ਪੰਜਾਬ ਵੱਲੋਂ ਸਰਕਾਰੀ ਸਕੂਲਾਂ ਦੀ ਨੁਹਾਰ ਬਦਲਣ ਲਈ ਵਿਸ਼ਵ ਬੈਂਕ ਨਾਲ 3,500 ਕਰੋੜ ਰੁਪਏ ਦਾ ਸਮਝੌਤਾ
ਚੰਡੀਗੜ੍ਹ, 18 ਮਾਰਚ (ਹਿੰ.ਸ.)। ਪੰਜਾਬ ਦੇ ਸਿੱਖਿਆ ਖੇਤਰ ਵਿੱਚ ਮੀਲ ਪੱਥਰ ਕਾਇਮ ਕਰਦਿਆਂ ਭਗਵੰਤ ਮਾਨ ਸਰਕਾਰ ਵੱਲੋਂ ਪੰਜਾਬ ਸਿੱਖਿਆ ਕ੍ਰਾਂਤੀ-2.0 ਦੀ ਸ਼ੁਰੂਆਤ ਕੀਤੀ ਗਈ ਹੈ ਜਿਸ ਤਹਿਤ ਅਗਲੇ ਛੇ ਸਾਲਾਂ ਵਿੱਚ 3,500 ਕਰੋੜ ਰੁਪਏ ਦੇ ਨਿਵੇਸ਼ ਨਾਲ ਸਕੂਲ ਸਿੱਖਿਆ ਵਿੱਚ ਕ੍ਰਾਂਤੀਕਾਰੀ ਸੁਧਾਰ ਕੀਤੇ ਜਾਣਗੇ।
ਪੰਜਾਬ ਵੱਲੋਂ ਸਰਕਾਰੀ ਸਕੂਲਾਂ ਦੀ ਨੁਹਾਰ ਬਦਲਣ ਲਈ ਵਿਸ਼ਵ ਬੈਂਕ ਨਾਲ 3,500 ਕਰੋੜ ਰੁਪਏ ਦਾ ਸਮਝੌਤਾ


ਚੰਡੀਗੜ੍ਹ, 18 ਮਾਰਚ (ਹਿੰ.ਸ.)। ਪੰਜਾਬ ਦੇ ਸਿੱਖਿਆ ਖੇਤਰ ਵਿੱਚ ਮੀਲ ਪੱਥਰ ਕਾਇਮ ਕਰਦਿਆਂ ਭਗਵੰਤ ਮਾਨ ਸਰਕਾਰ ਵੱਲੋਂ ਪੰਜਾਬ ਸਿੱਖਿਆ ਕ੍ਰਾਂਤੀ-2.0 ਦੀ ਸ਼ੁਰੂਆਤ ਕੀਤੀ ਗਈ ਹੈ ਜਿਸ ਤਹਿਤ ਅਗਲੇ ਛੇ ਸਾਲਾਂ ਵਿੱਚ 3,500 ਕਰੋੜ ਰੁਪਏ ਦੇ ਨਿਵੇਸ਼ ਨਾਲ ਸਕੂਲ ਸਿੱਖਿਆ ਵਿੱਚ ਕ੍ਰਾਂਤੀਕਾਰੀ ਸੁਧਾਰ ਕੀਤੇ ਜਾਣਗੇ। ਇਸ ਪਹਿਲਕਦਮੀ ਦਾ ਉਦੇਸ਼ ਸਰਕਾਰੀ ਸਕੂਲਾਂ ਵਿੱਚ ਢਾਂਚਾਗਤ ਸੁਧਾਰਾਂ ਨੂੰ ਤੇਜ਼ ਕਰਨਾ ਅਤੇ ਪੰਜਾਬ ਦੀ ਸਿੱਖਿਆ ਪ੍ਰਣਾਲੀ ਨੂੰ ਵਿਸ਼ਵ ਪੱਧਰ ਦੇ ਮਿਆਰਾਂ ਦਾ ਹਾਣੀ ਬਣਾਉਣਾ ਹੈ।

ਇਸ ਪ੍ਰੋਗਰਾਮ ਲਈ ਖ਼ਰਚੇ ਜਾਣ ਵਾਲੇ 3,500 ਕਰੋੜ ਰੁਪਏ ਵਿੱਚ ਵਿਸ਼ਵ ਬੈਂਕ ਵੱਲੋਂ 2,500 ਕਰੋੜ ਰੁਪਏ ਦੀ ਕਰਜ਼ਾ ਸਹਾਇਤਾ ਅਤੇ ਪੰਜਾਬ ਸਰਕਾਰ ਵੱਲੋਂ 1,000 ਕਰੋੜ ਰੁਪਏ ਦਾ ਯੋਗਦਾਨ ਸ਼ਾਮਲ ਹੈ, ਜੋ ਇਸ ਨੂੰ ਸੂਬੇ ਦੇ ਇਤਿਹਾਸ ਵਿੱਚ ਸਭ ਤੋਂ ਵੱਡੇ ਸਿੱਖਿਆ ਸੁਧਾਰ ਨਿਵੇਸ਼ਾਂ ਵਿੱਚੋਂ ਇੱਕ ਬਣਾਉਂਦਾ ਹੈ। ਪੰਜਾਬ ਸਿੱਖਿਆ ਕ੍ਰਾਂਤੀ 2.0 ਦੀ ਸ਼ੁਰੂਆਤ ਪੰਜਾਬ ਸਿੱਖਿਆ ਕ੍ਰਾਂਤੀ ਦੇ ਪਹਿਲੇ ਪੜਾਅ ਅਧੀਨ ਪ੍ਰਾਪਤ ਕੀਤੀ ਗਈ ਸ਼ਾਨਦਾਰ ਪ੍ਰਗਤੀ ਨੂੰ ਵੇਖਦਿਆਂ ਕੀਤੀ ਗਈ ਹੈ। ਪੰਜਾਬ ਸਿੱਖਿਆ ਕ੍ਰਾਂਤੀ ਦੇ ਪਹਿਲੇ ਪੜਾਅ ਅਧੀਨ ਸੂਬੇ ਭਰ ਦੇ ਸਰਕਾਰੀ ਸਕੂਲਾਂ ਤਸਵੀਰ ਬਦਲ ਦਿੱਤੀ ਗਈ ਹੈ ਅਤੇ ਪੰਜਾਬ ਨੂੰ ਰਾਸ਼ਟਰੀ ਸਿੱਖਿਆ ਦਰਜਾਬੰਦੀ ਵਿੱਚ ਸਿਖਰ 'ਤੇ ਪਹੁੰਚਾਇਆ ਹੈ।

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪੰਜਾਬ ਸਿੱਖੀਆ ਕ੍ਰਾਂਤੀ ਦੀ ਸਫਲਤਾ ਨੇ ਸੂਬੇ ਦੀ ਸਿੱਖਿਆ ਨੂੰ ਪਹਿਲਾਂ ਹੀ ਨਵਾਂ ਰੂਪ ਦੇ ਦਿੱਤਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਨੇ ਸਾਬਤ ਕਰ ਦਿੱਤਾ ਹੈ ਕਿ ਸਰਕਾਰੀ ਸਕੂਲ ਦੇਸ਼ ਦੀ ਅਗਵਾਈ ਕਰ ਸਕਦੇ ਹਨ। ਨੈਸ਼ਨਲ ਅਚੀਵਮੈਂਟ ਸਰਵੇ-2024 ਵਿੱਚ ਪਹਿਲੇ ਨੰਬਰ 'ਤੇ ਆਉਣਾ ਉਸ ਤਬਦੀਲੀ ਦਾ ਸਬੂਤ ਹੈ। ਪੰਜਾਬ ਸਿੱਖਿਆ ਕ੍ਰਾਂਤੀ-2.0 ਦੇ ਨਾਲ ਅਸੀਂ ਹੁਣ ਆਪਣੀ ਸਿੱਖਿਆ ਪ੍ਰਣਾਲੀ ਨੂੰ ਦੁਨੀਆ ਦੀਆਂ ਬਿਹਤਰ ਪ੍ਰਣਾਲੀਆਂ ਨਾਲ ਮੁਕਾਬਲਾ ਕਰਨ ਲਈ ਤਿਆਰ ਕਰ ਰਹੇ ਹਾਂ। ਵਿਸ਼ਵ ਬੈਂਕ ਨਾਲ ਸਹਿਯੋਗ ਉਸ ਭਰੋਸੇਯੋਗਤਾ ਤੇ ਪਾਰਦਰਸ਼ਤਾ ਨੂੰ ਦਰਸਾਉਂਦਾ ਹੈ ਜਿਸ ਨਾਲ ਪੰਜਾਬ ਨੇ ਸਿੱਖਿਆ ਸੁਧਾਰ ਕੀਤੇ ਹਨ। ਇਹ ਹਰ ਬੱਚੇ ਪ੍ਰਤੀ ਸਾਡੀ ਵਚਨਬੱਧਤਾ ਪ੍ਰਤੀ ਅਗਲੀ ਪੁਲਾਂਘ ਹੈ।

ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਪੰਜਾਬ ਸਿੱਖਿਆ ਕ੍ਰਾਂਤੀ ਨੇ ਪਹਿਲਾਂ ਹੀ ਮਹੱਤਵਪੂਰਨ ਨਤੀਜੇ ਪ੍ਰਗਟ ਕੀਤੇ ਹਨ ਅਤੇ ਅਗਲਾ ਪੜਾਅ ਸੁਧਾਰਾਂ ਦੇ ਪੈਮਾਨੇ ਅਤੇ ਡੂੰਘਾਈ ਵਿੱਚ ਹੋਰ ਵਿਸਥਾਰ ਕਰੇਗਾ। ਸਿੱਖਿਆ ਮੰਤਰੀ ਨੇ ਕਿਹਾ ਕਿ ਪੰਜਾਬ ਸਿੱਖਿਆ ਕ੍ਰਾਂਤੀ ਨੇ ਸਾਡੇ ਸਰਕਾਰੀ ਸਕੂਲਾਂ ਦੀ ਨੁਹਾਰ ਬਦਲ ਦਿਤੀ ਹੈ ਅਤੇ ਪੰਜਾਬ ਨੂੰ ਰਾਸ਼ਟਰੀ ਸਿੱਖਿਆ ਦਰਜਾਬੰਦੀ ਵਿੱਚ ਸਿਖਰ 'ਤੇ ਪਹੁੰਚਾਇਆ ਹੈ। ਪੰਜਾਬ ਸਿੱਖਿਆ ਕ੍ਰਾਂਤੀ 2.0 ਹੁਣ ਰਾਸ਼ਟਰੀ ਲੀਡਰਸ਼ਿਪ ਤੋਂ ਵਿਸ਼ਵਵਿਆਪੀ ਉੱਤਮਤਾ ਤੱਕ ਸਾਡੇ ਸਫ਼ਰ ਵਿੱਚ ਤੇਜ਼ੀ ਲਿਆਵੇਗਾ। ਪੰਜਾਬ ਦਾ ਹਰ ਬੱਚਾ ਅੰਤਰਰਾਸ਼ਟਰੀ ਮਾਪਦੰਡਾਂ ਦੇ ਅਨੁਸਾਰ ਮੌਕਿਆਂ ਦਾ ਹੱਕਦਾਰ ਹੈ ਅਤੇ ਇਹ ਮਿਸ਼ਨ ਸਾਨੂੰ ਉਸ ਦ੍ਰਿਸ਼ਟੀਕੋਣ ਨੂੰ ਪ੍ਰਾਪਤ ਕਰਨ ਵਿੱਚ ਮਦਦ ਕਰੇਗਾ।

ਸੁਧਾਰਾਂ ਦੇ ਅਗਲੇ ਪੜਾਅ ਦਾ ਜਾਣਕਾਰੀ ਦਿੰਦਿਆਂ ਪੰਜਾਬ ਸਰਕਾਰ ਨੇ ਕਿਹਾ ਕਿ 3,500 ਕਰੋੜ ਰੁਪਏ ਦੀ ਲਾਗਤ ਵਾਲਾ ਇਹ ਮਿਸ਼ਨ ਕੇਂਦਰਿਤ ਅਤੇ ਨਤੀਜਾ ਅਧਾਰਤ ਦਖਲ ਰਾਹੀਂ ਪੰਜਾਬ ਸਿੱਖਿਆ ਕ੍ਰਾਂਤੀ ਦੇ ਨਤੀਜਿਆਂ ਨੂੰ ਹੋਰ ਗਹਿਰਾ ਅਤੇ ਸਥਾਈ ਬਣਾਏਗਾ। ਇਸ ਪਹਿਲਕਦਮੀ ਤਹਿਤ ਬੁਨਿਆਦੀ ਸਿੱਖਿਆ ਦੀ ਮਜ਼ਬੂਤੀ ਨੂੰ ਤਰਜੀਹ ਦਿੱਤੀ ਜਾਵੇਗੀ ਅਤੇ ਇਹ ਯਕੀਨੀ ਬਣਾਇਆ ਜਾਵੇਗਾ ਕਿ ਹਰੇਕ ਬੱਚਾ ਢਾਂਚਾਗਤ ਮੁਲਾਂਕਣਾਂ, ਬਿਹਤਰ ਸਿੱਖਿਆ ਸ਼ਾਸਤਰ ਅਤੇ ਟੀਚਾਗਤ ਅਕਾਦਮਿਕ ਸਹਾਇਤਾ ਰਾਹੀਂ ਬੁਨਿਆਦੀ ਹੁਨਰ ਪ੍ਰਾਪਤ ਕਰੇ।ਇਹਨਾਂ ਸੁਧਾਰਾਂ ਦਾ ਉਦੇਸ਼ ਅਧਿਆਪਕ ਸਿਖਲਾਈ ਸੰਸਥਾਵਾਂ ਨੂੰ ਮਜ਼ਬੂਤ ਕਰਕੇ, ਪੇਸ਼ੇਵਰ ਵਿਕਾਸ ਪ੍ਰੋਗਰਾਮਾਂ ਨੂੰ ਆਧੁਨਿਕ ਬਣਾ ਕੇ ਅਤੇ ਵਿਆਪਕ ਸਕੂਲ ਲੀਡਰਸ਼ਿਪ ਢਾਂਚਾ ਲਾਗੂ ਕਰਕੇ ਅਧਿਆਪਕਾਂ ਅਤੇ ਸਕੂਲ ਆਗੂਆਂ ਨੂੰ ਸਸ਼ਕਤ ਬਣਾਉਣਾ ਹੈ। ਇਹ ਪਹਿਲਕਦਮੀ ਡਾਟਾ-ਅਧਾਰਿਤ ਫੈਸਲੇ ਲੈਣ ਅਤੇ ਸਕੂਲ ਪ੍ਰਬੰਧਨ ਕਮੇਟੀਆਂ ਨੂੰ ਸਸ਼ਕਤ ਬਣਾ ਕੇ ਪਾਰਦਰਸ਼ੀ ਅਤੇ ਜਵਾਬਦੇਹ ਸਕੂਲ ਪ੍ਰਬੰਧਨ ਨੂੰ ਯਕੀਨੀ ਬਣਾਏਗਾ ਤਾਂ ਜੋ ਭਾਈਚਾਰਕ ਸ਼ਮੂਲੀਅਤ ਅਤੇ ਜਵਾਬਦੇਹੀ ਨੂੰ ਮਜ਼ਬੂਤ ਕੀਤਾ ਜਾ ਸਕੇ। ਇਹ ਮਿਸ਼ਨ ਭਵਿੱਖ ਲਈ ਤਿਆਰ ਬੁਨਿਆਦੀ ਢਾਂਚਾ ਅਤੇ ਪ੍ਰਣਾਲੀਆਂ ਵੀ ਬਣਾਏਗਾ। ਇਸ ਉਦੇਸ਼ ਲਈ ਵਿਆਪਕ ਸੁਧਾਰ ਕੀਤੇ ਜਾਣਗੇ ਤਾਂ ਜੋ ਲੰਬੇ ਸਮੇਂ ਤੱਕ ਚੱਲਣ ਵਾਲੇ ਵਿਸ਼ਵਵਿਆਪੀ ਮਿਆਰਾਂ ਦੇ ਅਨੁਸਾਰ ਸੁਰੱਖਿਅਤ, ਸਥਾਈ ਅਤੇ ਡਿਜੀਟਲ ਤੌਰ 'ਤੇ ਸਮਰੱਥ ਸਿੱਖਣ ਦਾ ਮਾਹੌਲ ਨੂੰ ਯਕੀਨੀ ਬਣਾਇਆ ਜਾ ਸਕੇ। ਪੰਜਾਬ ਸਿੱਖਿਆ ਕ੍ਰਾਂਤੀ ਨੇ ਜੋ ਨੀਂਹ ਰੱਖੀ ਸੀ, ਪੰਜਾਬ ਸਿੱਖਿਆ ਕ੍ਰਾਂਤੀ-2.0 ਹੁਣ ਉਸ ਤਬਦੀਲੀ ਦਾ ਹੋਰ ਵਿਸਥਾਰ ਕਰੇਗੀ ਅਤੇ ਪੰਜਾਬ ਦੀ ਸਿੱਖਿਆ ਪ੍ਰਣਾਲੀ ਨੂੰ ਵਿਸ਼ਵ ਪੱਧਰ 'ਤੇ ਮੁਕਾਬਲਾ ਕਰਨ ਲਈ ਤਿਆਰ ਕਰੇਗੀ।

ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ


 rajesh pande