
ਲੁਧਿਆਣਾ, 31 ਮਾਰਚ (ਹਿੰ.ਸ.)। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਸੂਬੇ ਦੇ ਪਿੰਡਾਂ ਦੀ ਨੁਹਾਰ ਤੇ ਮੂੰਹ ਮੁਹਾਂਦਰਾ ਸੰਵਾਰਨ ਵਿੱਚ ਇੱਕ ਨਵਾਂ ਅਧਿਆਏ ਲਿਖ ਦਿੱਤਾ ਹੈ। ਪਿੰਡਾਂ ਲਈ ਕੀਤੇ ‘ਆਪ ਸਰਕਾਰ’ ਦੇ ਕੰਮਾਂ ਨੂੰ ਲੰਬੇ ਸਮੇਂ ਤੱਕ ਯਾਦ ਰੱਖਿਆ ਜਾਵੇਗਾ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਪੰਜਾਬ ਦੇ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਜ਼ਿਲ੍ਹਾ ਲੁਧਿਆਣਾ ਅਧੀਨ ਹਲਕਾ ਖੰਨਾ ਦੇ ਪਿੰਡ ਇਸ਼ਨਪੁਰ ਵਿਖੇ ਪਾਰਕ, ਟੋਭੇ ਦੀ ਚਾਰਦੀਵਾਰੀ ਅਤੇ ਬਰਮਾਂ ਤੇ ਇੰਟਰਲਾਕ ਟਾਇਲਾਂ ਲਗਾਉਣ ਦੇ ਕੰਮ ਦਾ ਨੀਂਹ ਪੱਥਰ ਰੱਖ ਕੇ ਕੰਮ ਸ਼ੁਰੂ ਕਰਵਾਉਣ ਮੌਕੇ ਕੀਤਾ।
ਤਰੁਨਪ੍ਰੀਤ ਸਿੰਘ ਸੌਂਦ ਨੇ ਕਿਹਾ ਹੈ ਕਿ ਪੰਜਾਬ ਦੇ ਪਿੰਡਾਂ ਦੇ ਟੋਭਿਆਂ/ਛੱਪੜਾਂ ਦੀ ਸਾਫ-ਸਫਾਈ ਤੇ ਪੇਂਡੂ ਖੇਡ ਮੈਦਾਨਾਂ ਦੀ ਸ਼ਾਨਦਾਰ ਪਹਿਲਕਦਮੀ ਨਾਲ ਪਿੰਡਾਂ ਦੀ ਕਾਇਆ ਕਲਪ ਹੋਈ ਹੈ ਅਤੇ ਹੋਵੇਗੀ ਤੇ ਪਿੰਡ ਵਾਸੀਆਂ ਦਾ ਜੀਵਨ ਪੱਧਰ ਉੱਚਾ ਹੋਵੇਗਾ। ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਦੀ ਨਾਲਾਇਕੀ ਕਾਰਣ ਨਾ ਤਾਂ ਪਿੰਡਾਂ ਦੇ ਨੌਜਵਾਨਾਂ ਲਈ ਖੇਡ ਮੈਦਾਨਾਂ ਵੱਲ ਕੋਈ ਧਿਆਨ ਦਿੱਤਾ ਗਿਆ ਤੇ ਨਾ ਹੀ ਟੋਭਿਆਂ/ਛੱਪੜਾਂ ਦੀ ਸਾਫ ਸਫਾਈ ਦੀ ਸਾਰ ਲਈ ਗਈ।
ਉਨ੍ਹਾਂ ਦੱਸਿਆ ਕਿ ਪੇਂਡੂ ਪੁਨਰ ਸੁਰਜੀਤੀ ਮਿਸ਼ਨ ਦੇ ਹਿੱਸੇ ਵਜੋਂ, ਪੰਜਾਬ ਸਰਕਾਰ ਸੂਬੇ ਭਰ ਦੇ ਪਿੰਡਾਂ ਵਿੱਚ ਖੇਡ ਮੈਦਾਨ ਬਣਾਉਣ ਜਾਂ ਅੱਪਗ੍ਰੇਡ ਕਰ ਰਹੀ ਹੈ। ਇਹ ਇੱਕ ਅਜਿਹਾ ਕਦਮ ਹੈ ਜੋ ਪਿੰਡਾਂ 'ਚ ਵੱਸਦੇ ਨੌਜਵਾਨਾਂ ਦੇ ਭਵਿੱਖ ਪ੍ਰਤੀ ਸਰਕਾਰ ਦੀ ਡੂੰਘੀ ਵਚਨਬੱਧਤਾ ਨੂੰ ਦਰਸਾਉਂਦਾ ਹੈ। ਉਨ੍ਹਾਂ ਕਿਹਾ ਕਿ ਪਿੰਡਾਂ ਦੇ ਖੇਡ ਮੈਦਾਨ ਸਰਕਾਰ ਦੇ 'ਨਸ਼ਾ-ਮੁਕਤ ਪੰਜਾਬ' ਦੇ ਦ੍ਰਿਸ਼ਟੀਕੋਣ ਨਾਲ ਸਿੱਧੇ ਤੌਰ ਉੱਤੇ ਜੁੜਕੇ, ਨੌਜਵਾਨਾਂ ਦੀ ਸ਼ਮੂਲੀਅਤ ਅਤੇ ਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਵਿਰੁੱਧ ਰੋਕਥਾਮ ਵਿੱਚ ਅਹਿਮ ਭੂਮਿਕਾ ਅਦਾ ਕਰ ਰਹੇ ਹਨ ਅਤੇ ਕਰਨਗੇ।
ਉਨ੍ਹਾਂ ਇਸ ਗੱਲ ‘ਤੇ ਚਿੰਤਾ ਜਤਾਈ ਕਿ ਬਹੁਤ ਸਾਰੇ ਪੇਂਡੂ ਬੱਚੇ ਖੇਡ ਦੇ ਮੈਦਾਨਾਂ ਜਾਂ ਖੇਡ ਸਹੂਲਤਾਂ ਤੱਕ ਪਹੁੰਚ ਤੋਂ ਬਿਨਾਂ ਵੱਡੇ ਹੁੰਦੇ ਰਹੇ ਹਨ। ਚੰਗੀ ਤਰ੍ਹਾਂ ਲੈਸ, ਸੁਰੱਖਿਅਤ ਅਤੇ ਹਰੇ ਭਰੇ ਖੇਡ ਦੇ ਮੈਦਾਨ ਬਣਾ ਕੇ, ਅਸੀਂ ਇਹ ਯਕੀਨੀ ਬਣਾ ਰਹੇ ਹਾਂ ਕਿ ਹਰ ਬੱਚੇ ਨੂੰ, ਹਰ ਪਿੰਡ ਵਿੱਚ, ਖੇਡਣ, ਮੁਕਾਬਲਾ ਕਰਨ ਅਤੇ ਅੱਗੇ ਵਧਣ ਦਾ ਮੌਕਾ ਮਿਲੇ।
ਉਨ੍ਹਾਂ ਕਿਹਾ ਕਿ ਟੋਭਿਆਂ/ਛੱਪੜਾਂ ਦੀ ਸਫਾਈ ਅਤੇ ਚਾਰਦੀਵਾਰੀ ਦਾ ਕੰਮ ਸਿਰਫ਼ ਇੱਕ ਸਫਾਈ ਪ੍ਰੋਜੈਕਟ ਨਹੀਂ ਹੈ। ਇਹ ਪਿੰਡਾਂ ਦੇ ਜੀਵਨ ਵਿੱਚ ਮਾਣ-ਸਨਮਾਨ ਵਾਪਸ ਲਿਆਉਣ ਲਈ ਇੱਕ ਲਹਿਰ ਹੈ। ਬਹੁਤ ਸਮੇਂ ਤੋਂ ਪਿੰਡਾਂ ਦੇ ਟੋਭੇ/ਛੱਪੜ ਡੰਪਿੰਗ ਗਰਾਊਂਡ ਬਣ ਗਏ ਸਨ ਜੋ ਕਿ ਗੰਦੇ ਅਤੇ ਬਦਬੂਦਾਰ ਸਨ। ਰਹਿੰਦ-ਖੂੰਹਦ, ਪਲਾਸਟਿਕ ਅਤੇ ਜੰਗਲੀ ਬੂਟੀ ਦੇ ਇਕੱਠੇ ਹੋਣ ਕਾਰਨ, ਛੱਪੜਾਂ ਦਾ ਪਾਣੀ ਪਸ਼ੂਆਂ ਲਈ ਅਯੋਗ ਹੋ ਗਿਆ ਸੀ, ਮੱਛਰਾਂ ਲਈ ਪ੍ਰਜਨਨ ਸਥਾਨ ਸੀ ਅਤੇ ਖੇਤੀ ਲਈ ਵਰਤਿਆ ਨਹੀਂ ਜਾ ਸਕਦਾ ਸੀ। ਹੁਣ ਇਹ ਸਾਫ਼ ਜਲ ਸਰੋਤਾਂ ਵਿੱਚ ਬਦਲ ਰਹੇ ਹਨ ਜਿਸ ਦੀ ਵਰਤੋਂ ਖੇਤੀਬਾੜੀ ਲਈ ਕੀਤੀ ਜਾਵੇਗੀ। ਟੋਭਿਆਂ/ਛੱਪੜਾਂ ਦੀ ਸਫਾਈ ਨਾਲ ਪਿੰਡਾਂ ਦੇ ਵਸਨੀਕਾਂ ਦੇ ਮਾਣ ਸਨਮਾਨ ਵਿੱਚ ਵੀ ਵਾਧਾ ਹੋਇਆ ਹੈ।
ਉਨ੍ਹਾਂ ਦੱਸਿਆ ਕਿ ਦਹਾਕਿਆਂ ਵਿੱਚ ਪਹਿਲੀ ਵਾਰ ਪੰਜਾਬ ਦੇ ਸਾਰੇ ਟੋਭਿਆਂ/ਛੱਪੜਾਂ ਵਿੱਚ ਵੱਡੇ ਪੱਧਰ ‘ਤੇ ਡੀ-ਵਾਟਰਿੰਗ ਅਤੇ ਡੀ-ਸਿਲਟਿੰਗ ਕੀਤੀ ਗਈ ਹੈ ਅਤੇ ਕੀਤੀ ਜਾ ਰਹੀ ਹੈ ਜਿਸ ਨਾਲ ਗੰਦੇ ਪਾਣੀ ਨੂੰ ਸਾਫ਼ ਕਰਕੇ ਪਾਣੀ ਦੀ ਸਟੋਰੇਜ ਸਮਰੱਥਾ ਅਤੇ ਕੁਦਰਤੀ ਵਹਾਅ ਨੂੰ ਮਹੱਤਵਪੂਰਨ ਢੰਗ ਨਾਲ ਵਧਾਇਆ ਜਾ ਰਿਹਾ ਹੈ।
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ