
ਸਾਹਨੇਵਾਲ, ਲੁਧਿਆਣਾ, 18 ਮਾਰਚ (ਹਿੰ.ਸ.)। ਨਗਰ ਕੌਂਸਲ ਸਾਹਨੇਵਾਲ ਦੇ ਅਧੀਨ ਆਉਂਦੇ ਵਾਰਡ ਨੰਬਰ-1 ਅਤੇ 2 ਦੇ ਅਧੀਨ ਆਉਂਦੀ ਸ਼ਕਤੀ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਾਲੀ ਸੜਕ ਪਿਛਲੇ ਲੰਮੇ ਸਮੇਂ ਤੋਂ ਟੁੱਟੀ ਹੋਣ ਕਾਰਨ ਉਸ ਸੜਕ ਤੇ ਕਰੀਬ 34.18 ਲੱਖ ਰੁਪਏ ਦੀ ਲਾਗਤ ਨਾਲ ਇੰਟਰਲਾਕ ਟਾਈਲ ਲਗਾਉਣ ਦੇ ਕੰਮ ਦੀ ਰਸਮੀ ਤੌਰ 'ਤੇ ਸ਼ੁਰੂਆਤ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਵੱਲੋਂ ਆਪ ਪਾਰਟੀ ਦੇ ਸਮੂਹ ਆਗੂਆਂ ਅਤੇ ਵਰਕਰਾਂ ਨੂੰ ਨਾਲ ਲੈ ਕੇ ਕੀਤੀ।
ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਚੋਣਾਂ ਦੌਰਾਨ ਜੋ ਲੋਕਾਂ ਨਾਲ ਵਾਅਦੇ ਕੀਤੇ ਸਨ ਉਨ੍ਹਾਂ ਵਾਅਦਿਆ ਨੂੰ ਇੱਕ-ਇੱਕ ਕਰ ਕੇ ਪੂਰਾ ਕੀਤਾ ਜਾ ਰਿਹਾ ਹੈ। ਉਨ੍ਹਾਂ ਅੱਗੇ ਕਿਹਾ ਕਿ ਆਮ ਆਦਮੀ ਪਾਰਟੀ ਦਾ ਮੁੱਖ ਮਕਸਦ ਲੋਕਾਂ ਦੀ ਸੇਵਾ ਕਰਨੀ ਹੈ ਤਾਂ ਜੋ ਲੋਕਾਂ ਦਾ ਜੀਵਨ ਪੱਧਰ ਉੱਚਾ ਚੁੱਕਿਆ ਜਾ ਸਕੇ। ਉਨ੍ਹਾਂ ਨਗਰ ਕੌਂਸਲ ਦੇ ਅਧਿਕਾਰੀਆਂ ਨੂੰ ਕਿਹਾ ਕਿ ਇਸ ਸੜਕ ਤੇ ਇੰਟਰਲਾਕ ਟਾਈਲਾਂ ਲਗਾਉਣ ਦਾ ਕੰਮ ਨੂੰ ਜਲਦ ਪੂਰਾ ਕਰਕੇ ਲੋਕਾਂ ਸਮਰਪਿਤ ਕੀਤਾ ਜਾਵੇ ਤਾਂ ਜੋ ਲੋਕਾਂ ਨੂੰ ਆ ਰਹੀ ਸਮੱਸਿਆਵਾਂ ਤੋਂ ਰਾਹਤ ਮਿਲ ਸਕੇ।
ਇਸ ਮੌਕੇ ਨਗਰ ਕੌਂਸਲ ਦੇ ਪ੍ਰਧਾਨ ਪੂਜਾ ਰਾਣੀ ਨੇ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸ਼ਕਤੀ ਪਬਲਿਕ ਸਕੂਲ ਵਾਲੀ ਸੜਕ ਪਿਛਲੇ ਲੰਬੇ ਸਮੇਂ ਤੋਂ ਟੁੱਟੀ ਹੋਈ ਸੀ ਜਿਸ ਕਾਰਨ ਲੋਕਾਂ ਨੂੰ ਆਉਣ ਜਾਣ ਵਿੱਚ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਨਗਰ ਕੌਂਸਲ ਸਾਹਨੇਵਾਲ ਦੀ ਪੂਰੀ ਟੀਮ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਦਾ ਦਿਲੋਂ ਧੰਨਵਾਦ ਕਰਦੀ ਹੈ ਕਿ ਉਨ੍ਹਾਂ ਲੋਕਾਂ ਦੀਆਂ ਪਰੇਸ਼ਾਨੀਆਂ ਨੂੰ ਦੇਖਦਿਆਂ ਹੋਇਆਂ ਇਸ ਸੜਕ ਨੂੰ ਬਣਉਣ ਕੰਮ ਦੀ ਸ਼ੁਰੂਆਤ ਕਰਵਾਈ ਹੈ।
ਸ਼ਕਤੀ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਸਾਹਨੇਵਾਲ ਦੇ ਪ੍ਰਿੰਸੀਪਲ ਮਨਵਿੰਦਰ ਸਿੰਘ ਭੰਡਾਲ ਨੇ ਸੜਕ ਦਾ ਉਦਘਾਟਨ ਕਰਨ ਦੀ ਖੁਸ਼ੀ ਵਿੱਚ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਅਤੇ ਨਗਰ ਕੌਂਸਲ ਸਾਹਨੇਵਾਲ ਦੀ ਸਮੁੱਚੀ ਟੀਮ ਦਾ ਧੰਨਵਾਦ ਕਰਦਿਆਂ ਕਿਹਾ ਕਿ ਪਿਛਲੇ ਲੰਮੇ ਸਮੇਂ ਤੋਂ ਇਸ ਸੜਕ ਕਾਰਨ ਲੋਕਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਇਸ ਮੌਕੇ ਕਾਰਜ ਸਾਧਕ ਅਫਸਰ ਬਲਵੀਰ ਸਿੰਘ ਗਿੱਲ, ਨਗਰ ਕੌਂਸਲ ਸਾਹਨੇਵਾਲ ਦੇ ਪ੍ਰਧਾਨ ਪੂਜਾ ਰਾਣੀ, ਵਾਰਡ ਨੰਬਰ -1 ਦੇ ਕੌਂਸਲਰ ਕੁਲਦੀਪ ਕੌਰ, ਵਾਰਡ ਨੰਬਰ -2 ਦੇ ਕੌਂਸਲਰ ਸਵਰਨ ਕੁਮਾਰ ਸੋਨੀ, ਟ੍ਰੇਡ ਵਿੰਗ ਜ਼ਿਲ੍ਹਾ ਦਿਹਾਤੀ ਪ੍ਰਧਾਨ ਰਾਜਦੀਪ ਭਾਟੀਆ, ਬਲਾਕ ਪ੍ਰਧਾਨ ਕੁਲਦੀਪ ਐਰੀ, ਬਲਾਕ ਪ੍ਰਧਾਨ ਕੀਰਤਨ ਸਿੰਘ ਬੱਬੂ ਬਿਰਦੀ, ਕਿਸਾਨ ਵਿੰਗ ਜਿਲ੍ਹਾ ਦਿਹਾਤੀ ਪ੍ਰਧਾਨ ਜਸਕਰਨ ਸਿੰਘ ਲਾਲੀ ਹਰਾ ਸਮੇਤ ਇਲਾਕੇ ਭਰ ਦੇ ਪਤਵੰਤੇ ਹਾਜ਼ਰ ਸਨ।
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ