
ਚੰਡੀਗੜ੍ਹ, 15 ਅਪ੍ਰੈਲ (ਹਿੰ.ਸ.)| ਫਰੀਦਕੋਟ ਜ਼ਿਲ੍ਹਾ ਪੁਲਿਸ ਦੇ ਸੀ.ਆਈ.ਏ ਸਟਾਫ ਜੈਤੋ ਵੱਲੋਂ ਵੱਡੀ ਕਾਰਵਾਈ ਕਰਦਿਆਂ ਇੱਕ ਨੌਜਵਾਨ ਨੂੰ ਨਾਜਾਇਜ਼ ਹਥਿਆਰਾਂ ਸਮੇਤ ਕਾਬੂ ਕੀਤਾ ਗਿਆ ਹੈ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਦੀ ਪਹਿਚਾਣ ਦਿਲਪ੍ਰੀਤ ਸਿੰਘ ਉਰਫ਼ ਮਹੰਤੀ ਵਾਸੀ ਪਿੰਡ ਕੋਹਾਰਵਾਲਾ (ਕੋਟਕਪੂਰਾ) ਵਜੋਂ ਹੋਈ ਹੈ। ਪੁਲਿਸ ਨੇ ਉਸਦੇ ਖ਼ਿਲਾਫ਼ ਥਾਣਾ ਜੈਤੋ ਵਿੱਚ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਪੁਲਿਸ ਅਨੁਸਾਰ ਸੀ.ਆਈ.ਏ ਸਟਾਫ ਜੈਤੋ ਦੇ ਏਐਸਆਈ ਜਸਵੀਰ ਸਿੰਘ ਦੀ ਅਗਵਾਈ ਹੇਠ ਪੁਲਿਸ ਟੀਮ ਮੰਗਲਵਾਰ ਦੇਰ ਸ਼ਾਮ ਗਸ਼ਤ ‘ਤੇ ਸੀ। ਜਦੋਂ ਟੀਮ ਜੈਤੋ ਦੀ ਦਾਣਾ ਮੰਡੀ ਦੇ ਗੇਟ ਨੰਬਰ 2 ਨੇੜੇ ਮੌਜੂਦ ਸੀ, ਤਾਂ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਕੋਟਕਪੂਰਾ ਰੋਡ ‘ਤੇ ਸੰਤ ਨਿਰੰਕਾਰੀ ਭਵਨ ਦੇ ਨੇੜੇ ਇੱਕ ਵਿਅਕਤੀ ਸ਼ੱਕੀ ਹਾਲਤ ਵਿੱਚ ਮੋਟਰਸਾਈਕਲ ‘ਤੇ ਖੜਾ ਹੈ ਅਤੇ ਉਸ ਕੋਲ ਨਾਜਾਇਜ਼ ਹਥਿਆਰ ਮੌਜੂਦ ਹੈ। ਸੂਚਨਾ ਮਿਲਦੇ ਹੀ ਪੁਲਿਸ ਟੀਮ ਤੁਰੰਤ ਮੌਕੇ ‘ਤੇ ਪਹੁੰਚੀ ਅਤੇ ਮੁਲਜ਼ਮ ਨੂੰ ਕਾਬੂ ਕਰ ਲਿਆ। ਤਲਾਸ਼ੀ ਦੌਰਾਨ ਉਸਦੇ ਕਬਜ਼ੇ ਵਿੱਚੋਂ 12 ਬੋਰ ਦੀ ਗਨ, ਚਾਰ ਜ਼ਿੰਦਾ ਕਾਰਤੂਸ ਅਤੇ ਇੱਕ ਬੈਗ ਵਿੱਚ ਕੱਪੜੇ ਬਰਾਮਦ ਕੀਤੇ ਗਏ। ਇਸ ਤੋਂ ਇਲਾਵਾ ਪੁਲਿਸ ਨੇ ਮੁਲਜ਼ਮ ਦੇ ਕਬਜ਼ੇ ਵਿੱਚੋਂ ਬਿਨਾਂ ਨੰਬਰ ਪਲੇਟ ਵਾਲਾ ਮੋਟਰਸਾਈਕਲ ਵੀ ਜ਼ਬਤ ਕੀਤਾ ਹੈ, ਜਿਸ ਦੇ ਚੋਰੀਸ਼ੁਦਾ ਹੋਣ ਦਾ ਸ਼ੱਕ ਜਤਾਇਆ ਜਾ ਰਿਹਾ ਹੈ।
ਮਾਮਲੇ ਦੀ ਜਾਂਚ ਕਰ ਰਹੇ ਏਐਸਆਈ ਜਸਬੀਰ ਸਿੰਘ ਨੇ ਦੱਸਿਆ ਕਿ ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ‘ਤੇ ਲਿਆ ਜਾਵੇਗਾ ਅਤੇ ਉਸ ਤੋਂ ਹੋਰ ਪੁੱਛਗਿੱਛ ਕੀਤੀ ਜਾਵੇਗੀ ਤਾਂ ਜੋ ਇਸ ਮਾਮਲੇ ਨਾਲ ਜੁੜੀਆਂ ਹੋਰ ਕੜੀਆਂ ਸਾਹਮਣੇ ਆ ਸਕਣ।
ਹਿੰਦੂਸਥਾਨ ਸਮਾਚਾਰ / GURSHARAN SINGH