
ਪਠਾਨਕੋਟ, 26 ਮਈ (ਹਿੰ.ਸ.)| ਭਾਰਤੀ ਫੌਜ ਅਤੇ ਅਰਧਸੈਨਿਕ ਬਲਾਂ ਦੀ ਗੁਪਤ ਜਾਣਕਾਰੀ ਸੀਸੀਟੀਵੀ ਕੈਮਰਿਆਂ ਰਾਹੀਂ ਪਾਕਿਸਤਾਨ ਭੇਜਣ ਦੇ ਮਾਮਲੇ ਵਿੱਚ ਪਠਾਨਕੋਟ ਪੁਲਿਸ ਨੇ ਵੱਡੀ ਕਾਰਵਾਈ ਕਰਦਿਆਂ ਗੁਰਦਾਸਪੁਰ ਤੋਂ 3 ਹੋਰ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਵਿੱਚ ਮੁੱਖ ਦੋਸ਼ੀ ਬਲਜੀਤ ਸਿੰਘ ਉਰਫ਼ ਬੀਤੂ ਦਾ ਸੱਗਾ ਭਰਾ ਹਰਦੀਪ ਸਿੰਘ ਵੀ ਸ਼ਾਮਲ ਹੈ। ਪੁਲਿਸ ਮੁਤਾਬਕ ਇਹ ਸਾਰੇ ਦੋਸ਼ੀ ਪਾਕਿਸਤਾਨ ਸਥਿਤ ਆਈਐਸਆਈ ਹੈਂਡਲਰਾਂ ਅਤੇ ਦੇਸ਼ ਵਿਰੋਧੀ ਤਾਕਤਾਂ ਨਾਲ ਸੰਪਰਕ ਵਿੱਚ ਸਨ। ਹਰਦੀਪ ਸਿੰਘ ’ਤੇ ਦੋਸ਼ ਹੈ ਕਿ ਉਸਨੇ ਪੁਲਿਸ ਤੋਂ ਬਚਣ ਲਈ ਮੁੱਖ ਦੋਸ਼ੀ ਦਾ ਮੋਬਾਈਲ ਲੁਕਾਉਣ ਦੀ ਕੋਸ਼ਿਸ਼ ਕੀਤੀ, ਪਰ ਪੁਲਿਸ ਨੇ ਉਸਨੂੰ ਵੀ ਕਾਬੂ ਕਰ ਲਿਆ।
ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਇਹ ਨੈੱਟਵਰਕ ਸੁਜਾਨਪੁਰ ਨੇੜੇ ਐਨਐਸ-44 ’ਤੇ ਸਥਿਤ ਇੱਕ ਦੁਕਾਨ ’ਤੇ ਲਗੇ ਸੀਸੀਟੀਵੀ ਕੈਮਰਿਆਂ ਰਾਹੀਂ ਭਾਰਤੀ ਫੌਜ ਅਤੇ ਅਰਧਸੈਨਿਕ ਬਲਾਂ ਦੀਆਂ ਲਾਈਵ ਮੂਵਮੈਂਟਾਂ ਰਿਕਾਰਡ ਕਰਕੇ ਪਾਕਿਸਤਾਨ ਭੇਜ ਰਿਹਾ ਸੀ। ਇਹ ਜਾਣਕਾਰੀ ਇੰਟਰਨੈੱਟ ਰਾਹੀਂ ਸਿੱਧੀ ਆਈਐਸਆਈ ਹੈਂਡਲਰਾਂ ਤੱਕ ਪਹੁੰਚਾਈ ਜਾ ਰਹੀ ਸੀ। ਹੁਣ ਤੱਕ ਇਸ ਮਾਮਲੇ ਵਿੱਚ ਕੁੱਲ 5 ਦੋਸ਼ੀ ਗ੍ਰਿਫ਼ਤਾਰ ਕੀਤੇ ਜਾ ਚੁੱਕੇ ਹਨ, ਜਦਕਿ ਇੱਕ ਦੋਸ਼ੀ ਫਰਾਰ ਹੈ ਅਤੇ 2 ਪਹਿਲਾਂ ਹੀ ਜੇਲ੍ਹ ਵਿੱਚ ਹਨ।
ਸੁਰੱਖਿਆ ਏਜੰਸੀਆਂ ਨੂੰ ਮਿਲੀ ਗੁਪਤ ਸੂਚਨਾ ਤੋਂ ਬਾਅਦ 21 ਮਈ ਨੂੰ ਸੁਜਾਨਪੁਰ ਥਾਣੇ ਵਿੱਚ ਮਾਮਲਾ ਦਰਜ ਕੀਤਾ ਗਿਆ ਸੀ। ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਕਿ ਇਹ ਸਾਰੀ ਕਾਰਵਾਈ ਦੇਸ਼ ਦੀ ਸੁਰੱਖਿਆ ਅਤੇ ਸੰਪ੍ਰਭੁਤਾ ਲਈ ਗੰਭੀਰ ਖ਼ਤਰਾ ਸੀ। ਪੁਲਿਸ ਅਤੇ ਖੁਫੀਆ ਏਜੰਸੀਆਂ ਵੱਲੋਂ ਹੁਣ ਗ੍ਰਿਫ਼ਤਾਰ ਦੋਸ਼ੀਆਂ ਤੋਂ ਸਾਂਝੀ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਪੂਰੇ ਨੈੱਟਵਰਕ ਦੀ ਕੜੀ ਤਲਾਸ਼ ਜਾਰੀ ਹੈ।
ਹਿੰਦੂਸਥਾਨ ਸਮਾਚਾਰ / GURSHARAN SINGH