ਪਾਰਟੀ ਸੰਗਠਨ ਨੂੰ ਮਜ਼ਬੂਤ ਕਰਨ ਲਈ ਮਿਹਨਤੀ ਅਤੇ ਇਮਾਨਦਾਰ ਆਗੂਆਂ ਨੂੰ ਅੱਗੇ ਲਿਆਉਣਾ ਸਮੇਂ ਦੀ ਮੁੱਖ ਲੋੜ : ਸਿੱਧੂ
ਨਰਿੰਦਰ ਪਾਲ ਸਿੰਘ ਨੂੰ ਸੌਂਪਿਆ ਓ.ਬੀ.ਸੀ. ਸੈੱਲ ਜ਼ਿਲ੍ਹਾ ਉਪ ਪ੍ਰਧਾਨ ਦਾ ਨਿਯੁਕਤੀ ਪੱਤਰ
ਨਰਿੰਦਰ ਪਾਲ ਸਿੰਘ ਨੂੰ ਓ.ਬੀ.ਸੀ. ਸੈੱਲ ਦੇ ਜ਼ਿਲ੍ਹਾ ਉਪ ਪ੍ਰਧਾਨ ਦਾ ਨਿਯੁਕਤੀ ਪੱਤਰ ਸੌਂਪਦੇ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ


ਐੱਸ.ਏ.ਐੱਸ. ਨਗਰ (ਮੋਹਾਲੀ), 23 ਜੂਨ (ਹਿੰ.ਸ.)। ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਦਿਸ਼ਾ-ਨਿਰਦੇਸ਼ਾਂ ਅਤੇ ਪਾਰਟੀ ਹਾਈਕਮਾਂਡ ਦੀ ਸੋਚ 'ਤੇ ਪਹਿਰਾ ਦਿੰਦੇ ਹੋਏ, ਪੰਜਾਬ ਦੇ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਵੱਲੋਂ ਵਿਸ਼ੇਸ਼ ਪ੍ਰੋਗਰਾਮ ਦੌਰਾਨ ਸੀਨੀਅਰ ਆਗੂ ਨਰਿੰਦਰ ਪਾਲ ਸਿੰਘ ਜੀ ਨੂੰ ਓ.ਬੀ.ਸੀ. ਸੈੱਲ ਦੇ ਜ਼ਿਲ੍ਹਾ ਉਪ ਪ੍ਰਧਾਨ ਵਜੋਂ ਨਿਯੁਕਤੀ ਪੱਤਰ ਸੌਂਪਿਆ ਗਿਆ। ਇਹ ਨਿਯੁਕਤੀ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਜੀ ਦੇ ਦਿਸ਼ਾ-ਨਿਰਦੇਸ਼ਾਂ ਹੇਠ ਪਾਰਟੀ ਦੇ ਢਾਂਚੇ ਨੂੰ ਜ਼ਮੀਨੀ ਪੱਧਰ 'ਤੇ ਹੋਰ ਵਧੇਰੇ ਸਰਗਰਮ ਅਤੇ ਮਜ਼ਬੂਤ ਕਰਨ ਦੇ ਮਕਸਦ ਨਾਲ ਕੀਤੀ ਗਈ ਹੈ। ਨਿਯੁਕਤੀ ਪੱਤਰ ਸੌਂਪਣ ਦੇ ਮੌਕੇ 'ਤੇ ਓ.ਬੀ.ਸੀ. ਸੈੱਲ ਦੇ ਚੇਅਰਮੈਨ ਰਾਜਿੰਦਰ ਸਿੰਘ ਧਰਮਗੜ੍ਹ ਜੀ ਵਿਸ਼ੇਸ਼ ਤੌਰ 'ਤੇ ਹਾਜ਼ਰ ਰਹੇ।

ਇਸ ਮੌਕੇ ਸੰਬੋਧਨ ਕਰਦਿਆਂ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਕਾਂਗਰਸ ਪਾਰਟੀ ਹਮੇਸ਼ਾ ਹੀ ਹਰ ਵਰਗ ਦੇ ਮਿਹਨਤੀ, ਇਮਾਨਦਾਰ ਅਤੇ ਵਫ਼ਾਦਾਰ ਆਗੂਆਂ ਦਾ ਸਨਮਾਨ ਕਰਦੀ ਆਈ ਹੈ। ਉਨ੍ਹਾਂ ਕਿਹਾ ਕਿ ਅੱਜ ਦੇ ਸਿਆਸੀ ਦੌਰ ਵਿੱਚ ਜਿੱਥੇ ਸੰਗਠਨ ਨੂੰ ਲੋਕਾਂ ਦੀਆਂ ਉਮੀਦਾਂ 'ਤੇ ਖਰ੍ਹੇ ਉਤਰਨ ਵਾਲੇ ਆਗੂਆਂ ਦੀ ਲੋੜ ਹੈ, ਉੱਥੇ ਹੀ ਨਰਿੰਦਰ ਪਾਲ ਸਿੰਘ ਵਰਗੇ ਸੁਲਝੇ ਹੋਏ ਆਗੂ ਨੂੰ ਇਹ ਅਹਿਮ ਜ਼ਿੰਮੇਵਾਰੀ ਮਿਲਣ ਨਾਲ ਜ਼ਿਲ੍ਹੇ ਅੰਦਰ ਪਾਰਟੀ ਗਤੀਵਿਧੀਆਂ ਨੂੰ ਹੋਰ ਬਲ ਮਿਲੇਗਾ।

ਸਿੱਧੂ ਨੇ ਨਵ-ਨਿਯੁਕਤ ਜ਼ਿਲ੍ਹਾ ਉਪ ਪ੍ਰਧਾਨ ਨਰਿੰਦਰ ਪਾਲ ਸਿੰਘ ਨੂੰ ਇਸ ਮਹੱਤਵਪੂਰਨ ਜ਼ਿੰਮੇਵਾਰੀ ਲਈ ਦਿਲੋਂ ਵਧਾਈਆਂ ਦਿੱਤੀਆਂ। ਉਨ੍ਹਾਂ ਉਮੀਦ ਜਤਾਈ ਕਿ ਉਹ ਪਾਰਟੀ ਵੱਲੋਂ ਸੌਂਪੀ ਗਈ ਇਸ ਜ਼ਿੰਮੇਵਾਰੀ ਨੂੰ ਪੂਰੀ ਮਿਹਨਤ, ਦਿੜ੍ਹਤਾ, ਇਮਾਨਦਾਰੀ ਅਤੇ ਸਮਰਪਣ ਭਾਵਨਾ ਨਾਲ ਨਿਭਾਉਣਗੇ। ਉਨ੍ਹਾਂ ਕਿਹਾ, ਮੈਨੂੰ ਪੂਰਾ ਵਿਸ਼ਵਾਸ ਹੈ ਕਿ ਨਰਿੰਦਰ ਪਾਲ ਸਿੰਘ ਜੀ ਓ.ਬੀ.ਸੀ. ਭਾਈਚਾਰੇ ਦੀਆਂ ਸਮੱਸਿਆਵਾਂ ਨੂੰ ਪ੍ਰਮੁੱਖਤਾ ਨਾਲ ਚੁੱਕਣਗੇ ਅਤੇ ਪਾਰਟੀ ਦੇ ਸੰਗਠਨ ਨੂੰ ਪਹਿਲਾਂ ਨਾਲੋਂ ਵੀ ਵਧੇਰੇ ਮਜ਼ਬੂਤ ਕਰਨ ਵਿੱਚ ਆਪਣਾ ਅਹਿਮ ਤੇ ਵਡਮੁੱਲਾ ਯੋਗਦਾਨ ਪਾਉਣਗੇ।

ਇਸ ਮੌਕੇ ਵਿਸ਼ੇਸ਼ ਤੌਰ 'ਤੇ ਪਹੁੰਚੇ ਓ.ਬੀ.ਸੀ. ਸੈੱਲ ਦੇ ਚੇਅਰਮੈਨ ਰਾਜਿੰਦਰ ਸਿੰਘ ਧਰਮਗੜ੍ਹ ਨੇ ਵੀ ਨਵ-ਨਿਯੁਕਤ ਅਹੁਦੇਦਾਰ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਕਿਹਾ ਕਿ ਰਾਜਾ ਵੜਿੰਗ ਦੀ ਅਗਵਾਈ ਹੇਠ ਪੰਜਾਬ ਕਾਂਗਰਸ ਲਗਾਤਾਰ ਹਰ ਵਰਗ ਨੂੰ ਬਰਾਬਰ ਨੁਮਾਇੰਦਗੀ ਦੇ ਰਹੀ ਹੈ। ਓ.ਬੀ.ਸੀ. ਸੈੱਲ ਆਉਣ ਵਾਲੇ ਸਮੇਂ ਵਿੱਚ ਪੰਜਾਬ ਦੇ ਹਰ ਜ਼ਿਲ੍ਹੇ, ਹਲਕੇ ਅਤੇ ਪਿੰਡ ਪੱਧਰ ਤੱਕ ਪਹੁੰਚ ਕਰਕੇ ਪਾਰਟੀ ਦੀਆਂ ਨੀਤੀਆਂ ਦਾ ਪ੍ਰਚਾਰ ਕਰੇਗਾ।

ਨਿਯੁਕਤੀ ਤੋਂ ਬਾਅਦ ਨਰਿੰਦਰ ਪਾਲ ਸਿੰਘ ਨੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਸਾਬਕਾ ਮੰਤਰੀ ਬਲਬੀਰ ਸਿੰਘ ਸਿੱਧੂ ਅਤੇ ਚੇਅਰਮੈਨ ਰਾਜਿੰਦਰ ਸਿੰਘ ਧਰਮਗੜ੍ਹ ਦਾ ਧੰਨਵਾਦ ਕੀਤਾ। ਉਨ੍ਹਾਂ ਹਾਈਕਮਾਂਡ ਨੂੰ ਭਰੋਸਾ ਦਿਵਾਇਆ ਕਿ ਉਹ ਉਨ੍ਹਾਂ 'ਤੇ ਜਤਾਏ ਗਏ ਭਰੋਸੇ ਨੂੰ ਟੁੱਟਣ ਨਹੀਂ ਦੇਣਗੇ ਅਤੇ ਦਿਨ-ਰਾਤ ਇੱਕ ਕਰਕੇ ਪਾਰਟੀ ਦੀ ਮਜ਼ਬੂਤੀ ਲਈ ਕੰਮ ਕਰਨਗੇ।

ਇਸ ਮੌਕੇ ਇਲਾਕੇ ਦੇ ਕਈ ਪ੍ਰਮੁੱਖ ਕਾਂਗਰਸੀ ਆਗੂ, ਪੰਚ-ਸਰਪੰਚ ਅਤੇ ਵੱਡੀ ਗਿਣਤੀ ਵਿੱਚ ਵਰਕਰ ਹਾਜ਼ਰ ਸਨ, ਜਿਨ੍ਹਾਂ ਨੇ ਨਵ-ਨਿਯੁਕਤ ਉਪ ਪ੍ਰਧਾਨ ਦਾ ਮੂੰਹ ਮਿੱਠਾ ਕਰਵਾ ਕੇ ਖੁਸ਼ੀ ਦਾ ਇਜ਼ਹਾਰ ਕੀਤਾ।

ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ


 rajesh pande