
ਤਰਨ ਤਾਰਨ, 08 ਅਪ੍ਰੈਲ (ਹਿੰ.ਸ.)। ਸਿਹਤ ਮੰਤਰੀ ਡਾ. ਬਲਬੀਰ ਸਿੰਘ ਅਤੇ ਕਮਿਸ਼ਨਰ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਕੰਵਲ ਪ੍ਰੀਤ ਬਰਾੜ ਦੇ ਨਿਰਦੇਸ਼ਾਂ ਅਨੁਸਾਰ ਡਿਪਟੀ ਕਮਿਸ਼ਨਰ ਰਾਹੁਲ ਸਿਵਲ ਅਤੇ ਸਿਵਲ ਸਰਜਨ ਡਾ. ਗੁਰਪ੍ਰੀਤ ਸਿੰਘ ਰਾਏ ਦੀ ਰਹਿਨੁਮਾਈ ਹੇਠ ਜ਼ਿਲ੍ਹਾ ਸਿਹਤ ਅਫ਼ਸਰ ਡਾ. ਸੁਖਬੀਰ ਕੌਰ ਦੀ ਅਗਵਾਈ ਵਿਚ ਫੂਡ ਸੇਫਟੀ ਟੀਮ ਤਰਨਤਾਰਨ ਨੇ ਭੋਜਨ ਸੁਰੱਖਿਆ ਪੰਦਰਵਾੜਾ (7 ਤੋਂ 21 ਅਪ੍ਰੈਲ 2026 ਤੱਕ) ਜਾਗਰੂਕਤਾ ਗਤੀਵਿਧੀਆਂ ਦਾ ਆਯੋਜਨ ਕਰਕੇ ਮਨਾਇਆ ਜਾ ਰਿਹਾ ਹੈ।
ਇਸੇ ਕ੍ਰਮ ’ਚ ਸਥਾਨਕ ਮਾਝਾ ਪਬਲਿਕ ਸਕੂਲ ਵਿਚ ਆਲ ਵੂਮੈਨ ਐਨ.ਜੀ.ਓ ਇਨਰਵੀਲ ਕਲੱਬ ਤਰਨ ਤਾਰਨ ਸਾਹਿਬ ਦੇ ਮੈਂਬਰਾਂ ਨਾਲ ਇਕ ਜਾਗਰੂਕਤਾ ਮੁਹਿੰਮ ਸ਼ੁਰੂ ਕੀਤੀ ਗਈ। ਇਸ ਦੌਰਾਨ ਜ਼ਿਲ੍ਹਾ ਸਿਹਤ ਅਫ਼ਸਰ ਵੱਲੋਂ ਬੱਚਿਆਂ ਨੂੰ ਸੁਰੱਖਿਅਤ ਭੋਜਨ ਅਤੇ ਸਿਹਤਮੰਦ ਜੀਵਨ ਸ਼ੈਲੀ ਬਾਰੇ ਜਾਗਰੂਕ ਕੀਤਾ ਗਿਆ। ਇਸ ਮੌਕੇ ਛੋਟੇ ਬੱਚਿਆਂ ਨੇ ਵੀ ਸਿਹਤਮੰਦ ਭੋਜਨ ਅਤੇ ਸਫ਼ਾਈ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। ਮਾਝਾ ਪਬਲਿਕ ਸਕੂਲ ਦੇ ਪ੍ਰਿੰਸੀਪਲ ਡਾ. ਰਮਨ ਦੂਆ ਨੇ ਵਿਦਿਆਰਥੀਆਂ ਨੂੰ ਅੱਜ ਪ੍ਰਾਪਤ ਗਿਆਨ ਮਾਪਿਆਂ ਅਤੇ ਭੈਣਾਂ-ਭਰਾਵਾਂ ਨਾਲ ਸਾਂਝਾ ਕਰਨ ਲਈ ਉਤਸ਼ਾਹਿਤ ਕੀਤਾ।
ਇਸੇ ਤਹਿਤ ਫੂਡ ਸੇਫਟੀ ਔਨ ਵ੍ਹੀਲਜ਼ ਟੀਮ ਵੱਲੋਂ ਸਿਵਲ ਹਸਪਤਾਲ ਤਰਨ ਤਾਰਨ ਵਿਖੇ ਨਰਸਿੰਗ ਕਾਲਜ ਦੇ ਵਿਦਿਆਰਥੀਆਂ ਲਈ ਇੱਕ ਹੋਰ ਜਾਗਰੂਕਤਾ ਕੈਂਪ ਲਗਾਇਆ ਗਿਆ ਅਤੇ ਸਿਵਲ ਸਰਜਨ ਤਰਨਤਾਰਨ ਦੀ ਮੌਜੂਦਗੀ ਵਿਚ ਜ਼ਿਲ੍ਹਾ ਸਿਹਤ ਅਫ਼ਸਰ ਡਾ. ਸੁਖਬੀਰ ਕੌਰ ਵੱਲੋਂ ਵਿਦਿਆਰਥੀਆਂ ਨੂੰ ਬਾਜਰੇ ਦੇ ਲਾਭਾਂ ਅਤੇ ਵਿਸ਼ਵ ਸਿਹਤ ਦਿਵਸ 2026 ਦੇ ਥੀਮ ਬਾਰੇ ਜਾਣੂ ਕਰਵਾਇਆ ਗਿਆ। ਡੀ.ਐਫ.ਪੀ.ਓ ਡਾ. ਭਾਰਤੀ ਧਵਨ, ਡਾ. ਰਣਦੀਪ ਅਤੇ ਡਾ. ਰਾਘਵ, ਮਹਾਂਮਾਰੀ ਵਿਗਿਆਨੀ ਡਾ. ਅਸ਼ਵਿਨ, ਜ਼ਿਲ੍ਹਾ ਮਾਸ ਮੀਡੀਆ ਅਫ਼ਸਰ ਸੁਖਵੰਤ ਸਿੰਘ ਸਿੱਧੂ ਅਤੇ ਆਰੂਸ਼ ਭੱਲਾ ਬੀ.ਸੀ.ਸੀ ਕੋਆਰਡੀਨੇਟਰ ਵੱਲੋਂ ਮੌਜੂਦ ਸਾਰਿਆਂ ਨੂੰ ਐਫ.ਐਸ.ਡਬਲਯੂ ਦੇ ਤਿੰਨ ਹਿੱਸਿਆਂ ਬਾਰੇ ਜਾਣੂ ਕਰਵਾਇਆ ਗਿਆ।
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ