
ਲੁਧਿਆਣਾ, 31 ਮਾਰਚ (ਹਿੰ.ਸ.)। ਮਾਛੀਵਾੜਾ ਸਾਹਿਬ ਕਾਂਗਰਸ ਬਲਾਕ ਪ੍ਰਧਾਨ ਪਰਮਿੰਦਰ ਤਿਵਾੜੀ ਦੇ ਬੇਰਹਿਮੀ ਨਾਲ ਕੀਤੇ ਗਏ ਕਤਲ ਦੇ ਮਾਮਲੇ ਵਿੱਚ ਲੁਧਿਆਣਾ ਪੁਲਿਸ ਨੇ ਕਾਰਵਾਈ ਕਰਦਿਆਂ ਚਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਹਾਲਾਂਕਿ, ਇਸ ਪੂਰੀ ਵਾਰਦਾਤ ਦਾ ਮੁੱਖ ਮੁਲਜ਼ਮ ਅਜੇ ਵੀ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਹੈ। ਇਸ ਦੌਰਾਨ ਕਾਂਗਰਸ ਵਲੋਂ ਅੱਜ ਮੁਲਜ਼ਮਾਂ ਦੀ ਗ੍ਰਿਫ਼ਤਾਰੀ, ਸਖ਼ਤ ਕਾਰਵਾਈ ਅਤੇ ਤਿਵਾੜੀ ਪਰਿਵਾਰ ਨੂੰ ਇਨਸਾਫ਼ ਦਿਵਾਉਣ ਦੀ ਮੰਗ ਨੂੰ ਲੈ ਕੇ ਪਿੰਡ ਹਾੜੀਆਂ ਦੇ ਮਾਲਵਾ ਚੌਕ ਵਿਚ ਰੋਸ ਧਰਨਾ ਦਿੱਤਾ ਜਾ ਰਿਹਾ ਹੈ।
ਜਾਣਕਾਰੀ ਅਨੁਸਾਰ ਮ੍ਰਿਤਕ ਦੇ ਭਤੀਜੇ ਸ਼ਨੀ ਸ਼ਰਮਾ ਦੀ ਸ਼ਿਕਾਇਤ ’ਤੇ ਪੁਲਿਸ ਨੇ ਇਸ ਕਤਲ ਮਾਮਲੇ ਵਿੱਚ ਪੰਜ ਮੁਲਜ਼ਮਾਂ ਵਿਰੁੱਧ ਮਾਮਲਾ ਦਰਜ ਕੀਤਾ ਹੈ। ਜਿਨ੍ਹਾਂ ਵਿੱਚੋਂ ਚਾਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ, ਜਿਨ੍ਹਾਂਂ ਵਿੱਚੋਂ ਜੈ ਸਿੰਘ, ਉਸਦੇ ਪੁੱਤਰ ਰਵੀ ਕੁਮਾਰ, ਉਸਦੇ ਦੂਜੇ ਪੁੱਤਰ ਅਮਰੀਸ਼ ਅਤੇ ਇੱਕ ਹੋਰ ਪਿੰਡ ਵਾਸੀ ਸੁਨੀਲ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਜੈ ਸਿੰਘ ਦਾ ਤੀਜਾ ਪੁੱਤਰ ਅਤੇ ਮੁੱਖ ਮੁਲਜ਼ਮ ਅਜੇ ਫਰਾਰ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਪਹਿਲਾਂ ਪੁਲਿਸ ਨੇ ਮੁੱਖ ਦੋਸ਼ੀ ਦਾ ਨਾਮ ਵਿਜੇ ਕੁਮਾਰ ਦੱਸਿਆ ਸੀ, ਪਰ ਐਫਆਈਆਰ ਵਿੱਚ ਇਸ ਨੂੰ ਬਦਲ ਕੇ ਅਜੇ ਕੁਮਾਰ ਕਰ ਦਿੱਤਾ ਗਿਆ ਹੈ।
ਪਰਮਿੰਦਰ ਤਿਵਾੜੀ ਦੀ ਦੇਹ ਇਸ ਵੇਲੇ ਫੋਰਟਿਸ ਹਸਪਤਾਲ ਦੇ ਮੁਰਦਾਘਰ ਵਿੱਚ ਰੱਖੀ ਗਈ ਹੈ। ਪਰਿਵਾਰਕ ਮੈਂਬਰਾਂ ਅਤੇ ਕਾਂਗਰਸ ਹਲਕਾ ਇੰਚਾਰਜ਼ ਸਮਰਾਲਾ ਰੁਪਿੰਦਰ ਸਿੰਘ ਰਾਜਾ ਗਿੱਲ ਨੇ ਬੀਤੇ ਦਿਨੀਂ ਸਪੱਸ਼ਟ ਕਰ ਦਿੱਤਾ ਸੀ ਕਿ ਉਹ ਪੁਲਿਸ ਦੀ ਹੁਣ ਤੱਕ ਦੀ ਕਾਰਵਾਈ ਤੋਂ ਸੰਤੁਸ਼ਟ ਨਹੀਂ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਕੁਹਾੜੀ ਨਾਲ ਹਮਲਾ ਕਰਨ ਵਾਲਾ ਮੁੱਖ ਦੋਸ਼ੀ ਅਜੇ ਕੁਮਾਰ ਫੜਿਆ ਨਹੀਂ ਜਾਂਦਾ, ਉਹ ਨਾ ਤਾਂ ਪੋਸਟ-ਮਾਰਟਮ ਹੋਣ ਦੇਣਗੇ ਅਤੇ ਨਾ ਹੀ ਅੰਤਿਮ ਸੰਸਕਾਰ ਕਰਨਗੇ।
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ