨੂੰ 30 ਮਰਨ ਉਪਰੰਤ ਸਰੀਰ ਰਿਸਰਚ ਲਈ ਭੇਜੇ ਜਾ ਚੁੱਕੇ ਹਨ ਅਤੇ 250 ਲੋਕਾਂ ਨੇ ਪ੍ਰਣ ਪੱਤਰ ਭਰ ਕੇ ਰਜਿਸਟ੍ਰੇਸ਼ਨ ਕਰਵਾ ਲਈ ਹੈ। ਇਸ ਮੌਕੇ ਪ੍ਰਣ ਪੱਤਰ ਭਰਨ ਵਾਲਿਆਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਵੀ ਕੀਤਾ ਗਿਆ।
ਇਸ ਮੌਕੇ ਪ੍ਰਧਾਨ ਜੇ. ਬੀ. ਬਹਿਲ ਨੇ ਕਿਹਾ ਕਿ ਨੇਤਰ ਦਾਨ ਅਤੇ ਸਰੀਰ ਦਾਨ ਇਕ ਅਜਿਹਾ ਜਿਹਾ ਦਾਨ ਹੈ ਜੋ ਮਨੁੱਖ ਮਰਨ ਉਪਰੰਤ ਹੀ ਕਰ ਸਕਦਾ ਹੈ। ਇਸ ਲਈ ਜੀਂਦੇ ਜੀ ਹੀ ਪ੍ਰਣ ਪੱਤਰ ਭਰਨਾ ਲਾਜ਼ਮੀ ਹੁੰਦਾ ਹੈ, ਤਾਂ ਜੋ ਬਾਅਦ ਵਿੱਚ ਕੋਈ ਰੁਕਾਵਟ ਨਾ ਆਵੇ। ਪ੍ਰਣ ਪੱਤਰ ਭਰਨ ਵਾਲਿਆਂ ਨੇ ਕਿਹਾ ਕਿ ਉਨ੍ਹਾਂ ਦੀ ਦਿਲੀ ਇੱਛਾ ਸੀ ਕਿ ਮਰਨ ਉਪਰੰਤ ਉਨ੍ਹਾਂ ਦਾ ਸ਼ਰੀਰ ਕਿਸੇ ਦੇ ਕੰਮ ਆਵੇ, ਇਸ ਲਈ ਉਨ੍ਹਾਂ ਨੇ ਰੋਟਰੀ ਆਈ ਬੈਂਕ ਰਾਹੀਂ ਆਪਣੀ ਇੱਛਾ ਪੂਰੀ ਕੀਤੀ। ਇਸ ਮੌਕੇ ਮਦਨ ਲਾਲ ਮਹਾਜਨ ਅਤੇ ਸੁਲਖਣ ਸਿੰਘ ਵੀ ਮੌਜੂਦ ਸਨ।
---------------
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ