
ਬਰਨਾਲਾ, 31 ਮਾਰਚ (ਹਿੰ.ਸ.)। ਡਿਪਟੀ ਕਮਿਸ਼ਨਰ ਬਰਨਾਲਾ ਹਰਪ੍ਰੀਤ ਸਿੰਘ ਆਈ. ਏ. ਐੱਸ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਦੇ ਧਿਆਨ ਵਿੱਚ ਆਇਆ ਹੈ ਕਿ ਖਾੜੀ ਖਿੱਤੇ ਵਿੱਚ ਜੰਗੀ ਤਣਾਅ ਦੇ ਮੱਦੇਨਜ਼ਰ ਅਫਵਾਹਾਂ ਫੈਲ ਰਹੀਆਂ ਹਨ, ਜਿਨ੍ਹਾਂ ਕਾਰਨ ਪੈਟਰੋਲ, ਡੀਜ਼ਲ ਅਤੇ ਐਲ.ਪੀ.ਜੀ. ਦੀ ਕਮੀ ਬਾਰੇ ਗਲਤ ਜਾਣਕਾਰੀ ਲੋਕਾਂ ਵਿੱਚ ਫੈਲ ਰਹੀ ਹੈ।
ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿੱਚ ਪੈਟਰੋਲ, ਡੀਜ਼ਲ ਅਤੇ ਐਲ.ਪੀ.ਜੀ. ਦੀ ਸਪਲਾਈ ਨਿਰਵਿਘਨ ਹੈ। ਸਾਰੇ ਪੈਟਰੋਲ ਪੰਪਾਂ 'ਤੇ ਢੁਕਵੀਂ ਮਾਤਰਾ ਵਿੱਚ ਇੰਧਨ ਉਪਲਬਧ ਹੈ ਅਤੇ ਕਿਸੇ ਵੀ ਕਿਸਮ ਦੀ ਕਮੀ ਨਹੀਂ ਹੈ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਕਿਸੇ ਵੀ ਤਰ੍ਹਾਂ ਦੀਆਂ ਅਫਵਾਹਾਂ 'ਤੇ ਵਿਸ਼ਵਾਸ ਨਾ ਕਰਨ ਅਤੇ ਨਾ ਹੀ ਬੇਲੋੜੀ ਮਾਤਰਾ ਵਿੱਚ ਸਟਾਕ ਇਕੱਠਾ ਕਰਨ। ਇਸ ਤਰ੍ਹਾਂ ਦੀ ਘਬਰਾਹਟ ਕਾਰਨ ਬਿਨਾਂ ਲੋੜ ਦੇ ਭੀੜ ਅਤੇ ਅਸੁਵਿਧਾ ਪੈਦਾ ਹੁੰਦੀ ਹੈ। ਜ਼ਿਲ੍ਹਾ ਪ੍ਰਸ਼ਾਸਨ ਵਲੋਂ ਸਥਿਤੀ 'ਤੇ ਲਗਾਤਾਰ ਨਜ਼ਰਸਾਨੀ ਕੀਤੀ ਰਹੀ ਹੈ, ਇਸ ਲਈ ਲੋਕਾਂ ਨੂੰ ਘਬਰਾਉਣ ਦੀ ਜ਼ਰੂਰਤ ਨਹੀਂ ਹੈ।
ਉਨ੍ਹਾਂ ਕਿਹਾ ਕਿ ਕਿਸੇ ਵੀ ਤਰ੍ਹਾਂ ਦੀ ਜਮ੍ਹਾਖੋਰੀ ਜਾਂ ਕਾਲਾਬਜ਼ਾਰੀ ਨਾ ਕੀਤੀ ਜਾਵੇ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਜ਼ਿਲ੍ਹਾ ਪ੍ਰਸ਼ਾਸਨ ਨੂੰ ਸਹਿਯੋਗ ਦੇਣ। ਇਸ ਮੌਕੇ ਜ਼ਿਲ੍ਹਾ ਫੂਲ ਸਪਲਾਈ ਕੰਟਰੋਲਰ ਰੂਪਪ੍ਰੀਤ ਕੌਰ ਨੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਜਿਨ੍ਹਾਂ ਖਪਤਕਾਰਾਂ ਨੇ ਅਜੇ ਤਕ ਆਪਣੀ ਈਕੇਵਾਈਸੀ ਨਹੀਂ ਕਰਵਾਈ, ਉਹ ਤੁਰੰਤ ਈਕੇਵਾਈਸੀ ਕਰਵਾਉਣ ਤਾਂ ਜੋ ਉਨ੍ਹਾਂ ਨੂੰ ਐਲਪੀਜੀ ਬੁਕਿੰਗ ਵਿਚ ਕੋਈ ਦਿੱਕਤ ਪੇਸ਼ ਨਾ ਆਵੇ।
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ