ਅਬੋਹਰ ਨੇੜੇ ਪੁਰਾਣੇ ਪਸ਼ੂ ਹਸਪਤਾਲ ਦੀ ਖੰਡਰ ਇਮਾਰਤ 'ਚੋਂ 27 ਸਾਲਾ ਨੌਜਵਾਨ ਦੀ ਲਾਸ਼ ਮਿਲੀ
ਅਬੋਹਰ, 23 ਜੁਲਾਈ (ਹਿੰ.ਸ.)| ਅਬੋਹਰ ਨੇੜੇ ਪਿੰਡ ਭਾਗੂ ਦੇ ਪੁਰਾਣੇ ਪਸ਼ੂ ਹਸਪਤਾਲ ਦੀ ਇਮਾਰਤ ਵਿੱਚੋਂ ਵੀਰਵਾਰ ਸਵੇਰੇ ਇੱਕ 27 ਸਾਲਾ ਨੌਜਵਾਨ ਦੀ ਲਾਸ਼ ਮਿਲੀ। ਮ੍ਰਿਤਕ ਦੀ ਪਛਾਣ ਮਨਦੀਪ ਸਿੰਘ ਪੁੱਤਰ ਸਵਰਗਵਾਸੀ ਭੱਪਾ, ਵਾਸੀ ਪਿੰਡ ਭਾਗੂ ਵਜੋਂ ਹੋਈ ਹੈ। ਜਾਣਕਾਰੀ ਮੁਤਾਬਕ ਮਨਦੀਪ ਸਿੰਘ ਪਿਛਲੇ ਕਰੀਬ ਪੰਜ ਦ
ਅਬੋਹਰ ਨੇੜੇ ਪੁਰਾਣੇ ਪਸ਼ੂ ਹਸਪਤਾਲ ਦੀ ਖੰਡਰ ਇਮਾਰਤ 'ਚੋਂ 27 ਸਾਲਾ ਨੌਜਵਾਨ ਦੀ ਲਾਸ਼ ਮਿਲੀ


ਅਬੋਹਰ, 23 ਜੁਲਾਈ (ਹਿੰ.ਸ.)| ਅਬੋਹਰ ਨੇੜੇ ਪਿੰਡ ਭਾਗੂ ਦੇ ਪੁਰਾਣੇ ਪਸ਼ੂ ਹਸਪਤਾਲ ਦੀ ਇਮਾਰਤ ਵਿੱਚੋਂ ਵੀਰਵਾਰ ਸਵੇਰੇ ਇੱਕ 27 ਸਾਲਾ ਨੌਜਵਾਨ ਦੀ ਲਾਸ਼ ਮਿਲੀ। ਮ੍ਰਿਤਕ ਦੀ ਪਛਾਣ ਮਨਦੀਪ ਸਿੰਘ ਪੁੱਤਰ ਸਵਰਗਵਾਸੀ ਭੱਪਾ, ਵਾਸੀ ਪਿੰਡ ਭਾਗੂ ਵਜੋਂ ਹੋਈ ਹੈ। ਜਾਣਕਾਰੀ ਮੁਤਾਬਕ ਮਨਦੀਪ ਸਿੰਘ ਪਿਛਲੇ ਕਰੀਬ ਪੰਜ ਦਿਨਾਂ ਤੋਂ ਸ਼ੱਕੀ ਹਾਲਾਤਾਂ ਵਿੱਚ ਲਾਪਤਾ ਸੀ। ਲਾਸ਼ ਕਈ ਦਿਨ ਪੁਰਾਣੀ ਹੋਣ ਕਾਰਨ ਕਾਫੀ ਖਰਾਬ ਹਾਲਤ ਵਿੱਚ ਸੀ।ਘਟਨਾ ਦਾ ਪਤਾ ਵੀਰਵਾਰ ਸਵੇਰੇ ਉਸ ਸਮੇਂ ਲੱਗਾ, ਜਦੋਂ ਪਿੰਡ ਦੇ ਪੁਰਾਣੇ ਪਸ਼ੂ ਹਸਪਤਾਲ ਦੀ ਸੁੰਨੀ ਪਈ ਇਮਾਰਤ ਵਿੱਚੋਂ ਤੇਜ਼ ਬਦਬੂ ਆਉਣ ਲੱਗੀ। ਜਦੋਂ ਪਿੰਡ ਵਾਸੀਆਂ ਨੇ ਬਦਬੂ ਵਾਲੀ ਥਾਂ 'ਤੇ ਜਾ ਕੇ ਦੇਖਿਆ ਤਾਂ ਅੰਦਰ ਨੌਜਵਾਨ ਦੀ ਲਾਸ਼ ਪਈ ਮਿਲੀ। ਪਿੰਡ ਵਾਸੀਆਂ ਨੇ ਤੁਰੰਤ ਇਸ ਦੀ ਜਾਣਕਾਰੀ ਪਿੰਡ ਦੇ ਸਰਪੰਚ ਕ੍ਰਿਸ਼ਨ ਕੁਮਾਰ ਨੂੰ ਦਿੱਤੀ, ਜਿਨ੍ਹਾਂ ਨੇ ਮਾਮਲੇ ਸਬੰਧੀ ਥਾਣਾ ਬਹਾਵਵਾਲਾ ਪੁਲਿਸ ਨੂੰ ਸੂਚਿਤ ਕੀਤਾ।ਸੂਚਨਾ ਮਿਲਦੇ ਹੀ ਏਐੱਸਆਈ ਸੁਖਮੰਦਰ ਸਿੰਘ ਪੁਲਿਸ ਟੀਮ ਸਮੇਤ ਮੌਕੇ 'ਤੇ ਪਹੁੰਚੇ। ਨਰ ਸੇਵਾ ਨਾਰਾਇਣ ਸੇਵਾ ਸਮਿਤੀ ਦੇ ਮੈਂਬਰਾਂ ਬਿੱਟੂ ਨਰੂਲਾ ਅਤੇ ਸੋਨੂੰ ਗਰੋਵਰ ਦੀ ਮਦਦ ਨਾਲ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਦੀ ਮੋਰਚਰੀ ਵਿੱਚ ਰਖਵਾਇਆ ਗਿਆ।ਘਟਨਾ ਦੀ ਜਾਣਕਾਰੀ ਮਿਲਦੇ ਹੀ ਮ੍ਰਿਤਕ ਦੇ ਪਰਿਵਾਰਕ ਮੈਂਬਰ ਪਹੁੰਚੇ। ਪਰਿਵਾਰ ਨੇ ਦੱਸਿਆ ਕਿ ਮਨਦੀਪ ਸਿੰਘ ਅਣਵਿਆਹਿਆ ਸੀ ਅਤੇ ਉਸ ਦੇ ਪਿਤਾ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ। ਉਸ ਦੀ ਇੱਕ ਭੈਣ ਦੀ ਸ਼ਾਦੀ ਨੇੜਲੇ ਪਿੰਡ ਵਿੱਚ ਹੋਈ ਹੋਈ ਹੈ, ਜਦਕਿ ਮਨਦੀਪ ਆਪਣੇ ਪਿੰਡ ਵਿੱਚ ਆਪਣੀ ਬਜ਼ੁਰਗ ਮਾਂ ਨਾਲ ਰਹਿੰਦਾ ਸੀ। ਉਸ ਦੇ ਲਾਪਤਾ ਹੋਣ ਤੋਂ ਬਾਅਦ ਪਰਿਵਾਰ ਵੱਲੋਂ ਉਸ ਦੀ ਲਗਾਤਾਰ ਭਾਲ ਕੀਤੀ ਜਾ ਰਹੀ ਸੀ।ਪਿੰਡ ਵਿੱਚ ਚਰਚਾ ਹੈ ਕਿ ਮਨਦੀਪ ਨਸ਼ੇ ਦਾ ਆਦੀ ਸੀ, ਹਾਲਾਂਕਿ ਪੁਲਿਸ ਨੇ ਕਿਹਾ ਹੈ ਕਿ ਮੌਤ ਦੇ ਅਸਲ ਕਾਰਨਾਂ ਦਾ ਪਤਾ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਲੱਗੇਗਾ।ਪੁਲਿਸ ਅਧਿਕਾਰੀਆਂ ਮੁਤਾਬਕ ਲਾਸ਼ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ। ਰਿਪੋਰਟ ਤੋਂ ਬਾਅਦ ਹੀ ਸਪੱਸ਼ਟ ਹੋਵੇਗਾ ਕਿ ਮੌਤ ਕੁਦਰਤੀ ਕਾਰਨਾਂ, ਕਿਸੇ ਹਾਦਸੇ ਜਾਂ ਕਿਸੇ ਹੋਰ ਕਾਰਨ ਕਰਕੇ ਹੋਈ ਹੈ। ਫਿਲਹਾਲ ਪੁਲਿਸ ਵੱਲੋਂ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ ਅਤੇ ਮਾਮਲੇ ਵਿੱਚ ਨਿਯਮਾਂ ਅਨੁਸਾਰ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।

ਹਿੰਦੂਸਥਾਨ ਸਮਾਚਾਰ / GURSHARAN SINGH


 rajesh pande