
ਪਟਿਆਲਾ, 15 ਅਪ੍ਰੈਲ (ਹਿੰ.ਸ.)। ਡਾਇਰੈਕਟਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਪੰਜਾਬ ਡਾ. ਗੁਰਜੀਤ ਸਿੰਘ ਬਰਾੜ ਦੇ ਦਿਸ਼ਾ ਨਿਰਦੇਸ਼ਾਂ ਅਤੇ ਜ਼ਿਲ੍ਹਾ ਪ੍ਰਸਾਸਨ ਦੇ ਸਹਿਯੋਗ ਨਾਲ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪਟਿਆਲਾ ਦੇ ਮੁੱਖ ਖੇਤੀਬਾੜੀ ਅਫਸਰ ਡਾ. ਦਾਰਾ ਸਿੰਘ ਵੱਲੋਂ ਵਿਭਾਗੀ ਟੀਮ ਅਤੇ ਪੁਲਿਸ ਪ੍ਰਸਾਸ਼ਨ ਨਾਲ ਮਿਲਕੇ ਕਿਸਾਨਾਂ ਲਈ ਸਬਸਿਡੀ ’ਤੇ ਉਪਲਬਧ ਖੇਤੀ ਵਰਤੋਂ ਲਈ ਯੂਰੀਆ ਖਾਦ ਨੂੰ ਫੀਡ ਬਣਾਉਣ ਲਈ ਅਣ ਅਧਿਕਾਰਤ ਤੌਰ ’ਤੇ ਸਟੋਰ ਕਰਨ ’ਤੇ ਸ੍ਰੀਕ੍ਰਿਸ਼ਨ ਕ੍ਰਿਪਾ ਇੰਡਸਟ੍ਰੀ਼ਜ, ਧਬਲਾਨ ਰੋਡ ਨੇੜੇ ਰੱਖੜਾ ਸ਼ੂਗਰ ਮਿੱਲ, ਪਿੰਡ ਖੇੜੀ ਗੋੜੀਆਂ ਜ਼ਿਲ੍ਹਾ ਪਟਿਆਲਾ ਵਿਰੁੱਧ ਮੁਕੱਦਮਾ ਦਰਜ ਕਰਵਾਇਆ ਗਿਆ ਹੈ।
ਮਾਮਲੇ ਦੀ ਜਾਣਕਾਰੀ ਦਿੰਦਿਆਂ ਪਟਿਆਲਾ ਦੇ ਮੁੱਖ ਖੇਤੀਬਾੜੀ ਅਫਸਰ ਡਾ. ਦਾਰਾ ਸਿੰਘ ਨੇ ਦੱਸਿਆ ਕਿ ਖੇਤੀਬਾੜੀ ਵਿਭਾਗ ਦੀ ਟੀਮ ਜਿਸ ਵਿਚ ਏ.ਡੀ.ਓ. ਅਮਨਪ੍ਰੀਤ ਸਿੰਘ, ਏ. ਡੀ.ਓ ਰਸਪਿੰਦਰ ਸਿੰਘ ਅਤੇ ਪੰਜਾਬ ਪੁਲਿਸ ਦੇ ਏ. ਐੱਸ. ਆਈ ਬਲਦੇਵ ਸਿੰਘ ਨੇ ਚੈਕਿੰਗ ਦੌਰਾਨ ਸ੍ਰੀਕ੍ਰਿਸ਼ਨ ਕ੍ਰਿਪਾ ਇੰਡਸਟ੍ਰੀਜ਼, ਧਬਲਾਨ ਰੋਡ ਨੇੜੇ ਰੱਖੜਾ ਸ਼ੂਗਰ ਮਿੱਲ, ਪਿੰਡ ਖੇੜੀ ਗੋੜੀਆਂ ਵਿਖੇ ਯੂਰੀਆ ਖਾਦ ਨੂੰ ਕਿਸੇ ਹੋਰ ਥੈਲਿਆਂ ਵਿਚ ਪਾ ਕੇ ਫੈਕਟਰੀ ਵਿਚ ਰੱਖਿਆ ਹੋਣ ਕਾਰਨ ਅਤੇ ਸਬੰਧਤ ਦਸਤਾਵੇਜ਼ ਨਾ ਹੋਣ ਕਾਰਨ ਖਾਦ ਕੰਟਰੋਲ ਆਰਡਰ 1985 ਦੀ ਕਲਾਸ 28 ਅਧੀਨ ਪਾਵਰਾਂ ਦੀ ਵਰਤੋਂ ਕਰਦਿਆਂ ਯੂਰੀਆ ਖਾਦ ਨੂੰ ਸੀਜ਼ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਭਾਰਤ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਅਣ ਅਧਿਕਾਰਤ ਤੌਰ ’ਤੇ ਖਾਦ ਦੀ ਸਟੋਰਜ ਅਤੇ ਕਿਸੇ ਹੋਰ ਥੈਲਿਆਂ ਵਿਚ ਸਟੋਰਜ ਕਰਨ ’ਤੇ ਪਾਬੰਦੀ ਹੈ।
ਖੇਤੀਬਾੜੀ ਵਿਕਾਸ ਅਫਸਰ ਡਾ. ਅਮਨਪ੍ਰੀਤ ਸਿੰਘ ਵੱਲੋਂ ਦੱਸਿਆ ਗਿਆ ਕਿ ਖਾਦ ਖਾਦ ਕੰਟਰੋਲ ਆਰਡਰ 1985 ਦੀ ਧਾਰਾ 2 (ਐਚ)3, 19, 25 ਅਤੇ ਜ਼ਰੂਰੀ ਵਸਤਾਂ ਐਕਟ 1955 ਦੀ ਧਾਰਾ 3 ਅਤੇ 7 ਦੀ ਉਲੰਘਣਾ ਕਰਨ ਅਤੇ ਸਰਕਾਰ ਨੂੰ ਮਾਲੀ ਤੌਰ ’ਤੇ ਨੁਕਸਾਨ ਪਹੁੰਚਾਉਣ ਕਾਰਨ ਬੀ. ਐੱਨ. ਐੱਸ 2023 ਦੀ ਧਾਰਾ 318 (4) ਦੀ ਉਲੰਘਣਾ ਕਰਨ ਲਈ ਉਪਰੋਕਤ ਫਰਮ ਵਿਰੁੱਧ ਮੁਕੱਦਮਾ ਦਰਜ ਕਰਵਾ ਦਿੱਤਾ ਗਿਆ ਹੈ।
ਮੁੱਖ ਖੇਤੀਬਾੜੀ ਅਫਸਰ ਪਟਿਆਲਾ ਡਾ. ਦਾਰਾ ਸਿੰਘ ਨੇ ਕਿਹਾ ਕਿ ਜੇਕਰ ਕੋਈ ਵੀ ਖਾਦ ਡੀਲਰ ਕਿਸਾਨਾਂ ਨੂੰ ਤਹਿ ਰੇਟ ਤੋਂ ਜਿਆਦਾ ਰੇਟ ਉਪਰ ਖਾਦ ਵੇਚਦਾ ਹੈ, ਖਾਦ ਨਾਲ ਕਿਸੇ ਹੋਰ ਵਸਤੂ ਦੀ ਸੇਲ ਕਰਦਾ ਹੈ, ਅਣ ਅਧਿਕਾਰਤ ਤੌਰ ’ਤੇ ਸਟੋਰਜ ਕਰਦਾ ਹੈ ਅਤੇ ਕੋਈ ਵੀ ਖਾਦ ਡੀਲਰ ਖਾਦ ਨੂੰ ਫੀਡ ਫੈਕਟਰੀਆਂ, ਪਲਾਈਵੁੱਡ ਫੈਕਟਰੀਆਂ ਜਾਂ ਕਿਸੇ ਹੋਰ ਵਰਤੋਂ ਲਈ ਵੇਚਦਾ ਹੈ ਤਾਂ ਉਸ ਵਿਰੁੱਧ ਫਰਟੀਲਾਈਜ਼ਰ ਕੰਟਰੋਲ ਐਕਟ 1985 ਅਧੀਨ ਬਣਦੀ ਕਾਰਵਾਈ ਕੀਤੀ ਜਾਵੇਗੀ।
ਉਨ੍ਹਾਂ ਕਿਸਾਨਾਂ ਨੂੰ ਕਿਹਾ ਕਿ ਜੇਕਰ ਕਿਸਾਨਾਂ ਨੂੰ ਕਿਸੇ ਵੀ ਪ੍ਰਕਾਰ ਦੀ ਸਮੱਸਿਆ ਆਉਂਦੀ ਹੈ ਤਾਂ ਕਿਸਾਨ ਇਸ ਸਬੰਧੀ ਬਲਾਕ ਪਟਿਆਲਾ ਦੇ ਡਾ. ਗੁਰਮੀਤ ਸਿੰਘ (97791-60950), ਬਲਾਕ ਨਾਭਾ ਦੇ ਕਿਸਾਨ ਡਾ. ਜੁਪਿੰਦਰ ਸਿੰਘ ਗਿੱਲ (97805-60004), ਬਲਾਕ ਭੂਨਰਹੇੜੀ ਦੇ ਕਿਸਾਨ ਡਾ. ਮਨਦੀਪ ਸਿੰਘ (70092-27488), ਬਲਾਕ ਸਮਾਣਾ ਦੇ ਕਿਸਾਨ ਡਾ. ਸਤੀਸ਼ ਕੁਮਾਰ (97589-00047), ਬਲਾਕ ਰਾਜਪੁਰਾ ਦੇ ਕਿਸਾਨ ਡਾ. ਜੁਪਿੰਦਰ ਸਿੰਘ ਪੰਨੂੰ (73070-59201) ਅਤੇ ਬਲਾਕ ਘਨੌਰ ਦੇ ਕਿਸਾਨ ਡਾ. ਰਣਜੋਧ ਸਿੰਘ (99883-12299) ਨਾਲ ਸੰਪਰਕ ਕਰ ਸਕਦੇ ਹਨ।
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ