ਐਸ.ਐਸ.ਪੀ. ਖੰਨਾ ਦਾ ਸਖ਼ਤ ਹੁਕਮ, ਕਾਲੀਆਂ ਫਿਲਮਾਂ, ਜਾਲੀਆਂ ਤੇ ਗੈਰ-ਕਾਨੂੰਨੀ ਹੂਟਰਾਂ ਵਾਲੇ ਵਾਹਨ ਹੋਣਗੇ ਜ਼ਬਤ
ਕਾਲੀਆਂ ਫਿਲਮਾਂ ਤੇ ਜਾਲੀਆਂ ਲਾਉਣ ਵਾਲੇ 85 ਵਹੀਕਲਾਂ ਦੇ ਚਾਲਾਨ
ਐਸ.ਐਸ.ਪੀ ਡਾ. ਦਰਪਣ ਆਹਲੂਵਾਲੀਆ


ਖੰਨਾ,24 ਜੂਨ (ਹਿੰ.ਸ.)। ਪੁਲਿਸ ਜ਼ਿਲ੍ਹਾ ਖੰਨਾ ਵਿੱਚ ਕਾਨੂੰਨ ਵਿਵਸਥਾ ਨੂੰ ਹੋਰ ਮਜ਼ਬੂਤ ਬਣਾਉਣ ਅਤੇ ਅਪਰਾਧਿਕ ਗਤੀਵਿਧੀਆਂ 'ਤੇ ਨਕੇਲ ਕਸਣ ਲਈ ਐਸ.ਐਸ.ਪੀ ਡਾ. ਦਰਪਣ ਆਹਲੂਵਾਲੀਆ ਵੱਲੋਂ ਇੱਕ ਅਹਿਮ ਅਤੇ ਲੋਕ ਹਿੱਤ ਵਿੱਚ ਫੈਸਲਾ ਲਿਆ ਗਿਆ ਹੈ। ਉਨ੍ਹਾਂ ਵੱਲੋਂ ਜ਼ਿਲ੍ਹੇ ਦੇ ਸਮੂਹ ਪੁਲਿਸ ਅਫ਼ਸਰਾਂ ਨੂੰ ਸਖ਼ਤ ਹਦਾਇਤਾਂ ਜਾਰੀ ਕਰਦਿਆਂ ਕਾਲੀਆਂ ਫਿਲਮਾਂ, ਗੈਰ-ਕਾਨੂੰਨੀ ਜਾਲੀਆਂ, ਹੂਟਰਾਂ ਅਤੇ ਲਾਲ ਬੱਤੀਆਂ ਵਾਲੇ ਵਾਹਨਾਂ ਖ਼ਿਲਾਫ਼ ਵਿਸ਼ੇਸ਼ ਮੁਹਿੰਮ ਚਲਾਉਣ ਦੇ ਆਦੇਸ਼ ਦਿੱਤੇ ਗਏ ਹਨ। ਐਸ.ਐਸ.ਪੀ ਦੇ ਇਹ ਹੁਕਮ ਸਰਕਾਰੀ ਅਫਸਰਾਂ ਤੇ ਮੁਲਾਜ਼ਮਾਂ ਲਈ ਵੀ ਲਾਗੂ ਹੋਣਗੇ ਅਤੇ ਜੇਕਰ ਕਿਸੇ ਨੇ ਵੀ ਉਲੰਘਣਾ ਕੀਤੀ ਤਾਂ ਉਸ ਖਿਲਾਫ ਕਾਰਵਾਈ ਹੋਵੇਗੀ।

ਐਸ.ਐਸ.ਪੀ ਡਾ. ਦਰਪਣ ਆਹਲੂਵਾਲੀਆ ਨੇ ਆਪਣੇ ਹੁਕਮਾਂ ਵਿੱਚ ਸਪੱਸ਼ਟ ਕੀਤਾ ਹੈ ਕਿ ਮੌਜੂਦਾ ਸਮੇਂ ਵਿੱਚ ਕਈ ਸ਼ਰਾਰਤੀ ਅਨਸਰ ਵਾਹਨਾਂ 'ਤੇ ਕਾਲੀਆਂ ਫਿਲਮਾਂ ਅਤੇ ਜਾਲੀਆਂ ਲਗਾ ਕੇ ਅਪਰਾਧਿਕ ਵਾਰਦਾਤਾਂ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕਰਦੇ ਹਨ। ਇਸ ਨਾਲ ਨਾ ਸਿਰਫ਼ ਜਾਂਚ ਏਜੰਸੀਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਸਗੋਂ ਆਮ ਲੋਕਾਂ ਦੀ ਸੁਰੱਖਿਆ ਵੀ ਪ੍ਰਭਾਵਿਤ ਹੁੰਦੀ ਹੈ। ਇਸਨੂੰ ਧਿਆਨ ਵਿੱਚ ਰੱਖਦੇ ਹੋਏ ਉਨ੍ਹਾਂ ਨੇ ਪੂਰੇ ਜ਼ਿਲ੍ਹੇ ਵਿੱਚ ਸਖ਼ਤ ਨਿਗਰਾਨੀ ਦੇ ਨਿਰਦੇਸ਼ ਦਿੱਤੇ ਹਨ।

ਖਾਸ ਗੱਲ ਇਹ ਹੈ ਕਿ ਐਸ.ਐਸ.ਪੀ ਨੇ ਸਿਰਫ਼ ਆਮ ਲੋਕਾਂ ਲਈ ਹੀ ਨਹੀਂ, ਸਗੋਂ ਪੁਲਿਸ ਅਤੇ ਹੋਰ ਸਰਕਾਰੀ ਅਧਿਕਾਰੀਆਂ ਲਈ ਵੀ ਇੱਕ ਸਮਾਨ ਨਿਯਮ ਲਾਗੂ ਕੀਤਾ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਕਿਸੇ ਵੀ ਸਰਕਾਰੀ ਗੱਡੀ 'ਤੇ ਕਾਲੀ ਫਿਲਮ ਜਾਂ ਗੈਰ-ਕਾਨੂੰਨੀ ਜਾਲੀ ਨਹੀਂ ਹੋਣੀ ਚਾਹੀਦੀ। ਜੇਕਰ ਕਿਸੇ ਅਧਿਕਾਰੀ ਜਾਂ ਕਰਮਚਾਰੀ ਦੀ ਸਰਕਾਰੀ ਗੱਡੀ ਵਿੱਚ ਅਜਿਹੀ ਉਲੰਘਣਾ ਪਾਈ ਗਈ ਤਾਂ ਉਸ ਖ਼ਿਲਾਫ਼ ਵੀ ਸਖ਼ਤ ਕਾਰਵਾਈ ਕੀਤੀ ਜਾਵੇਗੀ। ਇਸ ਫੈਸਲੇ ਨੂੰ ਲੋਕਾਂ ਵੱਲੋਂ ਪਾਰਦਰਸ਼ੀ ਅਤੇ ਨਿਰਪੱਖ ਪ੍ਰਸ਼ਾਸਨ ਦੀ ਮਿਸਾਲ ਵਜੋਂ ਦੇਖਿਆ ਜਾ ਰਿਹਾ ਹੈ।

ਐਸ.ਐਸ.ਪੀ ਨੇ ਸਾਰੇ ਥਾਣਾ ਮੁਖੀਆਂ ਨੂੰ ਆਪਣੇ-ਆਪਣੇ ਖੇਤਰਾਂ ਵਿੱਚ ਮੋਬਾਈਲ ਨਾਕਾਬੰਦੀਆਂ ਕਰਨ ਦੇ ਹੁਕਮ ਦਿੱਤੇ ਹਨ। ਇਸ ਦੌਰਾਨ ਕਾਲੀਆਂ ਫਿਲਮਾਂ, ਗੈਰ-ਕਾਨੂੰਨੀ ਜਾਲੀਆਂ, ਹੂਟਰਾਂ ਅਤੇ ਲਾਲ ਬੱਤੀਆਂ ਵਾਲੇ ਵਾਹਨਾਂ ਦੀ ਜਾਂਚ ਕਰਕੇ ਮੋਟਰ ਵਹੀਕਲ ਐਕਟ ਤਹਿਤ ਵੱਧ ਤੋਂ ਵੱਧ ਚਲਾਨ ਕਰਨ ਅਤੇ ਲੋੜ ਪੈਣ 'ਤੇ ਵਾਹਨਾਂ ਨੂੰ ਇੰਪਾਊਂਡ ਕਰਨ ਲਈ ਕਿਹਾ ਗਿਆ ਹੈ। ਐਸ.ਐਸ.ਪੀ ਡਾ. ਦਰਪਣ ਆਹਲੂਵਾਲੀਆ ਨੇ ਦੱਸਿਆ ਕਿ 16 ਤੋਂ 22 ਜੂਨ ਤੱਕ ਖੰਨਾ ਟਰੈਫਿਕ ਪੁਲਿਸ ਵੱਲੋਂ ਕਾਲੀਆਂ ਫਿਲਮਾਂ ਤੇ ਜਾਲੀਆਂ ਲਾਉਣ ਦੇ 85 ਚਾਲਾਨ ਕੀਤੇ ਗਏ। ਪੁਲਿਸ ਦੀਆਂ ਗੱਡੀਆਂ ਵਾਂਗੂੰ ਆਪਣੇ ਵਹੀਕਲਾਂ ਉਪਰ ਲਾਲ-ਨੀਲੀ ਲਾਇਟ ਲਾਉਣ ਵਾਲੇ 4 ਵਹੀਕਲਾਂ ਦੇ ਚਾਲਾਨ ਕੀਤੇ ਗਏ। ਅੱਗੇ ਮੁਹਿੰਮ ਨੂੰ ਹੋਰ ਤੇਜ਼ ਕੀਤਾ ਜਾਵੇਗਾ।

ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ


 rajesh pande