
ਅੰਮ੍ਰਿਤਸਰ, 30 ਮਾਰਚ (ਹਿੰ.ਸ.)। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਯਤਨਾਂ ਸਦਕਾ ਓਬਰਾਏ ਗਰੁੱਪ ਅਤੇ ਸਪ੍ਰਿੰਗਐਜ ਸਲਿਊਸ਼ਨਜ਼ ਪ੍ਰਾਈਵੇਟ ਲਿਮਟਿਡ ਵੱਲੋਂ ਅੰਮ੍ਰਿਤਸਰ ਵਿੱਚ ਇੱਕ ਵਿਸ਼ਵ ਪੱਧਰੀ ਪ੍ਰਾਹੁਣਚਾਰੀ ਪ੍ਰੋਜੈਕਟ ਦੇ ਵਿਕਾਸ ਲਈ ਐਮ.ਓ.ਯੂ. ’ਤੇ ਹਸਤਾਖਰ ਕਰਨ ਦਾ ਵਿਧਾਨ ਸਭਾ ਹਲਕਾ ਅੰਮ੍ਰਿਤਸਰ ਦੱਖਣੀ ਦੇ ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਜਰ ਨੇ ਸਵਾਗਤ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਪ੍ਰੋਜੈਕਟ ਪੰਜਾਬ ਅਤੇ ਖਾਸ ਕਰਕੇ ਅੰਮ੍ਰਿਤਸਰ ਦੇ ਸੈਰ-ਸਪਾਟਾ ਅਤੇ ਪ੍ਰਾਹੁਣਚਾਰੀ ਖੇਤਰ ਨੂੰ ਵੱਡਾ ਹੁਲਾਰਾ ਦੇਵੇਗਾ।
ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਜਰ ਨੇ ਕਿਹਾ ਕਿ ਅੰਮ੍ਰਿਤਸਰ ਵਿਖੇ ਆਉਣ ਵਾਲਾ 150 ਕਮਰਿਆਂ ਵਾਲਾ ਪ੍ਰੋਜੈਕਟ ਓਬਰਾਏ ਗਰੁੱਪ ਦੇ ਟ੍ਰਾਈਡੈਂਟ ਬ੍ਰਾਂਡ ਤਹਿਤ ਵਿਕਸਤ ਕੀਤਾ ਜਾਵੇਗਾ ਅਤੇ ਇਹ ਅੰਮ੍ਰਿਤਸਰ-ਤਰਨ ਤਾਰਨ ਰੋਡ ਉੱਪਰ ਸ੍ਰੀ ਹਰਿਮੰਦਰ ਸਾਹਿਬ ਤੋਂ ਲਗਭਗ 3 ਕਿਲੋਮੀਟਰ ਦੀ ਦੂਰੀ ‘ਤੇ ਹੋਵੇਗਾ। ਉਨ੍ਹਾਂ ਦੱਸਿਆ ਕਿ 3 ਏਕੜ ਵਿੱਚ ਫੈਲੇ ਇਸ ਪ੍ਰੋਜੈਕਟ ਵਿੱਚ ਲਗਭਗ 400 ਕਰੋੜ ਰੁਪਏ ਦਾ ਨਿਵੇਸ਼ ਸ਼ਾਮਲ ਹੈ ਅਤੇ ਇਸ ਨਾਲ ਅੰਮ੍ਰਿਤਸਰ ਦੇ ਪ੍ਰੀਮੀਅਮ ਪ੍ਰਾਹੁਣਚਾਰੀ ਬੁਨਿਆਦੀ ਢਾਂਚੇ ਨੂੰ ਵੱਡੀ ਮਜ਼ਬੂਤੀ ਮਿਲਣ ਦੀ ਉਮੀਦ ਹੈ।
ਉਨ੍ਹਾਂ ਅੱਗੇ ਕਿਹਾ ਕਿ ਇਸ ਪ੍ਰੋਜੈਕਟ ਨਾਲ ਲਗਭਗ 350 ਵਿਅਕਤੀਆਂ ਲਈ ਰੋਜ਼ਗਾਰ ਪੈਦਾ ਹੋਣ ਦੀ ਉਮੀਦ ਹੈ, ਜਿਸ ਨਾਲ ਸਥਾਨਕ ਆਰਥਿਕ ਗਤੀਵਿਧੀਆਂ ਅਤੇ ਰੋਜ਼ਗਾਰ ਉੱਪਤਰੀ ਨੂੰ ਹੋਰ ਹੁਲਾਰਾ ਮਿਲੇਗਾ।
ਹੋਰ ਵੇਰਵੇ ਸਾਂਝੇ ਕਰਦਿਆਂ ਡਾ. ਇੰਦਰਬੀਰ ਸਿੰਘ ਨਿੱਜਰ ਨੇ ਦੱਸਿਆ ਕਿ ਇਹ ਪ੍ਰਾਹੁਣਚਾਰੀ ਪ੍ਰੋਜੈਕਟ ਓਬਰਾਏ ਗਰੁੱਪ ਅਤੇ ਸਪ੍ਰਿੰਗਐਜ ਸਲਿਊਸ਼ਨਜ਼ ਪ੍ਰਾਈਵੇਟ ਲਿਮਟਿਡ ਦਰਮਿਆਨ ਸਾਂਝੇ ਸਹਿਯੋਗ ਤਹਿਤ ਵਿਕਸਤ ਕੀਤਾ ਜਾਵੇਗਾ, ਜੋ ਓਬਰਾਏ ਗਰੁੱਪ ਦੀ ਲਗਜ਼ਰੀ ਪ੍ਰਾਹੁਣਚਾਰੀ ਵਿੱਚ ਵਿਸ਼ਵ ਪੱਧਰ ਤੱਕ ਮੰਨੀ-ਪ੍ਰਮੰਨੀ ਮੁਹਾਰਤ ਅਤੇ ਸਪ੍ਰਿੰਗਐਜ ਦੀ ਮਜ਼ਬੂਤ ਸਥਾਨਕ ਮੌਜੂਦਗੀ ਨੂੰ ਇਕੱਠਾ ਕਰੇਗਾ।
ਜ਼ਿਕਰਯੋਗ ਹੈ ਕਿ ਇਹ ਟ੍ਰਾਈਡੈਂਟ ਬ੍ਰਾਂਡ ਤਹਿਤ ਪੰਜਾਬ ਵਿੱਚ ਪਹਿਲਾ ਹੋਟਲ ਹੋਵੇਗਾ। ਇਸ ਸਮੇਂ ਭਾਰਤ ਭਰ ਵਿੱਚ ਟ੍ਰਾਈਡੈਂਟ ਬ੍ਰਾਂਡ ਤਹਿਤ 9 ਹੋਟਲ ਚੱਲ ਰਹੇ ਹਨ। ਇਸ ਸਮੇਂ ਓਬਰਾਏ ਗਰੁੱਪ ਦੇ ਦੇਸ਼ ਭਰ ਵਿੱਚ 32 ਹੋਟਲ ਚੱਲ ਰਹੇ ਹਨ ਅਤੇ 10 ਹੋਰ ਪ੍ਰਗਤੀ ਅਧੀਨ ਹਨ। ਪੰਜਾਬ ਵਿੱਚ ਇਹ ਗਰੁੱਪ ਪਹਿਲਾਂ ਹੀ ਓਬਰਾਏ ਬ੍ਰਾਂਡ ਤਹਿਤ ਨਿਊ ਚੰਡੀਗੜ੍ਹ ਵਿਖੇ ਓਬਰਾਏ ਸੁਖਵਿਲਾਸ ਸਪਾ ਰਿਜ਼ੋਰਟ ਚਲਾ ਰਿਹਾ ਹੈ।
ਇਸ ਸਭ ਨੂੰ ਧਿਆਨ ਵਿੱਚ ਰੱਖਦਿਆਂ ਅੰਮ੍ਰਿਤਸਰ ਪ੍ਰੋਜੈਕਟ ਵੀ ਵਧੇਰੇ ਮਹੱਤਵਪੂਰਨ ਹੈ ਕਿਉਂਕਿ ਇਸਨੂੰ ਪੰਜਾਬ ਵਿੱਚ ਟ੍ਰਾਈਡੈਂਟ ਬ੍ਰਾਂਡ ਤਹਿਤ ਇਸ ਪੱਧਰ ਦਾ ਪਹਿਲਾ ਗ੍ਰੀਨਫੀਲਡ ਪ੍ਰੋਜੈਕਟ ਦੱਸਿਆ ਜਾ ਰਿਹਾ ਹੈ। ਇਸ ਪ੍ਰੋਜੈਕਟ ’ਤੇ ਕੰਮ ਜੁਲਾਈ 2026 ਵਿੱਚ ਸ਼ੁਰੂ ਹੋਣ ਦੀ ਉਮੀਦ ਹੈ, ਜਿਸ ਨੂੰ ਮਾਰਚ 2029 ਤੱਕ ਪੂਰਾ ਕਰਨ ਦਾ ਟੀਚਾ ਹੈ। ਉਨ੍ਹਾਂ ਕਿਹਾ ਕਿ ਇਹ ਸਹਿਯੋਗ ਪੰਜਾਬ ਦੇ ਉੱਚ-ਪੱਧਰੀ ਸੈਰ-ਸਪਾਟਾ, ਪ੍ਰਾਹੁਣਚਾਰੀ ਅਤੇ ਨਿਵੇਸ਼ ਲਈ ਇੱਕ ਪਸੰਦੀਦਾ ਸਥਾਨ ਬਣਨ ਦੇ ਸਫ਼ਰ ਵਿੱਚ ਇੱਕ ਨਵਾਂ ਮੀਲ ਪੱਥਰ ਹੈ, ਜੋ ਇੱਕ ਵਿਸ਼ਵਵਿਆਪੀ ਸੱਭਿਆਚਾਰਕ ਅਤੇ ਅਧਿਆਤਮਿਕ ਕੇਂਦਰ ਵਜੋਂ ਪਵਿੱਤਰ ਸ਼ਹਿਰ ਅੰਮ੍ਰਿਤਸਰ ਦੀ ਸਥਿਤੀ ਨੂੰ ਵੀ ਹੋਰ ਮਜ਼ਬੂਤ ਕਰੇਗਾ।
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ