
ਜੈਤੋ, 31 ਮਾਰਚ (ਹਿੰ.ਸ.)| ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਕਾਂਗਰਸ ਤੇ ਆਮ ਆਦਮੀ ਪਾਰਟੀ (ਆਪ) ਸਰਕਾਰ ਦੋਵੇਂ ਬੇਅਦਬੀ ਦੇ ਮਾਮਲੇ ’ਤੇ ਰਾਜਨੀਤੀ ਕਰਨ ਲਈ ਜ਼ਿੰਮੇਵਾਰ ਹਨ ਤੇ ਉਹਨਾਂ ਸਵਾਲ ਕੀਤਾ ਕਿ ਦੋਵੇਂ ਸਰਕਾਰਾਂ ਨੇ ਬੇਅਦਬੀ ਕੇਸਾਂ ਵਿਚ ਸਖ਼ਤ ਕਾਰਵਾਈ ਕਿਉਂ ਨਹੀਂ ਕੀਤੀ ਤੇ 597 ਕੇਸਾਂ ਵਿਚੋਂ ਸਿਰਫ 44 ਮਾਮਲਿਆਂ ਵਿਚ ਹੀ ਦੋਸ਼ੀਆਂ ਨੂੰ ਸਜ਼ਾ ਕਿਉਂ ਮਿਲੀ।
ਅਕਾਲੀ ਦਲ ਦੇ ਪ੍ਰਧਾਨ ਇਕ ਖਬਰ ’ਤੇ ਪ੍ਰਤੀਕਰਮ ਦੇ ਰਹੇ ਸਨ ਜਿਸ ਵਿਚ ਖੁੱਲ੍ਹਾਸਾ ਕੀਤਾ ਗਿਆ ਕਿ ਪੰਜਾਬ ਵਿਚ 10 ਸਾਲਾਂ ਵਿਚ 597 ਬੇਅਦਬੀ ਦੇ ਮਾਮਲੇ ਵਾਪਰੇ ਜਿਸ ਵਿਚੋਂ ਸਿਰਫ 44 ਵਿਚ ਦੋਸ਼ੀਆਂ ਨੂੰ ਸਜ਼ਾ ਮਿਲੀ ਤੇ 99 ਕੇਸਾਂ ਵਿਚ ਮੁਲਜ਼ਮ ਬਰੀ ਹੋ ਗਏ।
ਇਥੇ ਹਲਕਾ ਇੰਚਾਰਜ ਸੂਬਾ ਸਿੰਘ ਬਾਦਲ ਦੇ ਨਾਲ ਰਲ ਕੇ ਪੰਜਾਬ ਬਚਾਓ ਮੁਹਿੰਮ ਦੇ ਤਹਿਤ ਵਿਸ਼ਾਲ ਰੈਲੀ ਨੂੰ ਸੰਬੋਧਨ ਕਰਦਿਆਂ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਮੈਂ ਪੁੱਛਣਾ ਚਾਹੁੰਦਾ ਹਾਂ ਕਿ ਹੁਣ ਬਲਜੀਤ ਸਿੰਘ ਦਾਦੂਵਾਲ ਤੇ ਧਿਆਨ ਸਿੰਘ ਮੰਡ ਵਰਗੇ ਪੰਥ ਦੇ ਅਖੌਤੀ ਆਗੂ ਕਿਥੇ ਹਨ ?
ਉਹਨਾਂ ਕਿਹਾ ਕਿ ਸਪਸ਼ਟ ਹੈ ਕਿ ਇਹ ਆਗੂ ਹੁਣ ਮਹਿਸੂਸ ਨਹੀਂ ਕਰਦੇ ਕਿ ਉਹਨਾਂ ਨੂੰ ਬੇਅਦਬੀ ਵਾਲੀਆਂ ਥਾਵਾਂ ’ਤੇ ਜਾਣ ਦੀ ਲੋੜ ਹੈ ਕਿਉਂਕਿ ਉਹਨਾਂ ਦਾ ਇਕਲੌਤਾ ਮਕਸਦ 2015 ਵਿਚ ਅਕਾਲੀ ਦਲ ਦੀ ਸਰਕਾਰ ਨੂੰ ਬਦਨਾਮ ਕਰਨਾ ਸੀ ਜਿਸ ਵਾਸਤੇ ਉਹਨਾਂ ਨੇ ਕੇਂਦਰੀ ਏਜੰਸੀਆਂ ਦੇ ਹੁਕਮਾਂ ’ਤੇ ਅਕਾਲੀ ਦਲ ’ਤੇ ਬਰਗਾੜੀ ਬੇਅਦਬੀ ਮਾਮਲੇ ਵਿਚ ਸ਼ਾਮਲ ਹੋਣ ਦਾ ਦੋਸ਼ ਲਾਇਆ।
ਬਾਦਲ ਨੇ ਕਿਹਾ ਕਿ ਉਹ ਪੰਜਾਬੀਆਂ ਨੂੰ ਚੇਤੇ ਕਰਵਾਉਣਾ ਚਾਹੁੰਦੇ ਹਨ ਕਿ ਬੇਅਦਬੀ ਦੀਆਂ ਘਟਨਾਵਾਂ ਪੰਜਾਬ ਵਿਚ ਉਦੋਂ ਸ਼ੁਰੂ ਹੋਈਆਂ ਜਦੋਂ 2014 ਵਿਚ ਆਮ ਆਦਮੀ ਪਾਰਟੀ ਪੰਜਾਬ ਵਿਚ ਆਈ। ਉਹਨਾਂ ਕਿਹਾ ਕਿ ਆਪ ਦੇ ਐਮ ਐਲ ਏ ਨਰੇਸ਼ ਯਾਦਵ ਨੂੰ ਮਾਲੇਰਕੋਟਲਾ ਬੇਅਦਬੀ ਮਾਮਲੇ ਵਿਚ ਦੋਸ਼ੀ ਠਹਿਰਾਇਆ ਗਿਆ ਸੀ ਹਾਲਾਂਕਿ ਆਪ ਨੇ ਉਸਨੂੰ ਬਚਾਉਣ ਵਾਸਤੇ ਪੂਰਾ ਜ਼ੋਰ ਲਗਾਇਆ ਤੇ ਇਸਦੇ ਸੀਨੀਅਰ ਆਗੂ ਹਰਪਾਲ ਚੀਮਾ ਤੇ ਹਰਜੋਤ ਬੈਂਸ ਦੀ ਡਿਊਟੀ ਕੋਰਟ ਵਿਚ ਉਸਦੀ ਪੈਰਵੀ ਵਾਸਤੇ ਵੀ ਲਗਾਈ। ਬਾਦਲ ਨੇ ਪੰਜਾਬ ਵਿਚ ਉਭਰ ਰਹੇ ਨਵੇਂ ਘੁਟਾਲੇ ਦੀ ਗੱਲ ਕਰਦਿਆਂ ਕਿਹਾ ਕਿ ਆਪ ਸਰਕਾਰ ਨੇ ਨਾ ਸਿਰਫ ਸਰਕਾਰੀ ਖਰਚੇ ’ਤੇ ਮੋਗਾ ਰੈਲੀ ਕੀਤੀ ਬਲਕਿ ਇਸ ਵੱਲੋਂ ਪੰਜਾਬ ਵਿਚ 16000 ਰੈਲੀਆਂ, ਮੀਟਿੰਗਾਂ ਤੇ ਗ੍ਰਾਮ ਸਭਾਵਾਂ ਕਰਨ ਦੀ ਤਜਵੀਜ਼ ਉਲੀਕੀ ਗਈ ਹੈ ਜਿਸਦਾ ਖਰਚਾ ਸਰਕਾਰੀ ਖ਼ਜ਼ਾਨੇ ਵਿਚੋਂ ਕੀਤਾ ਜਾਵੇਗਾ।
ਉਹਨਾਂ ਕਿਹਾ ਕਿ ਇਹ ਘੁਟਾਲਾ ਸੈਕੜੇ ਕਰੋੜਾਂ ਰੁਪਏ ਦਾ ਹੈ ਜਿਸ ਵਿਚ ਆਪ ਸਰਕਾਰ ਟੈਂਟਾਂ, ਕੁਰਸੀਆਂ ਤੇ ਖਾਣੇ ਦਾ ਠੇਕਾ ਬਹੁਤ ਜ਼ਿਆਦਾ ਦਰਾਂ ’ਤੇ ਦੇ ਰਹੀ ਹੈ ਤਾਂ ਜੋ ਕਮਿਸ਼ਨ ਵਜੋਂ ਮੋਟੀ ਰਕਮ ਵਾਪਸ ਲਈ ਜਾ ਸਕੇ। ਉਹਨਾਂ ਕਿਹਾ ਕਿ ਪੰਜਾਬ ਵਿਚ ਰੈਲੀਆਂ ਵਾਸਤੇ ਵੱਡੇ ਸ਼ੈਡ ਉਪਲਬਧ ਹਨ ਪਰ ਫਿਰ ਵੀ ਅਜਿਹਾ ਖਰਚਾ ਕੀਤਾ ਜਾ ਰਿਹਾ ਹੈ।
ਬਾਦਲ ਨੇ ਕਿਹਾ ਕਿ ਇਕ ਨਿਰਪੱਖ ਜਾਂਚ ਹੀ ਇਸ ਘੁਟਾਲੇ ਦੀ ਸੱਚਾਈ ਸਾਹਮਣੇ ਲਿਆ ਸਕਦੀ ਹੈ ਤੇ ਉਹਨਾਂ ਨੇ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੂੰ ਅਪੀਲ ਕੀਤੀ ਕਿ ਉਹ ਮਾਮਲੇ ਦੀ ਨਿਰਪੱਖ ਜਾਂਚ ਦੇ ਹੁਕਮ ਦੇਣ ਤਾਂ ਜੋ ਭ੍ਰਿਸ਼ਟਾਚਾਰ ਦਾ ਪੈਸਾ ਆਮ ਆਦਮੀ ਪਾਰਟੀ ਤੋਂ ਵਸੂਲਿਆ ਜਾ ਸਕੇ।
ਅਕਾਲੀ ਦਲ ਦੇ ਪ੍ਰਧਾਨ ਨੇ ਆਪ ਵੱਲੋਂ ਗੁਜਰਾਤ ਵਿਚ ਚੋਣ ਪ੍ਰਚਾਰ ਦੌਰਾਨ ਝੂਠ ਬੋਲਣ ਦੀ ਵੀ ਨਿਖੇਧੀ ਕੀਤੀ। ਉਹਨਾਂ ਕਿਹਾ ਕਿ ਭਗਵੰਤ ਮਾਨ ਨੇ ਦਾਅਵਾ ਕੀਤਾ ਹੈ ਕਿ ਆਪ ਸਰਕਾਰ ਨੇ ਪੰਜਾਬ ਵਿਚ ਹਰ 4 ਪਿੰਡਾਂ ਪਿੱਛੇ ਇਕ ਮੰਡੀ ਸਥਾਪਿਤ ਕੀਤੀ ਹੈ ਜਦੋਂ ਕਿ ਅਰਵਿੰਦ ਕੇਜਰੀਵਾਲ ਨੇ ਦਾਅਵਾ ਕੀਤਾ ਹੈ ਕਿ ਆਪ ਸਰਕਾਰ ਨੇ ਔਰਤਾਂ ਨੂੰ ਇਕ-ਇਕ ਹਜ਼ਾਰ ਰੁਪਿਆ ਦੇਣਾ ਸ਼ੁਰੂ ਕਰ ਦਿੱਤਾ ਹੈ।
ਪੰਜਾਬ ਲਈ ਆਪਣੀ ਸੋਚ ਦੀ ਗੱਲ ਕਰਦਿਆਂ ਸਰਦਾਰ ਬਾਦਲ ਨੇ ਕਿਹਾ ਕਿ ਅਕਾਲੀ ਦਲ ਪੰਜਾਬ ਦਾ ਪਾਣੀ ਰਾਜਸਥਾਨ ਨਹਿਰ ਵਿਚ ਨਹੀਂ ਜਾਣ ਦੇਵੇਗਾ। ਉਹਨਾਂ ਕਿਹਾ ਕਿ ਰਾਜਸਥਾਨ ਨਹਿਰ ਵਿਚ ਜਾਂਦਾ ਸਾਰਾ ਪਾਣੀ ਮੋੜ ਕੇ ਪੰਜਾਬ ਦੇ ਖੇਤਾਂ ਨੂੰ ਦਿੱਤਾ ਜਾਵੇਗਾ।
ਉਹਨਾਂ ਇਹ ਵੀ ਐਲਾਨ ਕੀਤਾ ਕਿ ਜਿਹੜੇ ਕਿਸਾਨਾਂ ਕੋਲ ਟਿਊਬਵੈਲ ਕੁਨੈਕਸ਼ਨ ਨਹੀਂ ਹਨ, ਉਹਨਾਂ ਨੂੰ ਕੁਨੈਕਸ਼ਨ ਪ੍ਰਦਾਨ ਕੀਤੇ ਜਾਣਗੇ। ਉਹਨਾਂ ਕਿਹਾ ਕਿ ਇਸ ਤੋਂ ਇਲਾਵਾ ਕਿਸਾਨਾਂ ਨੂੰ ਦਿਨ ਵੇਲੇ 12 ਘੰਟੇ ਬਿਜਲੀ ਸਪਲਾਈ ਦਿੱਤੀ ਜਾਵੇਗੀ। ਉਹਨਾਂ ਇਹ ਵੀ ਐਲਾਨ ਕੀਤਾ ਕਿ ਵਿਸ਼ਵ ਸਕਿੱਲ ਯੂਨੀਵਰਸਿਟੀ ਸਥਾਪਿਤ ਕੀਤੀ ਜਾਵੇਗੀ ਜੋ ਹਰ ਸਾਲ ਇਕ ਲੱਖ ਨੌਜਵਾਨਾਂ ਨੂੰ ਸਿੱਖਲਾਈ ਦੇਵੇਗੀ ਅਤੇ ਇਸਦੇ ਕੇਂਦਰ ਹਰ ਜ਼ਿਲ੍ਹੇ ਵਿਚ ਸਥਾਪਿਤ ਕੀਤੇ ਜਾਣਗੇ।
ਹਿੰਦੂਸਥਾਨ ਸਮਾਚਾਰ / GURSHARAN SINGH