
ਚੰਡੀਗੜ੍ਹ, 08 ਅਪ੍ਰੈਲ (ਹਿੰ.ਸ.)| ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮ ਦਾਸ ਜੀ ਇੰਟਰਨੈਸ਼ਨਲ ਏਅਰਪੋਰਟ ‘ਤੇ ਕਸਟਮਜ਼ ਵਿਭਾਗ ਨੇ ਨਸ਼ਾ ਸਮੱਗਲਿੰਗ ਦੀ ਵੱਡੀ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ ਹੈ। ਜਾਣਕਾਰੀ ਅਨੁਸਾਰ, ਬੈਂਕਾਕ ਤੋਂ ਆਈ ਫਲਾਈਟ SL-214 ਰਾਹੀਂ ਇੱਕ ਯਾਤਰੀ ਜਿਵੇਂ ਹੀ ਏਅਰਪੋਰਟ ‘ਤੇ ਉਤਰਾ, ਤਾਂ ਏ ਪੀ ਆਈ ਐਸ ਪ੍ਰੋਫਾਇਲਿੰਗ ਅਤੇ ਬੈਗੇਜ ਸਕ੍ਰੀਨਿੰਗ ਦੌਰਾਨ ਉਸ ‘ਤੇ ਸ਼ੱਕ ਹੋਇਆ। ਇਸ ਤੋਂ ਬਾਅਦ ਕਸਟਮਜ਼ ਅਧਿਕਾਰੀਆਂ ਵੱਲੋਂ ਉਸ ਦੇ ਸਮਾਨ ਦੀ ਗਹਿਰਾਈ ਨਾਲ ਜਾਂਚ ਕੀਤੀ ਗਈ।
ਜਾਂਚ ਦੌਰਾਨ ਯਾਤਰੀ ਦੇ ਬੈਗ ਵਿਚੋਂ 4 ਮਿਠਾਈ ਅਤੇ ਖਾਣ-ਪੀਣ ਵਾਲੇ ਡੱਬਿਆਂ ਵਿੱਚ ਬੜੀ ਚਤੁਰਾਈ ਨਾਲ ਲੁਕਾਇਆ ਗਿਆ 964 ਗ੍ਰਾਮ ਗਾਂਜਾ ਬਰਾਮਦ ਕੀਤਾ ਗਿਆ। ਇਹ ਨਸ਼ੀਲਾ ਪਦਾਰਥ ਵਿਦੇਸ਼ ਤੋਂ ਭਾਰਤ ਵਿੱਚ ਤਸਕਰੀ ਰਾਹੀਂ ਲਿਆਇਆ ਜਾ ਰਿਹਾ ਸੀ। ਅਧਿਕਾਰੀਆਂ ਦੇ ਮੁਤਾਬਕ, ਬਰਾਮਦ ਕੀਤੇ ਗਏ ਗਾਂਜੇ ਦੀ ਅੰਤਰਰਾਸ਼ਟਰੀ ਮਾਰਕੀਟ ਵਿੱਚ ਕੀਮਤ ਲਗਭਗ 0.96 ਕਰੋੜ ਰੁਪਏ ਅੰਕਿਤ ਕੀਤੀ ਗਈ ਹੈ, ਜੋ ਕਿ ਇੱਕ ਵੱਡੀ ਤਸਕਰੀ ਨੂੰ ਦਰਸਾਉਂਦੀ ਹੈ। ਕਸਟਮਜ਼ ਵਿਭਾਗ ਨੇ ਤੁਰੰਤ ਕਾਰਵਾਈ ਕਰਦਿਆਂ ਦੋਸ਼ੀ ਯਾਤਰੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਸ ਮਾਮਲੇ ਵਿੱਚ ਹੋਰ ਲਿੰਕਾਂ ਅਤੇ ਨੈੱਟਵਰਕ ਦੀ ਜਾਂਚ ਕੀਤੀ ਜਾ ਰਹੀ ਹੈ।
ਹਿੰਦੂਸਥਾਨ ਸਮਾਚਾਰ / GURSHARAN SINGH