
ਅੰਮ੍ਰਿਤਸਰ/ਅਜਨਾਲਾ, 30 ਮਾਰਚ (ਹਿੰ.ਸ.)। ਆਮ ਆਦਮੀ ਪਾਰਟੀ ਦੇ ਸੂਬਾਈ ਮੁੱਖ ਬੁਲਾਰੇ, ਵਿਧਾਇਕ ਤੇ ਸਾਬਕਾ ਕੈਬਿਨੇਟ ਮੰਤਰੀ ਪੰਜਾਬ ਕੁਲਦੀਪ ਸਿੰਘ ਧਾਲੀਵਾਲ ਨੇ ਸਾਬਕਾ ਕਾਂਗਰਸ, ਅਕਾਲੀ, ਭਾਜਪਾ ਸਰਕਾਰਾਂ ਨੂੰ ਆੜੇ ਹੱਥੀ ਲੈਦਿਆਂ ਕਿਹਾ ਕਿ ਇਨ੍ਹਾਂ ਰਵਾਇਤੀ ਪਾਰਟੀਆਂ ਨੇ ਆਪਣੀ ਸੱਤਾ ਦੇ ਕਾਰਜਕਾਲ ’ਚ ਪੰਜਾਬ ਦੇ ਹੋਣਹਾਰ ਤੇ ਅੱਵਲ ਅਕਾਦਮਿਕ ਡਿਗਰੀਆਂ/ਡਿਪਲੋਮੇ ਹਾਸਿਲ ਕਰਨ ਵਾਲੇ ਨੌਜਵਾਨਾਂ ਕੋਲੋਂ ਸਰਕਾਰੀ ਨੌਕਰੀਆਂ ਦੇ ਹੱਕ ਖੋਹ ਕੇ ਭਾਈ-ਭਤੀਜਾਵਾਦ ਦੇ ਅੰਨੇ ਮੋਹ ’ਚ ਆਪਣਿਆਂ ਰਿਸ਼ਤੇਦਾਰਾਂ ਦੇ ਬੱਚਿਆਂ ਜਾਂ ਫਿਰ ਕਥਿਤ ਰਿਸ਼ਵਤਖੋਰੀ ਦਾ ਬੋਲ ਬਾਲਾ ਕਰਕੇ ਆਪਣੀਆਂ ਤਿਜੌਰੀਆਂ ਭਰ ਕੇ ਰਿਸ਼ਵਤ ਦੇਣ ਦੇ ਸਮੱਰਥ ਵਾਰਿਸਾਂ ਦੇ ਬੱਚਿਆਂ ਨੂੰ ਨੌਕਰੀਆਂ ਵੰਡੀਆਂ, ਜਦੋਂ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਨੇ ਸੱਤਾ ਸੰਭਾਲਦਿਆਂ ਸਰਕਾਰੀ ਨੌਕਰੀਆਂ ਨੂੰ ਭਾਈ ਭਤੀਜਾਵਾਦ ਤੇ ਰਿਸ਼ਵਤਖੋਰੀ ਤੋਂ ਮੁਕਤ ਕਰਕੇ ਸਿਰਫ ਤੇ ਸਿਰਫ 65000 ਤੋ ਵੱਧ ਪੜ੍ਹੇ ਲਿਖੇ ਯੋਗ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਤੇ ਭਰਤੀ ਕਰਨ ਦਾ 4 ਸਾਲਾਂ ਚ ਰਿਕਾਰਡ ਕਾਇਮ ਕੀਤਾ।
ਧਾਲੀਵਾਲ ਨੇ ਸ਼ਾਨਦਾਰ 4 ਸਾਲ ਭਗਵੰਤ ਮਾਨ ਦੇ ਨਾਲ ਜਨ ਸੰਪਰਕ ਮੁਹਿੰਮ ਤਹਿਤ ਅਜਨਾਲਾ ਸ਼ਹਿਰ ਦੇ ਬਾਹਰੀ ਪਿੰਡਾਂ ਵੱਡਾ ਫੱਤੇਵਾਲ, ਖਾਨਵਾਲ, ਕੋਟਲੀ ਕੋਕਾ, ਚੱਕ ਡੋਗਰਾ, ਵੱਡਾ ਚੱਕ ਡੋਗਰਾ ਤੇ ਗ੍ਰੰਥਗੜ ਪਿੰਡਾਂ ਚ ਪ੍ਰਭਾਵਸ਼ਾਲੀ ਪੇਂਡੂ ਜਨਤਕ ਮੀਟਿੰਗਾਂ ਨੂੰ ਸੰਬੋਧਨ ਕੀਤਾ। ੳੇੁਨ੍ਹਾਂ ਨੇ ਕਿਹਾ ਕਿ ਸੂਬਾ ਮਾਨ ਸਰਕਾਰ ਨੇ ਸਿਰਫ 4 ਸਾਲਾ ਦੇ ਹੀ ਆਪਣੇ ਛੋਟੇ ਜਿਹੇ ਕਾਰਜਕਾਲ ਚ ਪੰਜਾਬ ’ਚ ਸਾਬਕਾ ਸਰਕਾਰਾਂ ਦੇ ਕਾਰਜਕਾਲ ਤੋਂ ਠੱਪ ਪਿਆ ਪੂੰਜੀ ਨਿਵੇਸ਼ ਦੇ ਲਈ ਕੌਮੀ ਤੇ ਬਹੁ-ਕੌਮੀ ਕੰਪਨੀਆਂ ਨੂੰ ਭ੍ਰਿਸ਼ਟਾਚਾਰ ਮੁਕਤ ਪ੍ਰਸ਼ਾਸ਼ਨ ਤੇ ਪੂੰਜੀ ਨਿਵੇਸ਼ ਲਈ 45 ਦਿਨਾਂ ਵਿਚ ਹੀ ਮੰਜੂਰੀਆਂ ਮੁਹੱਈਆ ਕਰਵਾਉਣ ਦਾ ਰਾਸ਼ਟਰ ਟ੍ਰੈਕ ਕਾਇਮ ਕਰਦਿਆਂ 5.5 ਲੱਖ ਨੌਜਵਾਨਾਂ ਨੂੰ ਪ੍ਰਾਈਵੇਟ ਨੌਕਰੀਆਂ ਤੇ ਭਰਤੀ ਕਰਵਾਇਆ।
ਉਨ੍ਹਾਂ ਨੇ ਸਾਬਕਾ ਅਕਾਲੀ ਸਕਰਾਰ ਦੇ ਉਸ ਦਾਅਵੇ ਨੂੰ ਕੋਰੀ ਗੱਪ ਕਰਾਰ ਦਿੱਤਾ ਜਿਸ ’ਚ ਸਾਬਕਾ ਅਕਾਲੀ ਸਰਕਾਰ ਵਲੋਂ ਆਪਣੇ ਸਾਲ 2007 ਤੋਂ 2017 ਤੱਕ 10 ਸਾਲ ਦੇ ਕਾਰਜਕਾਲ ਚ ਸਿਰਫ 3.5 ਲੱਖ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ’ਤੇ ਨਿਯੁਕਤ ਕੀਤੇ ਜਾਣ ਦੇ ਦਾਅਵਾ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਸਾਬਕਾ ਕਾਂਗਰਸ ਸਰਕਾਰ ਵਲੋਂ ਸਾਲ 2017 ਤੋਂ 2022 ਤੱਕ ਦੇ ਕਾਰਜਕਾਲ ਚ ਘਰ-ਘਰ ਨੌਕਰੀ ਦੇਣ ਤੋ ਇਲਾਵਾ ਕੇਂਦਰੀ ਸਰਕਾਰ ਵਲੋਂ ਹਰ ਸਾਲ 2 ਕਰੋੜ ਪੜੇ ਲਿਖੇ ਨੌਜਵਾਨਾਂ ਨੂੰ ਨੌਕਰੀਆਂ ਤੇ ਲਗਾਏ ਜਾਣ ਦੇ ਦਾਅਵੇ ਨੂੰ ਨਖਿੱਧ ਕਰਾਰ ਦਿੱਤਾ।
ਧਾਲੀਵਾਲ ਨੇ ਲੋਕਾਂ ਨੂੰ ਸੂਬਾ ਮਾਨ ਸਰਕਾਰ ਦੇ ਹੱਥ ਮਜਬੂਤ ਕਰਨ ਦਾ ਸੱਦਾ ਦਿੱਤਾ ਅਤੇ ਕਿਹਾ ਕਿ ਜਿੰਨਾਂ ਪੰਜਾਬ ਵਾਸੀਆਂ ਵਲੋਂ ਮਾਨ ਸਰਕਾਰ ਨੂੰ ਪਿਆਰ ਤੇ ਸਤਿਕਾਰ ਦੇ ਕੇ ਭੋਰਸਾ ਪ੍ਰਗਟਾਇਆ ਜਾ ਰਿਹਾ ਹੈ ਉਸ ਤੋਂ ਸਪੱਸ਼ਟ ਹੈ ਕਿ ਅਗਲੇ ਸਾਲ 2027 ਚ ਹੋਣ ਜਾ ਰਹੀਆਂ ਪੰਜਾਬ ਵਿਧਾਨ ਸਭਾ ਚੋਣਾਂ ਚ ਲੋਕਾਂ ਦੇ ਸਮੱਰਥਨ ਤੇ ਮਿਹਨਤ ਨਾਲ ਮਾਨ ਸਰਕਾਰ ਮੁੜ ਸੱਤਾ ’ਚ ਆਏਗੀ।
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ