
ਚੰਡੀਗੜ੍ਹ, 26 ਮਈ (ਹਿੰ.ਸ.)| ਅਦਾਕਾਰ ਅਤੇ ਸਾਬਕਾ ਕ੍ਰਿਕੇਟਰ ਯੋਗਰਾਜ ਸਿੰਘ ਨੂੰ ਅਦਾਲਤ ਤੋਂ ਵੱਡਾ ਝਟਕਾ ਲੱਗਿਆ ਹੈ। ਮਹਿਲਾਵਾਂ ਖ਼ਿਲਾਫ਼ ਕਥਿਤ ਅਪਮਾਨਜਨਕ ਟਿੱਪਣੀ ਮਾਮਲੇ ਵਿੱਚ ਦਾਇਰ ਕੀਤੀ ਗਈ ਉਨ੍ਹਾਂ ਦੀ ਅਗਾਊਂ ਜ਼ਮਾਨਤ ਅਰਜ਼ੀ ਨੂੰ ਅਦਾਲਤ ਨੇ ਖਾਰਜ ਕਰ ਦਿੱਤਾ ਹੈ। ਅਦਾਲਤ ਦੇ ਇਸ ਫ਼ੈਸਲੇ ਤੋਂ ਬਾਅਦ ਹੁਣ ਯੋਗਰਾਜ ਸਿੰਘ ਨੇ ਰਾਹਤ ਲਈ ਹਾਈਕੋਰਟ ਦਾ ਦਰਵਾਜ਼ਾ ਖੜਕਾਉਣ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ।
ਇਹ ਮਾਮਲਾ ਸੋਸ਼ਲ ਮੀਡੀਆ ਅਤੇ ਜਨਤਕ ਬਿਆਨਾਂ ਦੌਰਾਨ ਮਹਿਲਾਵਾਂ ਬਾਰੇ ਕੀਤੀਆਂ ਗਈਆਂ ਕਥਿਤ ਆਪਤਿਤਜਨਕ ਟਿੱਪਣੀਆਂ ਨਾਲ ਜੁੜਿਆ ਹੋਇਆ ਹੈ। ਸ਼ਿਕਾਇਤ ਦਰਜ ਹੋਣ ਤੋਂ ਬਾਅਦ ਪੁਲਿਸ ਨੇ ਮੁੱਢਲੀ ਜਾਂਚ ਕਰਕੇ ਕਾਨੂੰਨੀ ਕਾਰਵਾਈ ਅੱਗੇ ਵਧਾਈ ਸੀ। ਇਸੇ ਦੌਰਾਨ ਯੋਗਰਾਜ ਸਿੰਘ ਵੱਲੋਂ ਅਗਾਊਂ ਜ਼ਮਾਨਤ ਲਈ ਅਰਜ਼ੀ ਦਾਇਰ ਕੀਤੀ ਗਈ ਸੀ, ਜਿਸਨੂੰ ਅਦਾਲਤ ਨੇ ਰੱਦ ਕਰ ਦਿੱਤਾ। ਹੁਣ ਮਾਮਲੇ ਦੇ ਹਾਈਕੋਰਟ ਤੱਕ ਜਾਣ ਦੀ ਸੰਭਾਵਨਾ ਹੈ, ਜਿੱਥੇ ਯੋਗਰਾਜ ਸਿੰਘ ਵੱਲੋਂ ਰਾਹਤ ਦੀ ਮੰਗ ਕੀਤੀ ਜਾਵੇਗੀ। ਫਿਲਹਾਲ ਪੁਲਿਸ ਜਾਂਚ ਜਾਰੀ ਹੈ ਅਤੇ ਅਗਲੀ ਕਾਨੂੰਨੀ ਕਾਰਵਾਈ ਅਦਾਲਤ ਦੇ ਆਉਣ ਵਾਲੇ ਫ਼ੈਸਲਿਆਂ ’ਤੇ ਨਿਰਭਰ ਕਰੇਗੀ।
ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਸੀ ਵੀਡੀਓ
ਚੰਡੀਗੜ੍ਹ ਦੇ ਦੋ ਵਕੀਲਾਂ ਉੱਜਵਲ ਭਸੀਨ ਅਤੇ ਜਤਿਨ ਵਰਮਾ ਨੇ ਇਸ ਮਾਮਲੇ ਵਿੱਚ ਐਸਐਸਪੀ ਨੂੰ ਸ਼ਿਕਾਇਤ ਦਿੱਤੀ ਸੀ। ਸ਼ਿਕਾਇਤ ਵਿੱਚ ਕਿਹਾ ਗਿਆ ਕਿ ਸੋਸ਼ਲ ਮੀਡੀਆ ’ਤੇ 17 ਸਕਿੰਟ ਦੀ ਇੱਕ ਵੀਡੀਓ ਕਲਿੱਪ ਵਾਇਰਲ ਹੋਈ ਸੀ, ਜਿਸ ਵਿੱਚ ਮਹਿਲਾਵਾਂ ਖ਼ਿਲਾਫ਼ ਅਭਦ੍ਰ ਅਤੇ ਅਪਮਾਨਜਨਕ ਸ਼ਬਦ ਵਰਤੇ ਗਏ ਸਨ।
ਇਹ ਵੀਡੀਓ 8 ਮਈ 2026 ਨੂੰ ਅਮੇਜ਼ਾਨ ਪ੍ਰਾਈਮ ਵੀਡੀਓ ’ਤੇ ਰਿਲੀਜ਼ ਹੋਈ ਹਿੰਦੀ ਵੈੱਬ ਸੀਰੀਜ਼ ‘ਲੁੱਖੇ’ ਦੇ ਇੱਕ ਐਪੀਸੋਡ ਦਾ ਹਿੱਸਾ ਦੱਸਿਆ ਜਾ ਰਿਹਾ ਹੈ। ਸ਼ਿਕਾਇਤਕਰਤਾਵਾਂ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਦੀ ਭਾਸ਼ਾ ਮਹਿਲਾਵਾਂ ਦੀ ਇੱਜ਼ਤ ਅਤੇ ਮਰਿਆਦਾ ’ਤੇ ਸਿੱਧਾ ਹਮਲਾ ਹੈ।
ਹਿੰਦੂਸਥਾਨ ਸਮਾਚਾਰ / GURSHARAN SINGH