ਲੁਧਿਆਣਾ ਦੇ ਜੋਧਾਂ ‘ਚ ਗੈਰਕਾਨੂੰਨੀ ਪਟਾਖਾ ਫੈਕਟਰੀ ’ਚ ਧਮਾਕਾ, ਇੱਕ ਦੀ ਮੌਤ
ਲੁਧਿਆਣਾ 01 ਅਪ੍ਰੈਲ (ਹਿੰ.ਸ.)| ਲੁਧਿਆਣਾ ਦੇ ਪਿੰਡ ਜੋਧਾਂ ਇਲਾਕੇ ਵਿੱਚ ਮੰਗਲਵਾਰ ਰਾਤ ਇੱਕ ਦਰਦਨਾਕ ਹਾਦਸਾ ਵਾਪਰਿਆ, ਜਦੋਂ ਇੱਕ ਰਿਹਾਇਸ਼ੀ ਇਮਾਰਤ ਵਿੱਚ ਚੱਲ ਰਹੀ ਗੈਰਕਾਨੂੰਨੀ ਪਟਾਖਾ ਫੈਕਟਰੀ ਵਿੱਚ ਭਿਆਨਕ ਧਮਾਕਾ ਹੋ ਗਿਆ। ਧਮਾਕਾ ਇੰਨਾ ਜ਼ੋਰਦਾਰ ਸੀ ਕਿ ਇਸ ਦੀਆਂ ਆਵਾਜ਼ਾਂ ਕਈ ਕਿਲੋਮੀਟਰ ਤੱਕ ਸੁਣੀਆਂ
ਧਮਾਕੇ ਨਾਲ ਡਿੱਗੀ ਇਮਾਰਤ।


ਮੌਕੇ ’ਤੇ ਹਾਲਾਤ ਦਾ ਜਾਇਜਾ ਲੈਂਦੇ ਹੋਏ ਫੌਜੀ ਜਵਾਨ


ਲੁਧਿਆਣਾ 01 ਅਪ੍ਰੈਲ (ਹਿੰ.ਸ.)| ਲੁਧਿਆਣਾ ਦੇ ਪਿੰਡ ਜੋਧਾਂ ਇਲਾਕੇ ਵਿੱਚ ਮੰਗਲਵਾਰ ਰਾਤ ਇੱਕ ਦਰਦਨਾਕ ਹਾਦਸਾ ਵਾਪਰਿਆ, ਜਦੋਂ ਇੱਕ ਰਿਹਾਇਸ਼ੀ ਇਮਾਰਤ ਵਿੱਚ ਚੱਲ ਰਹੀ ਗੈਰਕਾਨੂੰਨੀ ਪਟਾਖਾ ਫੈਕਟਰੀ ਵਿੱਚ ਭਿਆਨਕ ਧਮਾਕਾ ਹੋ ਗਿਆ। ਧਮਾਕਾ ਇੰਨਾ ਜ਼ੋਰਦਾਰ ਸੀ ਕਿ ਇਸ ਦੀਆਂ ਆਵਾਜ਼ਾਂ ਕਈ ਕਿਲੋਮੀਟਰ ਤੱਕ ਸੁਣੀਆਂ ਗਈਆਂ ਅਤੇ ਨੇੜਲੇ ਘਰਾਂ ਦੀਆਂ ਖਿੜਕੀਆਂ ਤੱਕ ਹਿੱਲ ਗਈਆਂ। ਧਮਾਕੇ ਨਾਲ ਇਮਾਰਤ ਢਹਿ ਗਈ, ਜਿਸ ਹੇਠਾਂ ਦੱਬਣ ਨਾਲ ਇੱਕ ਨੌਜਵਾਨ ਦੀ ਮੌਤ ਹੋ ਗਈ ਅਤੇ ਕਈ ਹੋਰ ਲੋਕ ਗੰਭੀਰ ਰੂਪ ਵਿੱਚ ਜਖਮੀ ਹੋ ਗਏ।

ਮ੍ਰਿਤਕ ਦੀ ਪਛਾਣ ਮੁਹੰਮਦ ਕੈਫ਼ ਵਜੋਂ ਹੋਈ ਹੈ। ਘਟਨਾ ਤੋਂ ਬਾਅਦ ਇਲਾਕੇ ਵਿੱਚ ਹੜਕੰਪ ਮਚ ਗਿਆ। ਹਾਲਾਤ ਦੀ ਗੰਭੀਰਤਾ ਨੂੰ ਦੇਖਦੇ ਹੋਏ ਪੁਲਿਸ, ਫਾਇਰ ਬ੍ਰਿਗੇਡ ਅਤੇ ਫੌਜ ਦੀ ਟੀਮ ਨੇ ਮੌਕੇ ‘ਤੇ ਪਹੁੰਚ ਕੇ ਰਾਹਤ ਅਤੇ ਬਚਾਵ ਕਾਰਜ ਸ਼ੁਰੂ ਕੀਤਾ।

ਫਾਇਰ ਅਫਸਰ ਰਜਿੰਦਰ ਨੇ ਦੱਸਿਆ ਕਿ ਰਾਤ ਕਰੀਬ 8:20 ਵਜੇ ਬਿਲਡਿੰਗ ਵਿੱਚ ਧਮਾਕੇ ਦੀ ਸੂਚਨਾ ਮਿਲੀ ਸੀ। ਲੁਧਿਆਣਾ ਅਤੇ ਮੁੱਲਾਪੁਰ ਤੋਂ ਆਈਆਂ ਫਾਇਰ ਬ੍ਰਿਗੇਡ ਦੀਆਂ ਟੀਮਾਂ ਨੇ ਸਥਾਨਕ ਲੋਕਾਂ ਦੀ ਮਦਦ ਨਾਲ ਮਲਬੇ ਵਿੱਚ ਫਸੇ ਲੋਕਾਂ ਨੂੰ ਬਾਹਰ ਕੱਢਣ ਦਾ ਕੰਮ ਸ਼ੁਰੂ ਕੀਤਾ। ਮਲਬੇ ਵਿੱਚੋਂ ਕੱਢੇ ਗਏ ਇੱਕ ਨੌਜਵਾਨ ਨੂੰ ਗੰਭੀਰ ਹਾਲਤ ਵਿੱਚ ਸਿਵਲ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਇੱਕ ਮਹਿਲਾ ਅਤੇ ਇੱਕ ਹੋਰ ਵਿਅਕਤੀ ਨੂੰ ਸਿਰ ‘ਤੇ ਗੰਭੀਰ ਸੱਟਾਂ ਲੱਗੀਆਂ ਹਨ।

ਜਾਣਕਾਰੀ ਮੁਤਾਬਕ, ਇਸ ਰਿਹਾਇਸ਼ੀ ਇਲਾਕੇ ਵਿੱਚ ਚੁੱਪਚਾਪ ਪਟਾਖੇ ਬਣਾਉਣ ਦਾ ਕੰਮ ਚੱਲ ਰਿਹਾ ਸੀ ਅਤੇ ਹਾਦਸੇ ਸਮੇਂ ਕਰੀਬ 17-18 ਲੋਕ ਮੌਜੂਦ ਸਨ। ਮ੍ਰਿਤਕ ਦੇ ਪਿਤਾ ਜਮੀਲ ਨੇ ਦੱਸਿਆ ਕਿ ਤੇਜ਼ ਹਨ੍ਹੇਰੀ ਚੱਲਣ ਅਤੇ ਬਿਜਲੀ ਡਿੱਗਣ ਨਾਲ ਸ਼ਾਰਟ ਸਰਕਿਟ ਹੋਇਆ, ਜਿਸ ਤੋਂ ਬਾਅਦ ਸਿਲੰਡਰ ਫਟ ਗਿਆ। ਹਾਲਾਂਕਿ, ਪ੍ਰਸ਼ਾਸਨਿਕ ਜਾਂਚ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਇਮਾਰਤ ਵਿੱਚ ਭਾਰੀ ਮਾਤਰਾ ਵਿੱਚ ਪਟਾਸ਼ ਅਤੇ ਹੋਰ ਵਿਸਫੋਟਕ ਸਮੱਗਰੀ ਸਟੋਰ ਕੀਤੀ ਗਈ ਸੀ।

ਤਹਿਸੀਲਦਾਰ ਕਰਮਜੀਤ ਸਿੰਘ ਨੇ ਦੱਸਿਆ ਕਿ ਇਹ ਇਮਾਰਤ ਇੱਕ ਠੇਕੇਦਾਰ ਵੱਲੋਂ ਕਿਰਾਏ ‘ਤੇ ਲਈ ਗਈ ਸੀ ਅਤੇ ਇੱਥੇ ਗੈਰਕਾਨੂੰਨੀ ਤੌਰ ‘ਤੇ ਖਤਰਨਾਕ ਸਮੱਗਰੀ ਰੱਖੀ ਗਈ ਸੀ। ਫਿਲਹਾਲ ਫੌਜ ਵੱਲੋਂ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ ਹੈ ਅਤੇ ਬਚਾਵ ਕਾਰਜ ਬੜੀ ਸਾਵਧਾਨੀ ਨਾਲ ਜਾਰੀ ਹੈ। ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਕਿ ਇਹ ਗੈਰਕਾਨੂੰਨੀ ਕਾਰੋਬਾਰ ਕੌਣ ਚਲਾ ਰਿਹਾ ਸੀ।

ਹਿੰਦੂਸਥਾਨ ਸਮਾਚਾਰ / GURSHARAN SINGH


 rajesh pande