
ਚੰਡੀਗੜ੍ਹ, 26 ਮਈ (ਹਿੰ.ਸ.)| ਸ਼੍ਰੋਮਣੀ ਅਕਾਲੀ ਦਲ ਨੇ ਗਿੱਦੜਬਾਹਾ ਤੋਂ ਵਿਧਾਇਕ ਹਰਦੀਪ ਸਿੰਘ ਡਿੰਪੀ ਢਿੱਲੋਂ ਅਤੇ ਉਨ੍ਹਾਂ ਦੇ ਸਾਥੀਆਂ ’ਤੇ ਮਿਉਂਸਪਲ ਚੋਣਾਂ ਦੌਰਾਨ ਬੂਥ ਕਬਜ਼ੇ, ਧਮਕੀਆਂ, ਹਮਲੇ ਅਤੇ ਚੋਣ ਪ੍ਰਕਿਰਿਆ ਵਿੱਚ ਦਖਲਅੰਦਾਜ਼ੀ ਕਰਨ ਦੇ ਗੰਭੀਰ ਦੋਸ਼ ਲਗਾਏ ਹਨ। ਪਾਰਟੀ ਨੇ ਇਸ ਸਬੰਧੀ ਸੂਬਾ ਚੋਣ ਕਮਿਸ਼ਨਰ ਕੋਲ ਫੌਜਦਾਰੀ ਸ਼ਿਕਾਇਤ ਦਰਜ ਕਰਵਾ ਕੇ ਤੁਰੰਤ ਐਫਆਈਆਰ ਦਰਜ ਕਰਨ ਦੀ ਮੰਗ ਕੀਤੀ ਹੈ। ਅਕਾਲੀ ਦਲ ਦੇ ਮੁੱਖ ਬੁਲਾਰੇ ਅਤੇ ਲੀਗਲ ਸੈੱਲ ਦੇ ਚੇਅਰਮੈਨ ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਨੇ ਕਿਹਾ ਕਿ ਗਿੱਦੜਬਾਹਾ ਦੇ ਵਾਰਡ ਨੰਬਰ 18 ਅਤੇ 19 ਵਿੱਚ ਡੀਏਵੀ ਯੈਸ਼ ਸਕੂਲ ਸਥਿਤ ਪੋਲਿੰਗ ਬੂਥਾਂ ’ਤੇ ਗੰਭੀਰ ਗੜਬੜੀਆਂ ਹੋਈਆਂ। ਉਨ੍ਹਾਂ ਦੋਸ਼ ਲਾਇਆ ਕਿ ਵਿਧਾਇਕ ਡਿੰਪੀ ਢਿੱਲੋਂ, ਉਨ੍ਹਾਂ ਦੇ ਪੀਏ ਜਗਤਾਰ ਸਿੰਘ ਅਤੇ ਆਮ ਆਦਮੀ ਪਾਰਟੀ ਦੇ ਸਮਰਥਕਾਂ ਨੇ ਜ਼ਬਰਦਸਤੀ ਬੂਥਾਂ ’ਤੇ ਕਬਜ਼ਾ ਕਰਨ ਅਤੇ ਚੋਣ ਪ੍ਰਕਿਰਿਆ ਵਿੱਚ ਦਖਲ ਦੇਣ ਦੀ ਕੋਸ਼ਿਸ਼ ਕੀਤੀ।
ਐਡਵੋਕੇਟ ਕਲੇਰ ਨੇ ਕਿਹਾ ਕਿ ਡੀਐਸਪੀ ਜਤਿੰਦਰ ਸਿੰਘ ਮੌਕੇ ’ਤੇ ਮੌਜੂਦ ਹੋਣ ਦੇ ਬਾਵਜੂਦ ਗੈਰਕਾਨੂੰਨੀ ਗਤੀਵਿਧੀਆਂ ਨੂੰ ਰੋਕਣ ਲਈ ਕੋਈ ਕਾਰਵਾਈ ਨਹੀਂ ਕੀਤੀ ਗਈ। ਉਨ੍ਹਾਂ ਦੋਸ਼ ਲਾਇਆ ਕਿ ਇਹ ਫਰਜ਼ ਵਿੱਚ ਲਾਪਰਵਾਹੀ ਅਤੇ ਦੋਸ਼ੀਆਂ ਨੂੰ ਸੁਰੱਖਿਆ ਦੇਣ ਦੇ ਬਰਾਬਰ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਕੋਟਭਾਈ ਥਾਣੇ ਵਿੱਚ ਤਾਇਨਾਤ ਏਐਸਆਈ ਕੁਲਦੀਪ ਸਿੰਘ ਵੀ ਮੌਕੇ ’ਤੇ ਸਰਗਰਮ ਰਿਹਾ ਅਤੇ ਇੱਕ ਪੁਲਿਸ ਅਧਿਕਾਰੀ ਵਜੋਂ ਨਿਰਪੱਖ ਭੂਮਿਕਾ ਨਿਭਾਉਣ ਦੀ ਬਜਾਏ ਆਪ ਆਗੂਆਂ ਅਤੇ ਵਰਕਰਾਂ ਦੀ ਮਦਦ ਕਰਦਾ ਨਜ਼ਰ ਆਇਆ। ਕਲੇਰ ਮੁਤਾਬਕ, ਉਸਨੂੰ ਵਿਰੋਧੀ ਧਿਰ ਦੇ ਆਗੂਆਂ ਨੂੰ ਧਮਕਾਉਂਦੇ ਅਤੇ ਹਮਲੇ ਕਰਦੇ ਵੀ ਦੇਖਿਆ ਗਿਆ। ਪਾਰਟੀ ਵੱਲੋਂ ਇਸ ਸਬੰਧੀ ਵੀਡੀਓ ਸਬੂਤ ਵੀ ਚੋਣ ਕਮਿਸ਼ਨ ਨੂੰ ਸੌਂਪੇ ਗਏ ਹਨ।
ਅਕਾਲੀ ਦਲ ਨੇ ਮੰਗ ਕੀਤੀ ਹੈ ਕਿ ਮਾਮਲੇ ਦੀ ਉੱਚ ਪੱਧਰੀ ਜਾਂਚ ਕਰਵਾਈ ਜਾਵੇ ਅਤੇ ਹਰਦੀਪ ਸਿੰਘ ਡਿੰਪੀ ਢਿੱਲੋਂ, ਜਗਤਾਰ ਸਿੰਘ, ਏਐਸਆਈ ਕੁਲਦੀਪ ਸਿੰਘ ਅਤੇ ਹੋਰ ਸ਼ਾਮਲ ਲੋਕਾਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ। ਪਾਰਟੀ ਨੇ ਏਐਸਆਈ ਕੁਲਦੀਪ ਸਿੰਘ ਨੂੰ ਤੁਰੰਤ ਮੁਅੱਤਲ ਕਰਨ ਅਤੇ ਡੀਐਸਪੀ ਜਤਿੰਦਰ ਸਿੰਘ ਖ਼ਿਲਾਫ਼ ਵੀ ਵਿਭਾਗੀ ਕਾਰਵਾਈ ਦੀ ਮੰਗ ਕੀਤੀ ਹੈ।
ਹਿੰਦੂਸਥਾਨ ਸਮਾਚਾਰ / GURSHARAN SINGH