ਸ਼ਹਿਰਾਂ ਵੱਲ ਹਿਜ਼ਰਤ ਠੱਲ੍ਹਣ ਲਈ ਬਦਲਦੇ ਪਿੰਡ, ਬਦਲਦਾ ਪੰਜਾਬ ਸਕੀਮ `ਤੇ 3500 ਕਰੋੜ ਖਰਚੇ ਜਾਣਗੇ - ਧਾਲੀਵਾਲ
ਅੰਮ੍ਰਿਤਸਰ/ਅਜਨਾਲਾ, 31 ਮਾਰਚ (ਹਿੰ.ਸ.)। ਵਿਧਾਨ ਸਭਾ ਹਲਕਾ ਅਜਨਾਲਾ ਦੇ ਵਿਧਾਇਕ ਅਤੇ ਆਮ ਆਦਮੀ ਪਾਰਟੀ ਦੇ ਸੂਬਾ ਮੁੱਖ ਬੁਲਾਰੇ ਕੁਲਦੀਪ ਸਿੰਘ ਧਾਲੀਵਾਲ ਨੇ ਹਲਕਾ ਵਾਸੀਆਂ ਨਾਲ ਸਿੱਧਾ ਸੰਪਰਕ ਬਣਾਉਣ ਤੇ ਸੂਬਾ ਸਰਕਾਰ ਦੇ ਹੱਥ ਹੋਰ ਮਜ਼ਬੂਤ ਕਰਨ ਲਈ ਵਿੱਢੀ 10 ਰੋਜ਼ਾ ਸ਼ਾਨਦਾਰ 4 ਸਾਲ, ਭਗਵੰਤ ਮਾਨ ਦੇ ਨ
ਸੰਬੋਧਨ ਕਰਦੇ ਹੋਏ ਕੁਲਦੀਪ ਸਿੰਘ ਧਾਲੀਵਾਲ


ਅੰਮ੍ਰਿਤਸਰ/ਅਜਨਾਲਾ, 31 ਮਾਰਚ (ਹਿੰ.ਸ.)। ਵਿਧਾਨ ਸਭਾ ਹਲਕਾ ਅਜਨਾਲਾ ਦੇ ਵਿਧਾਇਕ ਅਤੇ ਆਮ ਆਦਮੀ ਪਾਰਟੀ ਦੇ ਸੂਬਾ ਮੁੱਖ ਬੁਲਾਰੇ ਕੁਲਦੀਪ ਸਿੰਘ ਧਾਲੀਵਾਲ ਨੇ ਹਲਕਾ ਵਾਸੀਆਂ ਨਾਲ ਸਿੱਧਾ ਸੰਪਰਕ ਬਣਾਉਣ ਤੇ ਸੂਬਾ ਸਰਕਾਰ ਦੇ ਹੱਥ ਹੋਰ ਮਜ਼ਬੂਤ ਕਰਨ ਲਈ ਵਿੱਢੀ 10 ਰੋਜ਼ਾ ਸ਼ਾਨਦਾਰ 4 ਸਾਲ, ਭਗਵੰਤ ਮਾਨ ਦੇ ਨਾਲ ਜਨ ਸੰਪਰਕ ਮੁਹਿੰਮ ਨੂੰ ਪਿੰਡਾਂ ਚ ਮਿਲ ਰਹੇ ਜਨਤਕ ਮੀਟਿੰਗਾਂ ਚ ਆਪ ਮੁਹਾਰੇ ਉਤਸ਼ਾਹ ਨੂੰ ਸਰਕਾਰ ਦੇ ਹੱਕ `ਚ ਭੁਨਾਉਣ ਲਈ ਜਨਤਕ ਲਹਿਰ ਦੀ ਪ੍ਰਚੰਡ ਉਸਾਰੀ `ਚ ਆਪਣੇ ਤੋਂ ਇਲਾਵਾ ਸੀਨੀਅਰ ਮਹਿਲਾ ਆਗੂ, ਹਲਕਾ ਸਿੱਖਿਆ ਕੋਆਰਡੀਨੇਟਰ ਤੇ ਆਪਣੀ ਬੇਟੀ ਐਡਵੋਕੇਟ ਅਮਨਦੀਪ ਕੌਰ ਧਾਲੀਵਾਲ ਨੂੰ ਵੱਖਰੇ ਤੌਰ ’ਤੇ ਪੇਂਡੂ ਲੋਕਾਂ ਨਾਲ ਸਿੱਧਾ ਸੰਵਾਦ ਰਚਾਉਣ, ਲੋਕਾਂ ਨੂੰ ਦਰਪੇਸ਼ ਮੁਸ਼ਕਲਾਂ ਸੁਣਨ ਤੇ ਰੋਜ਼ਾਨਾ 7-7 ਪਿੰਡਾਂ ਚ ਵੱਖ ਵੱਖ ਜਨਤਕ ਮੀਟਿੰਗਾਂ ਨੂੰ ਸੰਬੋਧਨ ਕਰਨ ਲਈ ਅੱਜ ਤੋਂ ਬਕਾਇਦਾ ਜ਼ਿੰਮੇਵਾਰੀ ਸੌਂਪ ਦਿੱਤੀ ਹੈ।

ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ ਆਪਣੀ 10 ਰੋਜ਼ਾ ਪ੍ਰਚਾਰ ਮੁਹਿੰਮ ਦੇ 5ਵੇਂ ਦਿਨ ਸਰਹੱਦੀ ਪਿੰਡਾਂ ਆਬਾਦੀ ਸੋਹਣ ਸਿੰਘ, ਬੱਲੜਵਾਲ, ਆਬਾਦੀ ਹਰਨਾਮ ਸਿੰਘ, ਆਬਾਦੀ ਬਾਬਾ ਗਮ ਚੁੱਕ ਸਾਹਿਬ ਨਵਾਂ ਡੱਲਾ ਤੇ ਸਾਹੋਵਾਲ ਪਿੰਡਾਂ ਦੇ ਲੋਕਾਂ ਦੀਆਂ ਜਿੱਥੇ ਮੁਸ਼ਕਲਾਂ ਸੁਣਨ `ਤੇ ਹੱਲ ਕਰਨ ਲਈ ਸਿੱਧਾ ਵਿਚਾਰ ਵਟਾਂਦਰਾ ਕੀਤਾ, ਉੱਥੇ ਬਲਾਕ ਪ੍ਰਧਾਨ ਭਲਵਾਨ ਰੱਘੂ ਦੇਵ ਸਰੰਗਦੇਵ, ਜਸਜੀਤ ਸਿੰਘ, ਪ੍ਰਗਟ ਸਿੰਘ, ਬਲਜੀਤ ਸਿੰਘ, ਸਰਪੰਚ ਜਗਤਾਰ ਸਿੰਘ ਦੇ ਉਪਰਾਲੇ ਨਾਲ ਹੋਈਆਂ ਪ੍ਰਭਾਵਸ਼ਾਲੀ ਜਨਤਕ ਮੀਟਿੰਗਾਂ ਨੂੰ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਸਰਕਾਰ ਨੇ ਪੇਂਡੂ ਤੇ ਸ਼ਹਿਰੀ ਵਿਕਾਸ `ਚ ਪਾਏ ਗਏ ਡੂੰਘੇ ਪਾੜੇ ਨੂੰ ਕਾਫੀ ਹੱਦ ਤੱਕ ਖ਼ਤਮ ਕਰਕੇ ਪਿਛਲੇ ਚਾਰ ਸਾਲਾਂ ਦੇ ਕਾਰਜਕਾਲ ਚ ਪੇਂਡੂ ਲੋਕਾਂ ਦੀ ਸ਼ਹਿਰਾਂ ਵੱਲ ਹੁੰਦੀ ਬੇਲੋੜੀ ਹਿਜ਼ਰਤ ਨੂੰ ਠੱਲ੍ਹ ਪਾਈ ਹੈ ਅਤੇ ਹੁਣ ਚਾਲੂ ਵਿੱਤੀ ਸਾਲ ਚ ਮਾਨ ਸਰਕਾਰ ਨੇ ਸਮਾਰਟ ਪਿੰਡ ਬਣਾਉਣ ਲਈ ਨਿਵੇਕਲੀ ਪਹਿਲ ਕਦਮੀ ਕਰਨ ਦਾ ਫੈਸਲਾ ਲਿਆ ਹੈ, ਜਿਸ ਤਹਿਤ ਸੂਬੇ ਭਰ ਦੇ 13 ਹਜ਼ਾਰ ਦੇ ਕਰੀਬ ਪਿੰਡਾਂ ਦੇ ਸੁੰਦਰੀਕਰਨ ਤੇ ਪੇਂਡੂ ਲੋਕਾਂ ਦਾ ਬਦਲਦੇ ਪਿੰਡ, ਬਦਲਦਾ ਪੰਜਾਬ ਮੁਹਿੰਮ ਦੌਰਾਨ ਜੀਵਨ ਪੱਧਰ ਉੱਚਾ ਚੁੱਕਣ ਲਈ 3500 ਕਰੋੜ ਦੀ ਲਾਗਤ ਨਾਲ ਛੱਪੜਾਂ, ਆਲੇ ਦੁਆਲੇ ਕੂੜਾ ਕਰਕਟ ਦੀ ਸਫ਼ਾਈ, ਸੀਵਰੇਜ ਸਿਸਟਮ, ਨਹਿਰਾਂ ਦਾ ਨਵੀਨੀਕਰਨ, ਸਟਰੀਟ ਲਾਈਟਾਂ, ਖੇਡ ਦੇ ਮੈਦਾਨ, ਵੱਖਰੇ ਖਰਚੇ ਨਾਲ 45 ਹਜ਼ਾਰ ਕਿਲੋਮੀਟਰ ਵੱਡੀਆਂ ਤੇ ਛੋਟੀਆਂ ਸੜਕਾਂ ਨੂੰ ਅਪਗਰੇਡ ਕਰਨ ਆਦਿ ਚਹੁੰ ਮੁੱਖੀ ਵਿਕਾਸ ਕਾਰਜਾਂ ਤੋਂ ਇਲਾਵਾ ਕਰੋੜਾਂ ਦੀ ਵੱਖਰੀ ਲਾਗਤ ਨਾਲ ਮੁਫ਼ਤ ਮਿਆਰੀ ਸਿਹਤ, ਸਿੱਖਿਆ ਤੇ ਰੁਜ਼ਗਾਰ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ ਤਾਂ ਜੋ ਪੇਂਡੂ ਲੋਕ ਅਤਿ ਦੀ ਮਹਿੰਗਾਈ ਚ ਸ਼ਹਿਰਾਂ ਵੱਲ ਹਿਜ਼ਰਤ ਕਰਨ ਦੀ ਬਜਾਏ ਪਿੰਡਾਂ ਚ ਸ਼ਹਿਰਾਂ ਵਰਗੀਆਂ ਸਹੂਲਤਾਂ ਦਾ ਅਨੰਦ ਮਾਣ ਸਕਣ।

ਇਸੇ ਦੌਰਾਨ ਮਹਿਲਾ ਆਗੂ ਤੇ ਹਲਕਾ ਸਿੱਖਿਆ ਕੋਆਰਡੀਨੇਟਰ ਐਡਵੋਕੇਟ ਅਮਨਦੀਪ ਕੌਰ ਧਾਲੀਵਾਲ ਨੇ ਪ੍ਰਚਾਰ ਮੁਹਿੰਮ ਨੂੰ ਚੜ੍ਹਤ ਵੱਲ ਲਿਜਾਂਦਿਆਂ ਪਿੰਡ ਨਾਨੋਕੇ, ਸੁਧਾਰ, ਕੁਰਾਲੀਆਂ, ਅਬੁਸੈਦ, ਲੋਂਗੋਮਹਾਲ, ਦਿਆਲਪੁਰਾ ਤੇ ਗੱਗੋਮਾਹਲ ਪਿੰਡਾਂ ਚ ਜਨਤਕ ਪੇਂਡੂ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸੂਬਾ ਮਾਨ ਸਰਕਾਰ ਨੇ ਆਪਣੇ ਮੁਢਲੇ ਚਾਰ ਸਾਲ ਦੇ ਕਾਰਜਕਾਲ ਚ ਆਪਣੀਆਂ ਪੰਜਾਬ ਵਾਸੀਆਂ ਨੂੰ ਸਾਲ 2022 ਦੀਆਂ ਪੰਜਾਬ ਚੋਣਾਂ ਦੌਰਾਨ ਦਿੱਤੀਆਂ ਚੋਣ ਗਰੰਟੀਆਂ ਦਾ ਸਨਮਾਨ ਕਰਦੇ ਹੋਏ ਪੰਜ ਸਾਲ ਦੀ ਬਜਾਏ ਚਾਰ ਸਾਲ ਚ 100 ਫ਼ੀਸਦ ਪੂਰਾ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਮਾਨ ਸਰਕਾਰ ਵੱਲੋਂ ਆਮ ਸ਼੍ਰੇਣੀ ਦੀਆਂ ਔਰਤਾਂ ਨੂੰ 1000 ਰੁਪਏ ਅਤੇ ਦਲਿਤ ਸ਼੍ਰੇਣੀ ਔਰਤਾਂ ਨੂੰ 1500 ਰੁਪਏ ਪ੍ਰਤੀ ਮਹੀਨਾ ਸਹਾਇਤਾ ਰਾਸ਼ੀ ਦੀ ਗਰੰਟੀ ਨੂੰ ਆਉਂਦੇ ਦਿਨਾਂ `ਚ ਪੂਰਾ ਕੀਤਾ ਜਾ ਰਿਹਾ ਹੈ। ਮੀਟਿੰਗਾਂ ਚ ਬਲਾਕ ਇੰਚਾਰਜ ਮਲਕੀਅਤ ਸਿੰਘ, ਪ੍ਰਿਥੀਪਾਲ ਸਿੰਘ, ਹਲਕਾ ਮਹਿਲਾ ਇੰਚਾਰਜ ਗੁਰਦੀਪ ਕੌਰ ਆਦਿ ਤੋਂ ਇਲਾਵਾ ਸਬੰਧਿਤ ਪਿੰਡਾਂ ਦੇ ਸਰਪੰਚ, ਪੰਚ, ਮੋਹਤਬਰ, ਵਲੰਟੀਅਰ ਵੱਡੀ ਗਿਣਤੀ ’ਚ ਮੌਜੂਦ ਸਨ।

ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ


 rajesh pande