ਲੁਧਿਆਣਾ ਦੇ ਪਿੰਡ ਖੇੜਾ ‘ਚ ਗੋਲੀਆਂ ਚੱਲੀਆਂ, ਇੱਕ ਨੌਜਵਾਨ ਜਖ਼ਮੀ
ਲੁਧਿਆਣਾ, 01 ਅਪ੍ਰੈਲ (ਹਿੰ.ਸ.)| ਲੁਧਿਆਣਾ ਦੇ ਥਾਣਾ ਡੇਹਲੋਂ ਅਧੀਨ ਪੈਂਦੇ ਪਿੰਡ ਖੇੜਾ ਵਿੱਚ ਮੰਗਲਵਾਰ ਦੇਰ ਰਾਤ ਇੱਕ ਗੰਭੀਰ ਹਮਲੇ ਦੀ ਘਟਨਾ ਸਾਹਮਣੇ ਆਈ ਹੈ। ਪੁਰਾਣੀ ਰੰਜਿਸ਼ ਦੇ ਚਲਦਿਆਂ ਕਰੀਬ ਅੱਧਾ ਦਰਜਨ ਨੌਜਵਾਨਾਂ ਨੇ ਦੋ ਭਰਾਵਾਂ ਅਤੇ ਉਨ੍ਹਾਂ ਦੇ ਇਕ ਦੋਸਤ ‘ਤੇ ਬੇਸਬਾਲ ਬੈਟਾਂ ਨਾਲ ਹਮਲਾ ਕਰ ਦਿੱਤਾ।
ਲੁਧਿਆਣਾ ਦੇ ਪਿੰਡ ਖੇੜਾ ‘ਚ ਗੋਲੀਆਂ ਚੱਲੀਆਂ, ਇੱਕ ਨੌਜਵਾਨ ਜਖ਼ਮੀ


ਲੁਧਿਆਣਾ, 01 ਅਪ੍ਰੈਲ (ਹਿੰ.ਸ.)| ਲੁਧਿਆਣਾ ਦੇ ਥਾਣਾ ਡੇਹਲੋਂ ਅਧੀਨ ਪੈਂਦੇ ਪਿੰਡ ਖੇੜਾ ਵਿੱਚ ਮੰਗਲਵਾਰ ਦੇਰ ਰਾਤ ਇੱਕ ਗੰਭੀਰ ਹਮਲੇ ਦੀ ਘਟਨਾ ਸਾਹਮਣੇ ਆਈ ਹੈ। ਪੁਰਾਣੀ ਰੰਜਿਸ਼ ਦੇ ਚਲਦਿਆਂ ਕਰੀਬ ਅੱਧਾ ਦਰਜਨ ਨੌਜਵਾਨਾਂ ਨੇ ਦੋ ਭਰਾਵਾਂ ਅਤੇ ਉਨ੍ਹਾਂ ਦੇ ਇਕ ਦੋਸਤ ‘ਤੇ ਬੇਸਬਾਲ ਬੈਟਾਂ ਨਾਲ ਹਮਲਾ ਕਰ ਦਿੱਤਾ। ਇਸ ਦੌਰਾਨ ਹਮਲਾਵਰਾਂ ਵੱਲੋਂ ਗੋਲੀਆਂ ਵੀ ਚਲਾਈਆਂ ਗਈਆਂ, ਜਿਸ ਕਾਰਨ ਇੱਕ ਨੌਜਵਾਨ ਨੂੰ ਗੋਲੀ ਲੱਗ ਗਈ। ਜਖ਼ਮੀਆਂ ਦੀ ਪਹਿਚਾਣ ਨਵਜੋਤ ਸਿੰਘ, ਉਸਦੇ ਵੱਡੇ ਭਰਾ ਅਤੇ ਉਨ੍ਹਾਂ ਦੇ ਦੋਸਤ ਗੋਲਡੀ ਵਜੋਂ ਹੋਈ ਹੈ। ਹਮਲੇ ਦੌਰਾਨ ਨਵਜੋਤ ਸਿੰਘ ਦੀ ਖੱਬੀ ਟੰਗ ਵਿੱਚ ਗੋਲੀ ਲੱਗੀ, ਜਦਕਿ ਵੱਡਾ ਭਰਾ ਅਤੇ ਗੋਲਡੀ ਵੀ ਜਖ਼ਮੀ ਹੋ ਗਏ। ਪਿੰਡ ਵਾਸੀਆਂ ਦੀ ਮਦਦ ਨਾਲ ਤਿੰਨਾਂ ਨੂੰ ਤੁਰੰਤ ਸਿਵਲ ਹਸਪਤਾਲ ਡੇਹਲੋਂ ਪਹੁੰਚਾਇਆ ਗਿਆ। ਡਾਕਟਰਾਂ ਵੱਲੋਂ ਪਹਿਲੀ ਸਹਾਇਤਾ ਦੇਣ ਤੋਂ ਬਾਅਦ ਵੱਡੇ ਭਰਾ ਅਤੇ ਗੋਲਡੀ ਨੂੰ ਛੁੱਟੀ ਦੇ ਦਿੱਤੀ ਗਈ, ਜਦਕਿ ਨਵਜੋਤ ਦੀ ਗੰਭੀਰ ਹਾਲਤ ਦੇ ਚਲਦਿਆਂ ਉਸਨੂੰ ਲੁਧਿਆਣਾ ਦੇ ਸਿਵਲ ਹਸਪਤਾਲ ਰੈਫਰ ਕਰ ਦਿੱਤਾ ਗਿਆ।

ਪੀੜ੍ਹਤ ਨਵਜੋਤ ਦੇ ਪਿਤਾ ਪਰਮਜੀਤ ਸਿੰਘ ਨੇ ਦੱਸਿਆ ਕਿ ਉਹ ਪਿੰਡ ਦੇ ਗੁਰਦੁਆਰੇ ਦੇ ਨੇੜੇ ਇੱਕ ਡੇਅਰੀ ‘ਤੇ ਦੁੱਧ ਸਪਲਾਈ ਕਰਦੇ ਹਨ ਅਤੇ ਹੋਰ ਡੇਅਰੀ ਵਾਲਿਆਂ ਨਾਲ ਉਨ੍ਹਾਂ ਦੀ ਪੁਰਾਣੀ ਰੰਜਿਸ਼ ਚੱਲ ਰਹੀ ਹੈ। ਉਨ੍ਹਾਂ ਮੁਤਾਬਕ ਮੰਗਲਵਾਰ ਰਾਤ ਉਨ੍ਹਾਂ ਦਾ ਵੱਡਾ ਪੁੱਤਰ ਡੇਅਰੀ ‘ਤੇ ਕੰਮ ਮੁਕਾਉਣ ਤੋਂ ਬਾਅਦ ਮਾਰਕੀਟ ਤੋਂ ਸਮਾਨ ਲੈ ਕੇ ਘਰ ਵਾਪਸ ਆ ਰਿਹਾ ਸੀ। ਗੁਰਦੁਆਰੇ ਦੇ ਨੇੜੇ ਕਾਰ ‘ਚ ਸਵਾਰ ਹਮਲਾਵਰਾਂ ਨੇ ਉਸਨੂੰ ਰੋਕ ਲਿਆ ਅਤੇ ਬੇਸਬਾਲ ਬੈਟ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਇਸ ਦੌਰਾਨ ਹਮਲਾਵਰਾਂ ਨੇ ਉਸਨੂੰ ਜਬਰਦਸਤੀ ਕਾਰ ਵਿੱਚ ਬਿਠਾਉਣ ਦੀ ਕੋਸ਼ਿਸ਼ ਵੀ ਕੀਤੀ। ਜਦ ਉਸਦਾ ਦੋਸਤ ਗੋਲਡੀ ਉਸਦੀ ਮਦਦ ਲਈ ਆਇਆ ਤਾਂ ਹਮਲਾਵਰਾਂ ਨੇ ਉਸ ‘ਤੇ ਵੀ ਹਮਲਾ ਕਰ ਦਿੱਤਾ।

ਪਰਮਜੀਤ ਸਿੰਘ ਨੇ ਦੱਸਿਆ ਕਿ ਜਦ ਉਨ੍ਹਾਂ ਨੂੰ ਘਟਨਾ ਬਾਰੇ ਪਤਾ ਲੱਗਾ ਤਾਂ ਉਹ ਆਪਣੇ ਛੋਟੇ ਪੁੱਤਰ ਨਵਜੋਤ ਨਾਲ ਮੌਕੇ ‘ਤੇ ਪਹੁੰਚੇ। ਇਸ ਦੌਰਾਨ ਹਮਲਾਵਰਾਂ ਵਿੱਚੋਂ ਇੱਕ ਨੌਜਵਾਨ ਨੇ ਉਨ੍ਹਾਂ ਵੱਲ 4 ਤੋਂ 5 ਗੋਲੀਆਂ ਚਲਾਈਆਂ, ਜਿਨ੍ਹਾਂ ਵਿੱਚੋਂ ਇੱਕ ਗੋਲੀ ਨਵਜੋਤ ਨੂੰ ਲੱਗ ਗਈ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਤੁਰੰਤ ਕਾਰਵਾਈ ਕਰਦਿਆਂ ਹਮਲਾਵਰਾਂ ਨੂੰ ਪਿਸਤੌਲ ਸਮੇਤ ਕਾਬੂ ਕਰ ਲਿਆ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਅਗਲੀ ਕਾਰਵਾਈ ਜਾਰੀ ਹੈ।

ਹਿੰਦੂਸਥਾਨ ਸਮਾਚਾਰ / GURSHARAN SINGH


 rajesh pande