
ਚੰਡੀਗੜ੍ਹ, 18 ਜੁਲਾਈ (ਹਿੰ.ਸ.)| ਪੰਜਾਬ ਵਿੱਚ ਜੂਨ ਮਹੀਨੇ ਦੌਰਾਨ ਬਿਜਲੀ ਦੀ ਮੰਗ ਹੁਣ ਤੱਕ ਦੇ ਸਭ ਤੋਂ ਉੱਚੇ ਪੱਧਰ ’ਤੇ ਪਹੁੰਚ ਗਈ ਹੈ। ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਅੰਕੜਿਆਂ ਮੁਤਾਬਕ ਪਿਛਲੇ ਪੰਜ ਸਾਲਾਂ ਦੌਰਾਨ ਜੂਨ ਮਹੀਨੇ ਦੀ ਵੱਧ ਤੋਂ ਵੱਧ ਬਿਜਲੀ ਮੰਗ ਵਿੱਚ ਕਰੀਬ 20 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ।
ਪੰਜਾਬ ਵਿੱਚ ਹਰ ਸਾਲ ਜੂਨ ਦੌਰਾਨ ਝੋਨੇ ਦੀ ਲਵਾਈ ਦਾ ਸੀਜ਼ਨ ਸ਼ੁਰੂ ਹੁੰਦਾ ਹੈ। ਖੇਤਾਂ ਦੀ ਸਿੰਚਾਈ ਲਈ ਟਿਊਬਵੈੱਲ ਵੱਡੀ ਗਿਣਤੀ ਵਿੱਚ ਚਲਾਏ ਜਾਂਦੇ ਹਨ, ਜਿਸ ਕਾਰਨ ਖੇਤੀਬਾੜੀ ਖੇਤਰ ਦੇ ਨਾਲ-ਨਾਲ ਘਰੇਲੂ ਅਤੇ ਉਦਯੋਗਿਕ ਬਿਜਲੀ ਖਪਤ ਵਿੱਚ ਵੀ ਵਾਧਾ ਹੋ ਜਾਂਦਾ ਹੈ। ਇਸ ਵਾਰ ਭਿਆਨਕ ਗਰਮੀ ਅਤੇ ਲੂ ਦੇ ਵੱਧ ਦਿਨਾਂ ਕਾਰਨ ਏਸੀ, ਕੂਲਰ, ਫਰਿੱਜ ਅਤੇ ਪੱਖਿਆਂ ਦੀ ਵਰਤੋਂ ਵੀ ਕਾਫੀ ਵਧੀ ਹੈ।
ਪੀਐਸਪੀਸੀਐਲ ਦੇ ਅੰਕੜਿਆਂ ਅਨੁਸਾਰ ਜੂਨ 2022 ਵਿੱਚ ਪੰਜਾਬ ਵਿੱਚ ਵੱਧ ਤੋਂ ਵੱਧ ਬਿਜਲੀ ਮੰਗ 14,358 ਮੈਗਾਵਾਟ ਸੀ, ਜੋ ਇਸ ਸਾਲ ਵਧ ਕੇ 17,147 ਮੈਗਾਵਾਟ ਤੱਕ ਪਹੁੰਚ ਗਈ ਹੈ। ਪਿਛਲੇ ਪੰਜ ਦਿਨਾਂ ਤੋਂ ਸੂਬੇ ਵਿੱਚ ਵੱਧ ਤੋਂ ਵੱਧ ਬਿਜਲੀ ਮੰਗ ਲਗਾਤਾਰ 17 ਹਜ਼ਾਰ ਮੈਗਾਵਾਟ ਦੇ ਕਰੀਬ ਬਣੀ ਹੋਈ ਹੈ। ਬਿਜਲੀ ਦੀ ਰੋਜ਼ਾਨਾ ਸਪਲਾਈ ਵਿੱਚ ਵੀ 10 ਫੀਸਦੀ ਤੋਂ ਵੱਧ ਦਾ ਵਾਧਾ ਦਰਜ ਕੀਤਾ ਗਿਆ ਹੈ। ਇਸ ਸਾਲ 29 ਜੂਨ ਨੂੰ ਵੱਧ ਤੋਂ ਵੱਧ ਬਿਜਲੀ ਸਪਲਾਈ 3,862 ਲੱਖ ਯੂਨਿਟ ਰਹੀ, ਜਦਕਿ 96 ਲੱਖ ਯੂਨਿਟ ਦੀ ਕਮੀ ਦਰਜ ਕੀਤੀ ਗਈ। ਇਸ ਤਰ੍ਹਾਂ ਕੁੱਲ ਮੰਗ ਕਰੀਬ 3,958 ਲੱਖ ਯੂਨਿਟ ਰਹੀ।
ਇਸੇ ਤਰ੍ਹਾਂ 30 ਜੂਨ ਨੂੰ 3,820 ਲੱਖ ਯੂਨਿਟ ਬਿਜਲੀ ਦੀ ਸਪਲਾਈ ਕੀਤੀ ਗਈ, ਜਦਕਿ 160.7 ਲੱਖ ਯੂਨਿਟ ਦੀ ਘਾਟ ਰਹੀ। ਇਸ ਦਿਨ ਕੁੱਲ ਬਿਜਲੀ ਮੰਗ ਕਰੀਬ 3,985 ਲੱਖ ਯੂਨਿਟ ਦਰਜ ਕੀਤੀ ਗਈ। ਅੰਕੜਿਆਂ ਮੁਤਾਬਕ ਸਾਲ 2022 ਵਿੱਚ ਵੱਧ ਤੋਂ ਵੱਧ ਬਿਜਲੀ ਮੰਗ 16,818 ਮੈਗਾਵਾਟ ਅਤੇ ਵੱਧ ਤੋਂ ਵੱਧ ਰੋਜ਼ਾਨਾ ਸਪਲਾਈ 3,466 ਲੱਖ ਯੂਨਿਟ ਰਹੀ ਸੀ। ਸਾਲ 2023 ਵਿੱਚ ਮੰਗ 16,078 ਮੈਗਾਵਾਟ ਅਤੇ ਸਪਲਾਈ 3,563 ਲੱਖ ਯੂਨਿਟ ਦਰਜ ਕੀਤੀ ਗਈ, ਜਦਕਿ 2024 ਵਿੱਚ ਵੱਧ ਤੋਂ ਵੱਧ ਮੰਗ 15,307 ਮੈਗਾਵਾਟ ਰਹੀ।
ਉੱਤਰੀ ਗਰਿੱਡ ਤੋਂ ਪੰਜਾਬ ਲਈ ਵੱਧ ਤੋਂ ਵੱਧ ਨਿਰਧਾਰਤ ਬਿਜਲੀ ਨਿਕਾਸੀ ਸਮਰੱਥਾ 10,700 ਮੈਗਾਵਾਟ ਹੈ, ਪਰ ਕਈ ਵਾਰ ਅਸਲ ਨਿਕਾਸੀ 11,100 ਮੈਗਾਵਾਟ ਤੱਕ ਪਹੁੰਚ ਜਾਂਦੀ ਹੈ। ਆਮ ਹਾਲਾਤਾਂ ਵਿੱਚ ਸੂਬੇ ਅੰਦਰ ਬਿਜਲੀ ਉਤਪਾਦਨ ਕਰੀਬ 6,500 ਮੈਗਾਵਾਟ ਤੱਕ ਸੀਮਤ ਰਹਿੰਦਾ ਹੈ। ਆਲ ਇੰਡੀਆ ਪਾਵਰ ਇੰਜੀਨੀਅਰਜ਼ ਫੈਡਰੇਸ਼ਨ ਦੇ ਬੁਲਾਰੇ ਵੀਕੇ ਗੁਪਤਾ ਨੇ ਕਿਹਾ ਕਿ ਜਲਵਾਯੂ ਪਰਿਵਰਤਨ ਕਾਰਨ ਗਰਮੀ ਅਤੇ ਲੂ ਵਾਲੇ ਦਿਨ ਵੱਧ ਰਹੇ ਹਨ, ਜਿਸ ਨਾਲ ਬਿਜਲੀ ਉਪਕਰਨਾਂ ਦੀ ਵਰਤੋਂ ਵਧ ਰਹੀ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਬਿਜਲੀ ਦੀ ਮੰਗ ਹੋਰ ਵਧਣ ਦੀ ਸੰਭਾਵਨਾ ਹੈ, ਇਸ ਲਈ ਸਰਕਾਰਾਂ ਨੂੰ ਲੰਬੇ ਸਮੇਂ ਲਈ ਢੁੱਕਵੇਂ ਹੱਲ ਤਿਆਰ ਕਰਨ ਦੀ ਲੋੜ ਹੈ।
ਹਿੰਦੂਸਥਾਨ ਸਮਾਚਾਰ / GURSHARAN SINGH