
ਸ਼ਾਮ 5 ਵਜੇ ਤੱਕ ਲਗਭਗ 61.5 ਫੀਸਦੀ ਵੋਟਿੰਗ ਦਰਜ ਕੀਤੀ ਗਈ
ਚੰਡੀਗੜ੍ਹ, 26 ਮਈ (ਹਿੰ.ਸ.)| ਪੰਜਾਬ ਵਿੱਚ ਮੰਗਲਵਾਰ ਨੂੰ 8 ਨਗਰ ਨਿਗਮਾਂ, 75 ਨਗਰ ਕੌਂਸਲਾਂ ਅਤੇ 20 ਨਗਰ ਪੰਚਾਇਤਾਂ ਲਈ ਵੋਟਿੰਗ ਹੋਈ। ਸਵੇਰੇ 8 ਵਜੇ ਸ਼ੁਰੂ ਹੋਈ ਵੋਟਿੰਗ ਸ਼ਾਮ 5 ਵਜੇ ਤੱਕ ਜਾਰੀ ਰਹੀ। ਸੂਬਾ ਚੋਣ ਕਮਿਸ਼ਨ ਮੁਤਾਬਕ ਸ਼ਾਮ 5 ਵਜੇ ਤੱਕ ਲਗਭਗ 61.5 ਫੀਸਦੀ ਵੋਟਿੰਗ ਦਰਜ ਕੀਤੀ ਗਈ। ਇਸ ਵਾਰ ਵੋਟਿੰਗ ਈਵੀਐਮ ਦੀ ਬਜਾਏ ਬੈਲਟ ਪੇਪਰ ਰਾਹੀਂ ਕਰਵਾਈ ਗਈ ਅਤੇ ਨਤੀਜੇ 29 ਮਈ ਨੂੰ ਐਲਾਨੇ ਜਾਣਗੇ।
ਚੋਣਾਂ ਦੌਰਾਨ ਸੂਬੇ ਦੇ ਕਈ ਇਲਾਕਿਆਂ ਵਿੱਚ ਹਿੰਸਕ ਝੜਪਾਂ, ਧੱਕਾ-ਮੁੱਕੀ, ਪਥਰਾਅ ਅਤੇ ਫਾਇਰਿੰਗ ਦੀਆਂ ਘਟਨਾਵਾਂ ਸਾਹਮਣੇ ਆਈਆਂ। ਪੁਲਿਸ ਨੂੰ ਕਈ ਥਾਵਾਂ ’ਤੇ ਦਖਲ ਦੇਣਾ ਪਿਆ ਅਤੇ ਕੁਝ ਇਲਾਕਿਆਂ ਵਿੱਚ ਲਾਠੀਚਾਰਜ ਵੀ ਕੀਤਾ ਗਿਆ।
ਸਮਾਣਾ ਵਿੱਚ ਪਥਰਾਅ ਤੇ ਲਾਠੀਚਾਰਜ
ਪਟਿਆਲਾ ਦੇ ਸਮਾਣਾ ਵਿੱਚ ਕਈ ਵਾਰਡਾਂ ਵਿੱਚ ਤਣਾਅਪੂਰਨ ਮਾਹੌਲ ਬਣ ਗਿਆ। ਵਾਰਡ ਨੰਬਰ 15 ਵਿੱਚ ਬੂਥ ਕਬਜ਼ੇ ਦੇ ਦੋਸ਼ਾਂ ਤੋਂ ਬਾਅਦ ਆਮ ਆਦਮੀ ਪਾਰਟੀ ਅਤੇ ਵਿਰੋਧੀ ਧਿਰ ਦੇ ਸਮਰਥਕਾਂ ਵਿਚਕਾਰ ਝੜਪ ਹੋ ਗਈ। ਮਾਮਲਾ ਇੰਨਾ ਵੱਧ ਗਿਆ ਕਿ ਪੁਲਿਸ ਅਤੇ ਭੀੜ ਵਿਚਕਾਰ ਪਥਰਾਅ ਹੋਇਆ। ਸਥਿਤੀ ਕਾਬੂ ਕਰਨ ਲਈ ਪੁਲਿਸ ਨੂੰ ਲਾਠੀਚਾਰਜ ਕਰਨਾ ਪਿਆ। ਕੁਝ ਥਾਵਾਂ ’ਤੇ ਹਵਾਈ ਫਾਇਰਿੰਗ ਦੀਆਂ ਵੀ ਖ਼ਬਰਾਂ ਸਾਹਮਣੇ ਆਈਆਂ। ਇਸ ਦੌਰਾਨ ਇੱਕ ਨੌਜਵਾਨ ਨੂੰ ਕਰੰਟ ਲੱਗਣ ਦੀ ਘਟਨਾ ਵੀ ਵਾਪਰੀ।
ਲੁਧਿਆਣਾ ਦੇ ਰਾਏਕੋਟ ਵਿੱਚ ਕਾਂਗਰਸ ਨੇ ਦੋਸ਼ ਲਾਇਆ ਕਿ ਆਪ ਵਿਧਾਇਕ ਹਾਕਮ ਠੇਕੇਦਾਰ ਦੇ ਸਮਰਥਕਾਂ ਨੇ ਵਾਰਡ ਨੰਬਰ 4 ਤੋਂ ਕਾਂਗਰਸੀ ਉਮੀਦਵਾਰ ਜਗਦੇਵ ਸਿੰਘ ਜੱਗਾ ’ਤੇ ਜਾਨਲੇਵਾ ਹਮਲਾ ਕੀਤਾ। ਹਮਲੇ ਵਿੱਚ ਗੰਭੀਰ ਜ਼ਖ਼ਮੀ ਹੋਏ ਜੱਗਾ ਨੂੰ ਪਹਿਲਾਂ ਸਥਾਨਕ ਹਸਪਤਾਲ ਅਤੇ ਬਾਅਦ ਵਿੱਚ ਡੀਐਮਸੀ ਲੁਧਿਆਣਾ ਰੈਫਰ ਕੀਤਾ ਗਿਆ।
ਬਰਨਾਲਾ ਵਿੱਚ ਭਾਜਪਾ ਉਮੀਦਵਾਰ ਦੀਪਇੰਦਰ ਕੌਰ ਦੇ ਪਤੀ ਜਸਵੀਰ ਸਿੰਘ ’ਤੇ ਹਮਲੇ ਦਾ ਮਾਮਲਾ ਸਾਹਮਣੇ ਆਇਆ। ਜਸਵੀਰ ਸਿੰਘ ਨੇ ਦੋਸ਼ ਲਾਇਆ ਕਿ ਆਪ ਨਾਲ ਜੁੜੇ ਕੁਝ ਬਾਹਰੀ ਲੋਕ ਫਰਜ਼ੀ ਵੋਟਾਂ ਪਵਾ ਰਹੇ ਸਨ। ਜਦੋਂ ਉਨ੍ਹਾਂ ਵਿਰੋਧ ਕੀਤਾ ਤਾਂ ਉਨ੍ਹਾਂ ’ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕੀਤਾ ਗਿਆ ਅਤੇ ਉਨ੍ਹਾਂ ਦੀ ਪੱਗ ਵੀ ਉਤਾਰ ਦਿੱਤੀ ਗਈ।
ਖੰਨਾ ਦੇ ਵਾਰਡ ਨੰਬਰ 15 ਵਿੱਚ ਵੋਟਿੰਗ ਸ਼ੁਰੂ ਹੁੰਦੇ ਹੀ ਕਾਂਗਰਸ ਅਤੇ ਆਪ ਸਮਰਥਕਾਂ ਵਿੱਚ ਤਿੱਖੀ ਬਹਿਸ ਹੋ ਗਈ। ਪੁਲਿਸ ਨੇ ਤੁਰੰਤ ਦਖਲ ਦੇ ਕੇ ਸਥਿਤੀ ਕਾਬੂ ਕੀਤੀ। ਇਸੇ ਤਰ੍ਹਾਂ ਮੋਗਾ ਦੇ ਵਾਰਡ ਨੰਬਰ 41 ਵਿੱਚ ਵੀ ਕਾਂਗਰਸ ਅਤੇ ਆਪ ਸਮਰਥਕਾਂ ਵਿਚਕਾਰ ਝੜਪ ਹੋਈ, ਜਿਸ ਕਾਰਨ ਪੁਲਿਸ ਨੂੰ ਬੂਥ ਨੇੜੇ ਇਕੱਠੇ ਲੋਕਾਂ ਨੂੰ ਹਟਾਉਣਾ ਪਿਆ।
ਅਬੋਹਰ ਵਿੱਚ ਵੋਟਿੰਗ ਦੌਰਾਨ ਹਰਿਆਣਾ ਨੰਬਰ ਦੀ ਇੱਕ ਕਾਰ ਵਿੱਚ ਘੁੰਮ ਰਹੇ ਚਾਰ ਨੌਜਵਾਨਾਂ ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ। ਕਾਰ ’ਤੇ ਐਨ.ਐਸ.ਯੂ.ਆਈ. ਹਨੂੰਮਾਨਗੜ੍ਹ ਦੀ ਨੇਮਪਲੇਟ ਲੱਗੀ ਹੋਈ ਸੀ। ਪੁਲਿਸ ਮੁਤਾਬਕ ਨੌਜਵਾਨ ਆਪਣੇ ਉੱਥੇ ਹੋਣ ਬਾਰੇ ਸੰਤੋਸ਼ਜਨਕ ਜਵਾਬ ਨਹੀਂ ਦੇ ਸਕੇ, ਜਿਸ ਤੋਂ ਬਾਅਦ ਗੱਡੀ ਜ਼ਬਤ ਕਰ ਲਈ ਗਈ।
ਫਰੀਦਕੋਟ ਵਿੱਚ ਆਪ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਨੇ ਭਾਜਪਾ ਆਗੂ ਸੰਨੀ ਬਰਾੜ ’ਤੇ ਆਚਾਰ ਸੰਹਿਤਾ ਦੀ ਉਲੰਘਣਾ ਦੇ ਦੋਸ਼ ਲਗਾਏ। ਉਨ੍ਹਾਂ ਕਿਹਾ ਕਿ ਭਾਜਪਾ ਵੱਲੋਂ ਵੋਟਰਾਂ ਨੂੰ ਪੋਲਿੰਗ ਬੂਥ ਤੱਕ ਲਿਆਉਣ ਲਈ ਆਰਮੀ ਸਕੂਲ ਦੀ ਬੱਸ ਵਰਤੀ ਜਾ ਰਹੀ ਸੀ। ਇਸ ਮਾਮਲੇ ਨੂੰ ਲੈ ਕੇ ਦੋਵਾਂ ਧਿਰਾਂ ਵਿਚਕਾਰ ਤਣਾਅ ਬਣ ਗਿਆ।
ਬਠਿੰਡਾ ਵਿੱਚ ਫਾਇਰਿੰਗ ਅਤੇ ਭਾਜਪਾ ਆਗੂ ਜ਼ਖ਼ਮੀ
ਬਠਿੰਡਾ ਵਿੱਚ ਵੋਟਿੰਗ ਸਮਾਪਤ ਹੋਣ ਤੋਂ ਬਾਅਦ ਭਾਜਪਾ ਅਤੇ ਆਪ ਸਮਰਥਕਾਂ ਵਿੱਚ ਝੜਪ ਹੋ ਗਈ। ਇਸ ਦੌਰਾਨ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸਰੂਪ ਚੰਦ ਸਿੰਗਲਾ ਜ਼ਖ਼ਮੀ ਹੋ ਗਏ। ਉਨ੍ਹਾਂ ਨੂੰ ਬਚਾਉਣ ਲਈ ਸਮਰਥਕਾਂ ਵੱਲੋਂ ਹਵਾਈ ਫਾਇਰਿੰਗ ਕਰਨ ਦੀ ਵੀ ਖ਼ਬਰ ਸਾਹਮਣੇ ਆਈ।
ਮਜੀਠਾ ਵਿੱਚ ਮਜੀਠੀਆ ਅਤੇ ਐੱਸਐੱਸਪੀ ਵਿਚਕਾਰ ਤਿੱਖੀ ਬਹਿਸ
ਅੰਮ੍ਰਿਤਸਰ ਦੇ ਮਜੀਠਾ ਵਿੱਚ ਅਕਾਲੀ ਆਗੂ ਬਿਕਰਮ ਮਜੀਠੀਆ ਅਤੇ ਦੇਹਾਤੀ ਐੱਸਐੱਸਪੀ ਸੁਹੈਲ ਕਾਸਿਮ ਮੀਰ ਵਿਚਕਾਰ ਤਿੱਖੀ ਬਹਿਸ ਹੋਈ। ਮਜੀਠੀਆ ਨੇ ਦੋਸ਼ ਲਾਇਆ ਕਿ ਆਪ ਸਮਰਥਕਾਂ ਨੇ ਪੁਲਿਸ ਦੀ ਮੌਜੂਦਗੀ ਵਿੱਚ ਇੱਕ ਸਿੱਖ ਨੌਜਵਾਨ ਦੀ ਪੱਗ ਉਤਾਰ ਕੇ ਉਸ ਨਾਲ ਕੁੱਟਮਾਰ ਕੀਤੀ।
ਲੁਧਿਆਣਾ ਦੇ ਜਗਰਾਓਂ ਵਿੱਚ ਸੋਸ਼ਲ ਮੀਡੀਆ ਇੰਫਲੂਐਂਸਰ ਸੁਖਵਿੰਦਰ ’ਤੇ ਹਮਲਾ ਹੋਇਆ, ਜਿਸ ਵਿੱਚ ਉਸਦਾ ਕੈਮਰਾਮੈਨ ਚਾਕੂ ਲੱਗਣ ਕਾਰਨ ਜ਼ਖ਼ਮੀ ਹੋ ਗਿਆ। ਇਹ ਘਟਨਾ ਆਪ ਵਿਧਾਇਕ ਸਰਬਜੀਤ ਕੌਰ ਮਾਣੂੰਕੇ ਨਾਲ ਹੋਈ ਬਹਿਸ ਤੋਂ ਕੁਝ ਸਮੇਂ ਬਾਅਦ ਵਾਪਰੀ। ਇਸ ਮਾਮਲੇ ’ਤੇ ਕਾਂਗਰਸ ਨੇ ਰੋਸ ਪ੍ਰਦਰਸ਼ਨ ਵੀ ਕੀਤਾ।
ਇਸ ਦੌਰਾਨ ਸੰਗਰੂਰ ਵਿੱਚ ਪੁਲਿਸ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਸਾਬਕਾ ਓਐੱਸਡੀ ਓਂਕਾਰ ਸਿੰਘ ਬਰਾੜ ਨੂੰ ਹਿਰਾਸਤ ਵਿੱਚ ਲੈ ਲਿਆ। ਉਹ ਕੁਝ ਸਮਾਂ ਪਹਿਲਾਂ ਹੀ ਆਪ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋਏ ਸਨ। ਉੱਥੇ ਹੀ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਨੂੰ ਧੂਰੀ ਵਿੱਚ ਰੋਕ ਲਿਆ ਗਿਆ ਜਦੋਂ ਉਹ ਇੱਕ ਉਮੀਦਵਾਰ ਨਾਲ ਹੋਈ ਕੁੱਟਮਾਰ ਤੋਂ ਬਾਅਦ ਮਿਲਣ ਜਾ ਰਹੇ ਸਨ।
ਪੰਜਾਬ ਦੇ ਚੋਣ ਕਮਿਸ਼ਨਰ ਰਾਜਕਮਲ ਚੌਧਰੀ ਨੇ ਕਿਹਾ ਕਿ ਲੁਧਿਆਣਾ ਦੀ ਘਟਨਾ ਸਬੰਧੀ ਐੱਫਆਈਆਰ ਦਰਜ ਕਰ ਲਈ ਗਈ ਹੈ। ਚੋਣਾਂ ਬੈਲਟ ਪੇਪਰ ਰਾਹੀਂ ਕਰਵਾਈਆਂ ਗਈਆਂ ਹਨ। ਸਾਰੇ ਇਲਾਕਿਆਂ ਤੋਂ ਪੂਰਾ ਵੇਰਵਾ ਮਿਲਣ ਤੋਂ ਬਾਅਦ ਵਿਸਥਾਰਪੂਰਵਕ ਰਿਪੋਰਟ ਜਾਰੀ ਕੀਤੀ ਜਾਵੇਗੀ।
ਹਿੰਦੂਸਥਾਨ ਸਮਾਚਾਰ / GURSHARAN SINGH