
ਬਠਿੰਡਾ,24 ਜੂਨ (ਹਿੰ.ਸ.)। ਡਾਇਰੈਕਟਰ ਡਾ. ਗੁਰਜੀਤ ਸਿੰਘ ਬਰਾੜ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਹੇਠ ਡਾ. ਪ੍ਰਭਜੋਤ ਕੌਰ ਜ਼ਿਲ੍ਹਾ ਸਿਖਲਾਈ ਅਫਸਰ, ਬਠਿੰਡਾ ਦੀ ਅਗਵਾਈ ਨਾਲ ਬਲਾਕ ਨਥਾਣਾ ਦੇ ਪਿੰਡ ਭੈਣੀ ਵਿਖੇ ਸਟਾਫ ਦੇ ਸਹਿਯੋਗ ਨਾਲ ਕਿਸਾਨ ਸਿਖਲਾਈ ਕੈਂਪ ਆਯੋਜਿਤ ਕੀਤਾ ਗਿਆ। ਇਸ ਕੈਂਪ ਵਿੱਚ ਡੀਟੀਓ ਵਿੰਗ ਦੀ ਟੀਮ ਨੇ ਭਾਗ ਲਿਆ, ਜਿਸ ਵਿੱਚ ਡਾ. ਹਰਦੀਪ ਸਿੰਘ, (ਵਿਸ਼ਾ ਵਸਤੂ ਮਾਹਿਰ, ਬਠਿੰਡਾ), ਡਾ ਜਸਵਿੰਦਰ ਕੌਰ (ਏਡੀਓ, ਟਰੇਨਿੰਗ) ਅਤੇ ਡਾ. ਯਾਦਵੀਰ ਕੌਰ (ਏਡੀਓ ਡਿਮਾਂਸਟ੍ਰੇਟਰ) ਮੌਜੂਦ ਸਨ।
ਇਸ ਮੌਕੇ ਖੇਤੀ ਮਾਹਿਰਾਂ ਨੇ ਨਰਮਾ, ਝੋਨਾ, ਬਾਸਮਤੀ ਅਤੇ ਮੱਕੀ ਦੀ ਫਸਲ ਸਬੰਧੀ ਜਾਣਕਾਰੀ ਸਾਂਝੀ ਕੀਤੀ। ਇਸ ਮੌਕੇ ਖੇਤੀ ਮਾਹਰਾਂ ਨੇ ਕਿਸਾਨਾਂ ਨੂੰ ਕਿਹਾ ਕਿ ਖਾਦਾਂ ਦੀ ਵਰਤੋਂ ਨੂੰ ਸੰਤੁਲਿਤ ਰੂਪ ਵਿੱਚ ਹੀ ਵਰਤਿਆ ਜਾਵੇ। ਕੈਂਪ ਦੌਰਾਨ ਮਾਹਿਰਾਂ ਨੇ ਦੱਸਿਆ ਕਿ ਜਿਹੜੇ ਕਿਸਾਨ ਵੀਰਾਂ ਨੇ ਇੱਕ ਬੈਗ ਡੀਏਪੀ ਦਾ ਪਿਛਲੀ ਕਣਕ ਚ ਪਾਇਆ ਹੈ ਉਨ੍ਹਾਂ ਨੂੰ ਝੋਨੇ ਵਿੱਚ ਪਾਉਣ ਦੀ ਕੋਈ ਜਰੂਰਤ ਨਹੀਂ। ਇਸ ਦੇ ਨਾਲ ਹੀ ਝੋਨੇ ਦੀ ਫਸਲ ਵਿੱਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ 90 ਕਿਲੋ ਯੂਰੀਆ ਪ੍ਰਤੀ ਏਕੜ ਦੇ ਹਿਸਾਬ ਨਾਲ ਸਿਫਾਰਿਸ਼ ਕੀਤੀ ਗਈ ਹੈ। ਜਿਸ ਨੂੰ ਤਿੰਨ ਬਰਾਬਰ ਕਿਸ਼ਤਾਂ ਰਾਹੀਂ ਝੋਨੇ ਦੀ ਫਸਲ ਵਿੱਚ ਪਾਉਣ ਦੀ ਸਲਾਹ ਦਿੱਤੀ ਜਾਂਦੀ ਹੈ।
ਪਹਿਲੀ ਕਿਸ਼ਤ ਲਵਾਈ ਤੋਂ 7 ਦਿਨਾਂ ਤੱਕ, ਦੂਜੀ ਲਵਾਈ ਤੋਂ 21 ਦਿਨਾਂ ਤੇ, ਤੀਜੀ ਕਿਸ਼ਤ ਘੱਟ ਸਮਾਂ ਲੈਣ ਵਾਲੇ ਪੀ.ਆਰ. 126 ਵਿੱਚ ਲਵਾਈ ਤੋਂ 35 ਦਿਨਾਂ ਤੇ ਅਤੇ ਬਾਕੀ ਸਾਰੀਆਂ ਕਿਸਮਾਂ ਵਿੱਚ 42 ਦਿਨਾਂ ਤੇ ਪਾਉਣ ਨੂੰ ਕਿਹਾ। ਕੈਂਪ ਵਿੱਚ ਮਾਹਰਾਂ ਨੇ ਕਿਸਾਨਾਂ ਨੂੰ ਕਿਹਾ ਕਿ ਦੂਜੀ ਅਤੇ ਤੀਜੀ ਕਿਸ਼ਤ ਖੇਤ ਵਿੱਚ ਉਦੋਂ ਪਾਓ ਜਦੋਂ ਖੇਤ ਵਿੱਚ ਠੂਠੀ ਚੱਪਣੀ ਪਾਣੀ ਹੋਵੇ। ਪਾਣੀ ਖਾਦ ਪਾਉਣ ਤੋਂ ਤੀਜੇ ਦਿਨ ਲਾਇਆ ਜਾਵੇ ਤਾਂ ਜੋ ਝੋਨੇ ਦੇ ਬੂਟਿਆਂ ਨੂੰ ਖਾ ਲੈਣ ਵਿੱਚ ਵੱਧ ਸਮਾਂ ਮਿਲ ਸਕੇ।
ਕੈਂਪ ਦੌਰਾਨ ਨਰਮੇ ਦੀ ਫਸਲ ਬਾਰੇ ਜਾਣਕਾਰੀ ਦਿੰਦੇ ਹੋਏ ਮਾਹਿਰਾਂ ਨੇ ਦੱਸਿਆ ਕਿ ਫਸਲ ਨੂੰ 120 ਕਿਲੋ ਯੂਰੀਆ ਪ੍ਰਤੀ ਏਕੜ ਦੀ ਸਿਫਾਰਿਸ਼ ਕੀਤੀ ਜਾਂਦੀ ਹੈ। ਨਰਮੇ ਦੀ ਫਸਲ ਤੋਂ ਵੱਧ ਝਾੜ ਲੈਣ ਲਈ ਯੂਰੀਆ ਖਾਦ ਦੀ ਸੁਚੱਜੀ ਵਰਤੋਂ ਕਰਨ ਲਈ ਇਸ ਨੂੰ ਕਿਸ਼ਤਾਂ ਵਿੱਚ ਵੰਡ ਕੇ ਪਾਇਆ ਜਾਵੇ। ਮਾੜੇ ਵਾਹਣਾਂ ਵਿੱਚ ਇੱਕ ਤਿਹਾਈ ਖਾਦ ਜੋ ਕਿਸਾਨ ਬਿਜਾਈ ਮੌਕੇ ਪਾ ਚੁੱਕੇ ਹਨ, ਇਸ ਤੋਂ ਬਾਅਦ ਯੂਰੀਆ ਦੀ ਅਗਲੀ ਕਿਸ਼ਤ ਬੂਟੇ ਵਿਰਲੇ ਕਰਨ ਸਮੇਂ ਜਾਂ ਜਦੋਂ ਨਰਮਾ ਗੋਡੇ-ਗੋਡੇ ਹੋ ਗਿਆ ਹੋਵੇ ਉਦੋਂ ਪਾ ਦਿੱਤੀ ਜਾਵੇ ਅਤੇ ਆਖਰੀ ਕਿਸ਼ਤ ਫੁੱਲ ਨਿਕਲਣ ਸਮੇਂ ਜਾਂ ਨਰਮੇ ਨੇ ਫੁੱਲ-ਫਲਾਕਾ ਚੱਕ ਲਿਆ ਹੋਵੇ ਉਦੋਂ ਪਾਈ ਜਾਵੇ। ਨਰਮੇ ਦੀ ਫਸਲ ਤੋਂ ਵੱਧ ਝਾੜ ਲੈਣ ਲਈ ਦੋ ਪ੍ਰਤੀਸ਼ਤ ਪੋਟਾਸ਼ੀਅਮ ਨਾਈਟਰੇਟ ਦਾ ਘੋਲ (ਦੋ ਕਿਲੋ 100 ਲੀਟਰ ਪਾਣੀ ਵਿੱਚ ਪ੍ਰਤੀ ਕਿੱਲੇ ਦੇ ਹਿਸਾਬ ਨਾਲ) ਤਿਆਰ ਕਰਕੇ ਫੁੱਲਾਂ ਤੋਂ ਸ਼ੁਰੂ ਹੋ ਕੇ ਇੱਕ ਹਫਤੇ ਦੇ ਵਖਵੇ ਤੇ ਚਾਰ ਵਾਰ ਛਿੜਕਾ ਕੀਤਾ ਜਾਵੇ।
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ