
ਪਟਿਆਲਾ, 29 ਮਾਰਚ (ਹਿੰ.ਸ.)। ਜ਼ਬਰ ਜਨਾਹ ਮਾਮਲੇ ਵਿਚ ਗ੍ਰਿਫ਼ਤਾਰ ਆਮ ਆਦਮੀ ਪਾਰਟੀ ਦੇ ਵਿਧਾਇਕ ਹਰਮੀਤ ਸਿੰਘ ਪਠਾਨਮਾਜਰਾ ਨੂੰ ਪਟਿਆਲਾ ਕੋਰਟ ਵਿਚ ਪੇਸ਼ ਕੀਤਾ ਗਿਆ, ਜਿਥੇ ਕਿ ਅਦਾਲਤ ਨੇ ਹਰਮੀਤ ਸਿੰਘ ਪਠਾਨਮਾਜਰਾ ਦਾ ਰਿਮਾਂਡ 7 ਸਿਦਨ ਹੋਰ ਵਧਾ ਦਿੱਤਾ। ਜ਼ਿਕਰਯੋਗ ਹੈ ਕਿ ਪੰਜਾਬ ਪੁਲਿਸ ਨੇ ਜ਼ਬਰ ਜਨਾਹ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਸਨੌਰ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਹਰਮੀਤ ਸਿੰਘ ਪਠਾਨਮਾਜਰਾ ਨੂੰ ਪੁਲਿਸ ਨੇ ਗਵਾਲੀਅਰ ਤੋਂ 24 ਮਾਰਚ ਨੂੰ ਗ੍ਰਿਫ਼ਤਾਰ ਕੀਤਾ ਸੀ, ਜਿਸ ਤੋਂ ਬਾਅਦ ਅਦਾਲਤ ਨੇ ਪਠਾਨਮਾਜਰਾ ਨੂੰ 5 ਦਿਨ ਦੇ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ ਸੀ।
1 ਸਤੰਬਰ, 2025 ਨੂੰ, ਇੱਕ ਔਰਤ ਵੱਲੋਂ ਪੰਜਾਬ ਦੇ ਪਟਿਆਲਾ ਦੇ ਸਿਵਲ ਲਾਈਨਜ਼ ਥਾਣੇ ਵਿੱਚ ਉਨ੍ਹਾਂ ਵਿਰੁੱਧ ਜ਼ਬਰ ਜਨਾਹ, ਧੋਖਾਧੜੀ ਅਤੇ ਹੋਰ ਦੋਸ਼ਾਂ ਦਾ ਮਾਮਲਾ ਦਰਜ ਕਰਵਾਇਆ ਗਿਆ ਸੀ। ਔਰਤ ਨੇ ਦੋਸ਼ ਲਗਾਇਆ ਕਿ 2013-2014 ਤੋਂ 2024 ਤੱਕ (ਖਾਸ ਕਰਕੇ, 12 ਫਰਵਰੀ, 2014 ਤੋਂ 12 ਜੂਨ, 2024 ਤੱਕ), ਪਠਾਨਮਾਜਰਾ ਨੇ ਤਲਾਕਸ਼ੁਦਾ ਹੋਣ ਦਾ ਦਿਖਾਵਾ ਕਰਕੇ ਅਤੇ ਵਿਆਹ ਦਾ ਝਾਂਸਾ ਦੇ ਕੇ ਉਸ ਨਾਲ ਰੇਪ ਕੀਤਾ ਕੀਤਾ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦਾ 2021 ਵਿੱਚ ਲੁਧਿਆਣਾ ਦੇ ਇੱਕ ਗੁਰਦੁਆਰੇ ਵਿੱਚ ਵਿਆਹ ਵੀ ਹੋਇਆ ਸੀ, ਪਰ ਪਠਾਨਮਾਜਰਾ ਪਹਿਲਾਂ ਹੀ ਵਿਆਹਿਆ ਹੋਇਆ ਸੀ।
ਇਸ ਤੋਂ ਬਾਅਦ, ਪਠਾਨਮਾਜਰਾ ਨੂੰ 2 ਸਤੰਬਰ ਨੂੰ ਹਰਿਆਣਾ ਦੇ ਕਰਨਾਲ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ। ਹਾਲਾਂਕਿ, ਉਹ ਗੋਲੀਬਾਰੀ ਅਤੇ ਪੱਥਰਬਾਜ਼ੀ ਦੀ ਆੜ ਵਿੱਚ ਪੁਲਿਸ ਹਿਰਾਸਤ ਵਿੱਚੋਂ ਬਚ ਨਿਕਲਿਆ। ਇਸ ਘਟਨਾ ਵਿੱਚ ਇੱਕ ਪੁਲਿਸ ਕਰਮਚਾਰੀ ਜ਼ਖਮੀ ਹੋ ਗਿਆ ਸੀ। ਫਿਰ ਮਾਮਲਾ ਅਦਾਲਤ ਵਿੱਚ ਪਹੁੰਚਿਆ। ਦਸੰਬਰ 2025 ਵਿੱਚ, ਪਟਿਆਲਾ ਦੀ ਅਦਾਲਤ ਨੇ ਉਨ੍ਹਾਂ ਨੂੰ ਭਗੌੜਾ ਐਲਾਨ ਦਿੱਤਾ। ਇਸ ਤੋਂ ਬਾਅਦ, ਖ਼ਬਰਾਂ ਆਈਆਂ ਕਿ ਉਹ ਆਸਟ੍ਰੇਲੀਆ ਭੱਜ ਗਏ ਹਨ ਅਤੇ ਉੱਥੋਂ ਇੰਟਰਵਿਊ ਦੇ ਰਿਹਾ ਹੈ। ਫਿਰ ਅਦਾਲਤ ਨੇ ਇੱਕ ਲੁੱਕਆਊਟ ਨੋਟਿਸ ਜਾਰੀ ਕੀਤਾ ਸੀ। ਇਸ ਦੌਰਾਨ ਪਠਾਨਮਾਜਰਾ ਨੂੰ ਬੀਤੇ ਮੰਗਲਵਾਰ ਦੇਰ ਰਾਤ ਉਦੋਂ ਗ੍ਰਿਫ਼ਤਾਰ ਕਰ ਲਿਆ ਗਿਆ ਜਦੋਂ ਉਨ੍ਹਾਂ ਨੂੰ ਮੱਧ ਪ੍ਰਦੇਸ਼ ਦੇ ਗਵਾਲੀਅਰ ਨੇੜੇ ਸ਼ਿਵਪੁਰੀ ਜ਼ਿਲ੍ਹੇ ਵਿੱਚ ਦੇਖਿਆ ਗਿਆ।
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ