
ਹੁਸ਼ਿਆਰਪੁਰ, 30 ਮਾਰਚ (ਹਿੰ.ਸ.)। ਜ਼ਿਲ੍ਹਾ ਸਿਹਤ ਸੁਸਾਇਟੀ ਦੀ ਮੀਟਿੰਗ ਸਹਾਇਕ ਡਿਪਟੀ ਕਮਿਸ਼ਨਰ (ਡੀ) ਨਿਕਾਸ ਕੁਮਾਰ ਦੀ ਪ੍ਰਧਾਨਗੀ ਵਿੱਚ ਮਿਨੀ ਸਕੱਤਰੇਤ ਦੇ ਅਸ਼ੋਕ ਚੱਕਰਾ ਮੀਟਿੰਗ ਹਾਲ ਵਿਖੇ ਆਯੋਜਿਤ ਕੀਤੀ ਗਈ। ਇਸ ਮੌਕੇ ਸਿਵਲ ਸਰਜਨ ਡਾ. ਮਨਦੀਪ ਕਮਲ, ਦੀ ਅਗਵਾਈ ਵਿੱਚ ਸਿਹਤ ਵਿਭਾਗ ਦੇ ਸਮੂਹ ਜਿਲਾ ਪ੍ਰੋਗਰਾਮ ਅਫ਼ਸਰ, ਸਮੂਹ ਸੀਨੀਅਰ ਮੈਡੀਕਲ ਅਫ਼ਸਰ ਅਤੇ ਹੋਰ ਅਧਿਕਾਰੀ/ਕਰਮਚਾਰੀ ਸ਼ਾਮਿਲ ਹੋਏ। ਇਸ ਦੌਰਾਨ ਵੱਖ-ਵੱਖ ਸਿਹਤ ਪ੍ਰੋਗਰਾਮਾਂ ਅਤੇ ਸਕੀਮਾਂ ਦੇ ਟੀਚਿਆਂ ਅਤੇ ਪ੍ਰਾਪਤੀਆਂ ਬਾਰੇ ਸਮੀਖਿਆ ਕੀਤੀ ਗਈ ਅਤੇ ਜਰੂਰੀ ਹਦਾਇਤਾਂ ਜਾਰੀ ਕੀਤੀਆਂ ਗਈਆਂ। ਉਹਨਾਂ ਕਿਹਾ ਕਿ ਲੋਕਾਂ ਨੂੰ ਸਿਹਤ ਸਹੂਲਤਾਂ ਰੂਟ ਲੈਵਲ ਤੱਕ ਦਿੱਤੀਆਂ ਜਾਣ।
ਮੀਟਿੰਗ ਦੀ ਸ਼ੁਰੂਆਤ ਕਰਦਿਆਂ ਸਿਵਲ ਸਰਜਨ ਡਾ. ਮਨਦੀਪ ਕਮਲ ਨੇ ਦੱਸਿਆ ਕਿ ਮੁੱਖ ਮੰਤਰੀ ਸਿਹਤ ਯੋਜਨਾ ਸਕੀਮ ਦੇ ਤਹਿਤ ਬਹੁਤ ਸਾਰੇ ਲੋਕਾਂ ਦੇ ਹੈਲਥ ਕਾਰਡ ਬਣ ਚੁੱਕੇ ਹਨ ਅਤੇ ਜਲਦ ਹੀ ਅਸੀਂ ਮਿੱਥੇ ਹੋਏ ਟੀਚੇ ਨੂੰ ਪੂਰਾ ਕਰ ਲਵਾਂਗੇ।ਜਿਸ ਦੇ ਅਧੀਨ ਹਰੇਕ ਪਰਿਵਾਰ ਦਾ 10 ਲੱਖ ਤੱਕ ਦਾ ਮੁਫ਼ਤ ਇਲਾਜ ਕੀਤਾ ਜਾਣਾ ਹੈ। ਉਹਨਾਂ ਦੱਸਿਆ ਕਿ ਏ.ਡੀ.ਸੀ. ਸਾਹਿਬ ਵੱਲੋਂ ਸਿਹਤ ਸੰਸਥਾਵਾਂ ਨੂੰ 100 ਫ਼ੀਸਦੀ ਟੀਕਾਕਰਨ ਨੂੰ ਯਕੀਨੀ ਬਣਾਉਣ ਅਤੇ ਟੀਕਾਕਰਨ ਦਾ ਸਾਰਾ ਰਿਕਾਰਡ ਆਨਲਾਈਨ ਕਰਨ ਦੇ ਨਿਰਦੇਸ਼ ਦਿੱਤੇ ਗਏ। ਪਰਿਵਾਰ ਨਿਯੋਜਨ ਅਤੇ ਮਾਂ ਤੇ ਬਾਲ ਸਿਹਤ ਸੇਵਾਵਾਂ, ਗਰਭਵਤੀ ਮਾਵਾਂ ਦਾ ਮਹੀਨਾਵਾਰ ਚੈਕਅਪ ਯਕੀਨੀ ਬਣਾਉਣ ਅਤੇ ਹਾਈ-ਰਿਸਕ ਕੇਸਾਂ ਦਾ ਮਾਹਿਰ ਡਾਕਟਰਾਂ ਵੱਲੋਂ ਹਰੇਕ ਮਹੀਨੇ ਦੀ 9 ਅਤੇ 23 ਤਰੀਕ ਨੂੰ ਚੈਕਅਪ ਕਰਵਾਉਣ ‘ਤੇ ਵੀ ਜ਼ੋਰ ਦਿੱਤਾ ਗਿਆ। ਔਰਤਾਂ ਦੇ ਸਰਵਾਈਕਲ ਕੈਂਸਰ ਨੂੰ ਖ਼ਤਮ ਕਰਨ ਲਈ ਐਚ.ਪੀ.ਵੀ. ਵੈਕਸੀਨੇਸ਼ਨ ਕਰਵਾਉਣ ਦੇ ਵੀ ਨਿਰਦੇਸ਼ ਦਿੱਤੇ ਗਏ। ਜਿਸ ਦੇ ਤਹਿਤ 14 ਸਾਲ ਤੱਕ ਦੀਆਂ ਬੱਚੀਆਂ ਦਾ ਟੀਕਾਕਰਨ ਕੀਤਾ ਜਾਵੇਗਾ ਤਾਂ ਜੋ ਇਸ ਬਿਮਾਰੀ ਤੋਂ ਬਚ ਸਕਣ। ਸਰਕਾਰ ਵੱਲੋਂ ਸਰਵਾਈਕਲ ਕੈਂਸਰ ਖ਼ਤਮ ਕਰਨ ਲਈ 2030 ਤੱਕ ਦਾ ਟੀਚਾ ਰੱਖਿਆ ਗਿਆ ਹੈ।
ਆਮ ਆਦਮੀ ਕਲੀਨਿਕਾਂ ਵਿੱਚ ਗਰਭਵਤੀ ਔਰਤਾਂ ਦਾ ਚੈੱਕਅਪ, ਦਵਾਈਆਂ ਦੀ ਪੂਰਤੀ ਨੂੰ ਪਹਿਲ ਦੇ ਅਧਾਰ ਤੇ ਪੂਰਾ ਕਰਨ ਲਈ ਆਦੇਸ਼ ਦਿੱਤੇ ਗਏ। ਉਨ੍ਹਾਂ ਦੱਸਿਆ ਕਿ
ਮੀਟਿੰਗ ਵਿੱਚ ਹੋਰ ਪ੍ਰੋਗਰਾਮਾਂ ਤੋਂ ਇਲਾਵਾਂ ਲੋਕਾਂ ਨੂੰ ਨੈਸ਼ਨਲ ਵੈਕਟਰ ਬੋਂਰਨ ਡਜੀਜ ਕੰਟਰੋਲ ਪ੍ਰੋਗਰਾਮ ਅਧੀਨ ਖਾਸ ਕਰਕੇ ਡੇਂਗੂ ਤੇ ਮਲੇਰੀਏ ਤੋਂ ਬਚਾਅ ਸਬੰਧੀ ਜਾਗਰੂਕ ਕਰਨ, ਟੀਬੀ ਕੰਟਰੋਲ ਪ੍ਰੋਗਰਾਮ, ਲੈਪਰੋਸੀ ਕੰਟਰੋਲ ਪ੍ਰੋਗਰਾਮ, ਤੰਬਾਕੂ ਕੰਟਰੋਲ ਪ੍ਰੋਗਰਾਮ, ਹੈਪੇਟਾਈਟਸ ਕੰਟਰੋਲ ਪ੍ਰੋਗਰਾਮ ਆਦਿ ਦੀ ਵੀ ਸਮੀਖਿਆ ਕੀਤੀ ਗਈ ਅਤੇ ਪ੍ਰੋਗਰਾਮਾਂ ਨੂੰ ਹੋਰ ਸੁਚਾਰੂ ਢੰਗ ਨਾਲ ਕਰਨ ਲਈ ਨਿਰਦੇਸ਼ ਦਿੱਤੇ ਗਏ।
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ