
ਪਟਿਆਲਾ, 31 ਮਾਰਚ (ਹਿੰ.ਸ.)। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋਫੈਸਰ ਕ੍ਰਿਪਾਲ ਸਿੰਘ ਬਡੂੰਗਰ ਨੇ ਦਰਵੇਸ਼ ਸਿਆਸਤਦਾਨ ਵਜੋਂ ਜਾਣੇ ਜਾਂਦੇ ਸਾਬਕਾ ਵਜ਼ੀਰ ਲਾਲ ਸਿੰਘ ਦੇ ਦੇਹਾਂਤ ’ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਆਪਣੀ ਸਾਰੀ ਉਮਰ ਚਿੱਟੀ ਚਾਦਰ ਤੇ ਦਾਗ ਨਹੀਂ ਲੱਗਣ ਦਿੱਤਾ ਅਤੇ ਸਾਫ ਸਿਆਸਤ ਕਰਕੇ ਆਪਣਾ ਨਾਂ ਸਿਆਸਤ ਦੇ ਖੇਤਰ ਵਿੱਚ ਸੁਨਹਿਰੀ ਅੱਖਰਾਂ ਵਿੱਚ ਦਰਜ ਕੀਤਾ ਹੈ।
ਪ੍ਰੋਫੈਸਰ ਬਡੂੰਗਰ ਨੇ ਕਿਹਾ ਕਿ ਸਾਬਕਾ ਮੰਤਰੀ ਸਵ. ਲਾਲ ਸਿੰਘ ਨੇ ਕਾਂਗਰਸ ਪਾਰਟੀ ਨਾਲ ਹਮੇਸ਼ਾ ਹਿੱਕ ਤਾਣ ਕੇ ਸਾਥ ਦਿੱਤਾ ਹੈ ਤੇ ਸਾਰੀ ਉਮਰ ਇੱਕ ਹੀ ਪਾਰਟੀ ਵਿੱਚ ਕੱਢ ਕੇ ਇਹ ਸਾਬਤ ਕੀਤਾ ਹੈ ਕਿ ਪਾਰਟੀ ਲਈ ਉਹ ਹਮੇਸ਼ਾ ਪੂਰਨ ਤੌਰ ’ਤੇ ਹੀ ਸਮਰਪਿਤ ਸਨ। ਉਨ੍ਹਾਂ ਕਿਹਾ ਕਿ ਲਾਲ ਸਿੰਘ ਇੱਕ ਬੇਦਾਗ ਸ਼ਖਸ਼ੀਅਤ ਵਜੋਂ ਸਮਾਜ ਵਿੱਚ ਵਿਚਰਦੇ ਰਹੇ ਅਤੇ ਸਾਰੀ ਉਮਰ ਉਨ੍ਹਾਂ ’ਤੇ ਕੋਈ ਵੀ ਭ੍ਰਿਸ਼ਟਾਚਾਰ ਤੱਕ ਦਾ ਇਲਜ਼ਾਮ ਨਹੀਂ ਲੱਗਾ।
ਉਨ੍ਹਾਂ ਕਿਹਾ ਕਿ ਲਾਲ ਸਿੰਘ ਕੇਵਲ ਪਟਿਆਲਾ ਖੇਤਰ ਨਾਲ ਹੀ ਸਬੰਧਿਤ ਨਹੀਂ ਸਨ, ਸਗੋਂ ਉਨ੍ਹਾਂ ਨੇ ਆਪਣਾ ਅਤੇ ਪਾਰਟੀ ਦਾ ਨਾਮ ਪੂਰੇ ਪੰਜਾਬ ਭਰ ਤੇ ਦੇਸ਼ਾਂ ਵਿਦੇਸ਼ਾਂ ਵਿੱਚ ਵੀ ਉਜਾਗਰ ਕੀਤਾ ਹੈ।
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ